Skip to content
Tuesday, September 15, 2026 Weather · Surrey, BC
ਪੰਜਾਬ ਗਾਰਡੀਅਨ
The Punjab Guardian
Surrey, British Columbia · Est. 2016 · Weekly
Sections ਤਾਜ਼ਾ ਖ਼ਬਰਾਂਪੰਜਾਬਕੈਨੇਡਾਅਮਰੀਕਾਭਾਰਤਦੁਨੀਆਖੇਡਾਂਮਨੋਰੰਜਨਕਾਰੋਬਾਰਧਰਮਸ਼ਰਧਾਂਜਲੀ
ਪੰਜਾਬ Punjab

ਗਿਆਨੀ ਗੁਰਮੁੱਖ ਸਿੰਘ ਦੀ ਮੁੜ ਬਹਾਲੀ ਨੇ ਛੇੜੀ ਪੰਥਕ ਸਫ਼ਾਂ ‘ਚ ਨਵੀਂ ਚਰਚਾ

By uscreative Published 4 min read

ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ”ਤੋੜ” ਤਾਂ ਨਹੀਂ ਗਿਆਨੀ ਗੁਰਮੁੱਖ ਸਿੰਘ ਦੀ ਮੁੜ ਬਹਾਲੀ..?
ਸੌਦਾ ਸਾਧ ਤੇ ਬਾਦਲਾਂ ਦੀ ਯਾਰੀ ਬੇਪਰਦ ਕਰਨ ਵਾਲੇ ਗਿਆਨੀ ਗੁਰਮੁੱਖ ਸਿੰਘ ਹੁਣ ਕਿਤੇ ਇਹ ਨਾ ਕਹਿ ਦੇਣ ਬਾਦਲ ਪਰਿਵਾਰ ਸਭ ਤੋਂ ”ਪਾਕ”

ਬਠਿੰਡਾ (ਅਨਿਲ ਵਰਮਾ) : ਸ਼੍ਰੋਮਣੀ ਕਮੇਟੀ ਦੇ ਮੁਲਾਜਮਾਂ ਲਈ ਗੁਰਦੁਆਰਾ ਸਾਹਿਬ ਧਮਧਾਨ ਸਾਹਿਬ ਦੀ ਬਦਲੀ ”ਕਾਲਾ ਪਾਣੀ ਦੀ ਸਜਾ” ਕਿਹਾ ਜਾਂਦਾ ਹੈ ਤੇ ਉਹ ਦੋ ਸਾਲ ਦੀ ਸਜਾ ਭੁਗਤਦੇ ਹੋਏ ਆਖਰ ਸ਼੍ਰੋਮਣੀ ਕਮੇਟੀ ਦੇ ਉਹ ਮੁਲਾਜ਼ਮ ਗਿਆਨੀ ਗੁਰਮੁੱਖ ਸਿੰਘ ਸਾਬਕਾ ਜਥੇਦਾਰ ਤਖ਼ਤ ਸ਼੍ਰੀ ਦਮਦਮਾ ਸਾਹਿਬ ਜਿਸ ਦੇ ਕੁਆਟਰ ਦਾ ਕਨੈਕਸ਼ਨ ਵੀ ਕੱਟ ਦਿੱਤਾ ਤੇ ਆਖਰ ਉਹੀ ਮਾਲਕ ਅੱਜ ਦੁਬਾਰਾ ਸ਼੍ਰੋਮਣੀ ਕਮੇਟੀ ਦੇ ਸਿਰ ‘ਤੇ ਆ ਬੈਠ ਗਿਆ ਹੈ? ਆਖਰ ਗਿਆਨੀ ਗੁਰਮੁੱਖ ਸਿੰਘ ਦੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਵਜੋਂ ਦੁਬਾਰਾ ਨਿਯੁਕਤੀ ਕਿਹੜੀਆਂ ਸ਼ਰਤਾਂ ‘ਤੇ ਹੋਈ ਇਹ ਸਵਾਲ ਪੰਥਕ ਸਫਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ? ਕਿਉਂਕਿ ਸੰਗਤਾਂ ਦੀਆਂ ਭਾਵਨਾਵਾਂ ਨੂੰ ਆਹਤ ਕਰਨ ਵਾਲੇ ਸੌਦਾ ਸਾਧ ਨੂੰ ਬਾਦਲ ਪਰਿਵਾਰ ਦੇ ਕਹਿਣ ਤੇ ਮੁਆਫੀਨਾਮੇ ਤੇ ਦਸਤਖਤ ਕਰਨ ਵਾਲੇ ਗਿਆਨੀ ਗੁਰਮੁੱਖ ਸਿੰਘ ਨੇ ਜਦੋਂ ”ਸੌਦਾ ਸਾਧ ਤੇ ਬਾਦਲਾਂ ਦੀ ਯਾਰੀ” ਬੇਪਰਦ ਕੀਤੀ ਸੀ ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਜਥੇਦਾਰੀ ਤੋਂ ਲਾਂਭੇ ਕੀਤਾ ਗਿਆ ਤੇ ਫਿਰ ਹੈੱਡ ਗ੍ਰੰਥੀ ਦੇ ਅਹੁਦੇ ਤੋਂ ਤਬਾਦਲਾ ਕਰਦੇ ਹੋਏ ਧਮਧਾਨ ਸਾਹਿਬ ਭੇਜ ਦਿੱਤਾ ਤੇ ਕੁਆਟਰ ਖਾਲੀ ਕਰਵਾਉਣ ਲਈ ਵੀ ਰੱਜ ਕੇ ਜਲੀਲ ਕੀਤਾ ਗਿਆ? ਪਰ ਰਾਤੋਂ ਰਾਤ ਅਜਿਹੇ ਕੀ ਹਾਲਾਤ ਬਣੇ ਕਿ ਰਾਤ 10 ਵਜੇ ਗਿਆਨੀ ਗੁਰਮੁੱਖ ਸਿੰਘ ਨੇ ਬਤੌਰ ਹੈੱਡ ਗ੍ਰੰਥੀ ਦੁਬਾਰਾ ਕਾਰਜਭਾਰ ਸੰਭਾਲ ਲਿਆ? ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਪ੍ਰਬੰਧਕਾਂ ਲਈ ਵੀ ਇਹ ਨਿਯੁਕਤੀ ਇੱਕ ਸਬਕ ਹੈ ਕਿ ਕਿਵੇਂ ਸ਼੍ਰੋਮਣੀ ਕਮੇਟੀ ਵਿੱਚ ਬਾਦਲ ਪਰਿਵਾਰ ਦਾ ”ਲਿਫਾਫਾ ਕਲਚਰ” ਅੱਜ ਵੀ ਕਾਇਮ ਹੈ?

ਪਹਿਰੇਦਾਰ ਵੱਲੋਂ ਇਕੱਤਰ ਕੀਤੀ ਜਾਣਕਾਰੀ, ਖੂਫੀਆ ਵਿਭਾਗ ਦੀਆਂ ਮਿਲੀਆਂ ਰਿਪੋਰਟਾਂ, ਸ਼੍ਰੋਮਣੀ ਕਮੇਟੀ ਦੇ ਉੱਚ ਅਹੁਦਿਆਂ ਤੇ ਵਿਰਾਜਮਾਨ ਪਹਿਰੇਦਾਰ ਹਿਤੈਸ਼ੀ ਆਗੂਆਂ ਨਾਲ ਹੋਈ ਗੱਲਬਾਤ ਦੌਰਾਨ ਇਹ ਗੱਲ ਪ੍ਰਮੁੱਖਤਾ ਨਾਲ ਸਾਹਮਣੇ ਆਈ ਹੈ ਕਿ ਗਿਆਨੀ ਗੁਰਮੁੱਖ ਸਿੰਘ ਦੀ ਮੁੜ ਬਹਾਲੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਲਈ ਬਣੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ”ਤੋੜ” ਹੈ ਕਿਉਂਕਿ ਉਸ ਰਿਪੋਰਟ ਵਿੱਚ ਬੇਅਦਬੀ ਘਟਨਾਵਾਂ ਲਈ ਜਿੱਥੇ ਸਿੱਧੇ ਤੌਰ ਤੇ ਸੌਦਾ ਸਾਧ ਦੇ ਚੇਲਿਆਂ ਨੂੰ ਦੋਸ਼ੀ ਠਹਿਰਾਇਆ ਗਿਆ ਹੈ ਉਥੇ ਹੀ ਉਹਨਾਂ ਨੂੰ ਸ਼ਹਿ ਦੇਣ ਲਈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਜਿੰਮੇਵਾਰ ਠਹਿਰਾਇਆ ਗਿਆ ਹੈ ਜਿਸ ਕਰਕੇ ਬਾਦਲ ਪਰਿਵਾਰ ਨੇ ਆਉਂਦੇ ਸਮੇਂ ਵਿੱਚ ਉਸ ਰਿਪੋਰਟ ਦੇ ਜਨਤਕ ਹੋਣ ਵੇਲੇ ਆਪਣੇ ਆਪ ਨੂੰ ਦੋਸ਼ੀ ਹੋਣ ਦੇ ਲੱਗਣ ਵਾਲੇ ਦੋਸ਼ਾਂ ਤੋਂ ਬਚਾਉਣ ਲਈ ਗਿਆਨੀ ਗੁਰਮੁੱਖ ਸਿੰਘ ਨੂੰ ਮੁੜ ਉਸੇ ਅਹੁਦੇ ਤੇ ਬਹਾਲ ਕਰ ਦਿੱਤਾ ਹੈ ਤੇ ਇਹ ਵੀ ਲਾਲਚ ਦਿੱਤਾ ਹੈ ਕਿ ਆਉਂਦੇ ਸਮੇਂ ਵਿੱਚ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਵੀ ਤੋਹਫੇ ਵਜੋਂ ਦਿੱਤੀ ਜਾਵੇਗੀ? ਕਿਉਂਕਿ ਸੌਦਾ ਸਾਧ ਨੂੰ ਮੁਆਫੀ ਦੇਣ ਲਈ ਉਹਨਾਂ ਨੂੰ ਤਖਤ ਸ਼੍ਰੀ ਦਮਦਮਾ ਸਾਹਿਬ ਦੀ ਜਥੇਦਾਰੀ ਤੋਹਫੇ ਵਜੋਂ ਦਿੱਤੀ ਗਈ ਸੀ?

ਇੱਥੇ ਦੱਸਣਯੋਗ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਪ੍ਰਤੀ ਬਾਦਲ ਸਰਕਾਰ ਦੀ ਮਾੜੀ ਕਾਰਗੁਜਾਰੀ ਤੇ ਸੌਦਾ ਸਾਧ ਨੂੰ ਮੁਆਫੀ ਦੇਣ ਦਾ ਵਿਵਾਦ ਸਾਹਮਣੇ ਲਿਆਉਣ ਸਬੰਧੀ ਗਿਆਨੀ ਗੁਰਮੁੱਖ ਸਿੰਘ ਨੇ ਆਪਣੇ ਦਿੱਤੇ ਸਾਰੇ ਬਿਆਨ ਅਤੇ ਪੂਰੀ ਕਾਰਵਾਈ ਬਤੌਰ ਐਫੀਡੈਵਿਟ ਜਸਵਿਸ ਰਣਜੀਤ ਸਿੰਘ ਕਮਿਸ਼ਨ ਨੂੰ ਜਮ੍ਹਾਂ ਕਰਵਾਏ ਜਾ ਚੁੱਕੇ ਹਨ ਤੇ ਇਹ ਸਾਰੇ ਬਿਆਨ ਉਹਨਾਂ ਦੇ ਭਰਾ ਤੇ ਬਤੌਰ ਪੀਏ ਕੰਮਕਾਜ ਸਾਂਭਣ ਵਾਲੇ ਸ਼੍ਰੋਮਣੀ ਕਮੇਟੀ ਦੇ ਹੀ ਮੁਲਾਜ਼ਮ ਹੇਮੰਤ ਸਿੰਘ ਵੱਲੋਂ ਜਮ੍ਹਾਂ ਕਰਵਾਏ ਗਏ ਸਨ, ਜਿਹਨਾਂ ਬਿਆਨਾਂ ਵਿੱਚ ਗਿਆਨੀ ਗੁਰਮੁੱਖ ਸਿੰਘ ਨੇ ਇਹ ਸਾਬਤ ਕੀਤਾ ਸੀ ਕਿ ਜੋ ਕੁੱਝ ਹੋਇਆ ਉਹ ਬਾਦਲ ਪਰਿਵਾਰ ਦੇ ਕਹਿਣ ਤੇ ਹੋਇਆ ਹੈ, ਜਿਸ ਕਰਕੇ ਹੁਣ ਗਿਆਨੀ ਗੁਰਮੁੱਖ ਸਿੰਘ ਦੁਬਾਰਾ ਮਿਲੇ ਮਾਨ ਸਨਮਾਨ ਦੇ ਮੱਦੇਨਜ਼ਰ ਬਾਦਲ ਪਰਿਵਾਰ ਖਿਲਾਫ ਦਿੱਤੇ ਬਿਆਨ ਬਦਲ ਵੀ ਸਕਦੇ ਹਨ? ਕਿਤੇ ਗੁਰਮੁੱਖ ”ਸਿਉਂ” ਇਹ ਵੀ ਬਿਆਨ ਨਾ ਦੇ ਦੇਣ ਕਿ ”ਬਾਦਲ ਪਰਿਵਾਰ ਸਭ ਤੋਂ ”ਪਾਕ” ਪਰਿਵਾਰ ਹੈ” ਜਿਹਨਾ ਨੇ ਕੌਮ ਦੇ ਹਿੱਤਾਂ ਲਈ ਹੀ ਪਹਿਰੇਦਾਰੀ ਕੀਤੀ। ਹੁਣ ਦੇਖਣਾ ਹੋਵੇਗਾ ਕਿ ਆਉਂਦੇ ਸਮੇਂ ਵਿੱਚ ਇਸ ਮੁੜ ਬਹਾਲੀ ਲਈ ਹੋਈਆਂ ਸ਼ਰਤਾਂ ਦਾ ਸੱਚ ਬਾਹਰ ਕੀ ਆਉਂਦਾ ਹੈ?

uscreative Punjab Guardian · Surrey
ਸੰਬੰਧਿਤ ਖ਼ਬਰਾਂ Related ਪੰਜਾਬ Punjab →
Share on WhatsApp