ਜਾਗਰਣ ਬਿਊਰੋ, ਨਵੀਂ ਦਿੱਲੀ : ਜਾਤੀ ਆਧਾਰਤ ਮਰਦਮਸ਼ੁਮਾਰੀ ਦਾ ਮੁੱਦਾ ਉਛਾਲ ਕੇ ਸਮਾਜਿਕ ਨਿਆਂ ਦੀਆਂ ਪੈਰੋਕਾਰ ਬਣੀਆਂ ਵਿਰੋਧੀ ਧਿਰਾਂ ਨੂੰ ਕਟਹਿਰੇ ’ਚ ਖੜ੍ਹਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਕਾਸਵਾਦ ਦੀ ਆਪਣੀ ਰਾਜਨੀਤੀ ਅਤੇ ਚੋਣ ਰਣਨੀਤੀ ਦਾ ਸਪੱਸ਼ਟ ਸੰਦੇਸ਼ ਦਿੱਤਾ। ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਲਾਭਪਾਤਰੀਆਂ ਨਾਲ ਵਰਚੂਅਲ ਸੰਵਾਦ ’ਚ ਉਨ੍ਹਾਂ ਸਪੱਸ਼ਟ ਕਿਹਾ ਕਿ ਗ਼ਰੀਬ, ਨੌਜਵਾਨ, ਔਰਤਾਂ ਤੇ ਕਿਸਾਨ ਹੀ ਉਨ੍ਹਾਂ ਲਈ ਸਭ ਤੋਂ ਵੱਡੀਆਂ ਚਾਰ ਜਾਤਾਂ ਹਨ। ਇਨ੍ਹਾਂ ਨੂੰ ਲੈ ਕੇ ਆਪਣੀ ਪ੍ਰਤੀਬੱਧਤਾ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਤੱਕ ਇਨ੍ਹਾਂ ਚਾਰ ਜਾਤਾਂ ਨੂੰ ਮੁਸ਼ਕਲਾਂ ’ਚੋਂ ਉਭਾਰ ਨਹੀਂ ਦਿੰਦਾ, ਮੈਂ ਚੈਨ ਨਾਲ ਨਹੀਂ ਬੈਠਣ ਵਾਲਾ। ਉਨ੍ਹਾਂ ਨੇ ਸਮਾਜਿਕ ਨਿਆਂ ਨੂੰ ਵੀ ਆਪਣੇ ਸ਼ਬਦਾਂ ’ਚ ਪਰਿਭਾਸ਼ਤ ਕੀਤਾ ਕਿ ਨਾਗਰਿਕਾਂ ਨੂੰ ਉਨ੍ਹਾਂ ਦਾ ਹੱਕ ਦੇਣਾ ਹੀ ਸੁਭਾਵਿਕ ਅਤੇ ਸੱਚਾ ਸਮਾਜਿਕ ਨਿਆਂ ਹੈ।

ਉਨ੍ਹਾਂ ਨੇ ਵੀਰਵਾਰ ਨੂੰ ਝਾਰਖੰਡ ਦੇ ਦੇਵਘਰ ਏਮਜ਼ ’ਚ ਦਸ ਹਜ਼ਾਰ ਜਨ ਔਸ਼ਧੀ ਕੇਂਦਰ ਲੋਕ ਅਰਪਣ ਕਰਨ ਦੇ ਨਾਲ ਹੀ ਜਨ ਔਸ਼ਧੀ ਕੇਂਦਰਾਂ ਦੀ ਗਿਣਤੀ 10 ਹਜ਼ਾਰ ਤੋਂ ਵਧਾ ਕੇ 25 ਹਜ਼ਾਰ ਕਰਨ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਅਗਲੇ ਤਿੰਨ ਸਾਲਾਂ ’ਚ 15 ਹਜ਼ਾਰ ਮਹਿਲਾ ਸਵੈ-ਸੇਵੀ ਸਮੂਹਾਂ ਨੂੰ ਖੇਤੀ ਕੰਮਾਂ ਲਈ ਪ੍ਰਧਾਨ ਮੰਤਰੀ ਕਿਸਾਨ ਮਹਿਲਾ ਡ੍ਰੋਨ ਕੇਂਦਰ ਦੀ ਵੀ ਸ਼ੁਰੂਆਤ ਕੀਤੀ। ਇਨ੍ਹਾਂ ਦੋਵੇਂ ਹੀ ਯੋਜਨਾਵਾਂ ਦਾ ਐਲਾਨ ਉਨ੍ਹਾਂ ਨੇ ਇਸ ਵਾਰ ਆਜ਼ਾਦੀ ਦਿਹਾੜੇ ਮੌਕੇ ਲਾਲ ਕਿਲੇ੍ਹ ਤੋਂ ਕੀਤਾ ਸੀ।

ਪਿੰਡ-ਪਿੰਡ ਕੀਤੀ ਜਾ ਰਹੀ ਕੇਂਦਰ ਸਰਕਾਰ ਦੀ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਲਾਭਪਾਤਰੀਆਂ ਨਾਲ ਸੰਵਾਦ ’ਚ ਕਿਹਾ ਕਿ ਇਸ ਯਾਤਰਾ ਦੇ ਰਥ ਨੂੰ ਕੁਝ ਪਿੰਡ ਵਾਲਿਆਂ ਨੇ ‘ਮੋਦੀ ਦੀ ਗਾਰੰਟੀ ਵਾਲੀ ਗੱਡੀ’ ਨਾਂ ਦੇ ਦਿੱਤਾ ਹੈ। ਇਸ ਯਾਤਰਾ ਰਹੀਂ ਸਰਕਾਰ ਉਨ੍ਹਾਂ ਦਾ ਫੀਡਬੈਕ ਲੈ ਰਹੀ ਹੈ। ਜਿਨ੍ਹਾਂ ਨੂੰ ਯੋਜਨਾਵਾਂ ਦਾ ਲਾਭ ਮਿਲਿਆ ਹੈ ਤੇ ਜਿਨ੍ਹਾਂ ਨੂੰ ਨਹੀਂ ਮਿਲਿਆ, ਉਨ੍ਹਾਂ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ ਤਾਂ ਕਿ ਅਗਲੇ ਪੰਜ ਸਾਲਾਂ ’ਚ ਉਨ੍ਹਾਂ ਦਾ ਲਾਭ ਦਿਵਾਇਆ ਜਾਵੇ। ਉਨ੍ਹਾਂ ਕਿਹਾ ਕਿ ਯਾਤਰਾ ਪ੍ਰਤੀ ਜਨਤਾ ਦਾ ਇਹ ਉਤਸ਼ਾਹ ਅਚਾਨਕ ਨਹੀਂ ਹੈ। ਲੋਕਾਂ ਨੇ ਪਿਛਲੇ ਦਸ ਸਾਲ ਮੋਦੀ ਅਤੇ ਉਨ੍ਹਾਂ ਦੇ ਕੰਮਾਂ ਨੂੰ ਦੇਖਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕਾਂ ਨੇ ਉਹ ਦੌਰ ਵੀ ਦੇਖਿਆ ਹੈ, ਜਦੋਂ ਸਰਕਾਰਾਂ ਖ਼ੁਦ ਨੂੰ ਜਨਤਾ ਦਾ ਮਾਈ-ਬਾਪ ਸਮਝਦੀਆਂ ਸਨ। ਇਸ ਕਾਰਨ ਜਨਤਾ ਆਜ਼ਾਦੀ ਤੋਂ ਦਹਾਕਿਆਂ ਬਾਅਦ ਵੀ ਮੁੱਢਲੀਆਂ ਸਹੂਲਤਾਂ ਤੋਂ ਵਾਂਝੀ ਰਹੀ। ਵਿਚੋਲਿਆਂ ਤੇ ਰਿਸ਼ਵਤ ਤੋਂ ਬਗ਼ੈਰ ਕੋਈ ਕੰਮ ਨਹੀਂ ਸੀ ਹੁੰਦਾ। ਸਰਕਾਰਾਂ ਨੂੰ ਸਿਰਫ਼ ਚੋਣਾਂ ਤੇ ਵੋਟ ਬੈਂਕ ਹੀ ਨਜ਼ਰ ਆਉਂਦਾ ਸੀ। ਨਿਰਾਸ਼ਾ ਦੀ ਸਥਿਤੀ ਨੂੰ ਸਾਡੀ ਸਰਕਾਰ ਨੇ ਬਦਲਿਆ ਹੈ। ਅੱਜ ਦੀ ਸਰਕਾਰ ਜਨਤਾ ਨੂੰ ਜਨਾਰਦਨ, ਭਗਵਾਨ ਦਾ ਰੂਪ ਮੰਨਦੀ ਹੈ। ਅੱਜ ਦੇਸ਼ ਕੁਸ਼ਾਸਨ ਨੂੰ ਪਿੱਛੇ ਛੱਡ ਕੇ ਸੁਸ਼ਾਸਨ ਵੱਲ ਵਧਿਆ ਹੈ। ਉਨ੍ਹਾਂ ਕਿਹਾ ਕਿ ਸੁਸ਼ਾਸਨ ਦਾ ਮਤਲਬ ਹੈ ਸੌ ਫ਼ੀਸਦੀ ਲਾਭ ਮਿਲਣਾ। ਸਰਕਾਰ ਨਾਗਰਿਕਾਂ ਦੀ ਜ਼ਰੂਰਤ ਨੂੰ ਸਮਝੇ ਤੇ ਉਨ੍ਹਾਂ ਨੂੰ ਉਨ੍ਹਾਂ ਦਾ ਹੱਕ ਦਿਵਾਏ, ਇਹੋ ਸੁਭਾਵਿਕ ਅਤੇ ਸੱਚਾ ਸਮਾਜਿਕ ਨਿਆਂ ਹੈ। ਵਿਕਸਿਤ ਭਾਰਤ ਦੇ ਸੰਕਲਪ ਨਾਲ ਜਨਤਾ ਨੂੰ ਜੋੜਦਿਆਂ ਉਨ੍ਹਾਂ ਕਿਹਾ ਕਿ ਇਹ ਸੰਕਲਪ ਚਾਰ ਥੰਮ੍ਹਾਂ ’ਤੇ ਟਿਕਿਆ ਹੈ। ਇਹ ਥੰਮ੍ਹ ਨਾਰੀ ਸ਼ਕਤੀ, ਨੌਜਵਾਨ ਸ਼ਕਤੀ, ਕਿਸਾਨ ਅਤੇ ਗ਼ਰੀਬ ਪਰਿਵਾਰ ਹਨ। ਉਨ੍ਹਾਂ ਕਿਹਾ ਕਿ ਗ਼ਰੀਬ ਚਾਹੇ ਉਹ ਜਨਮ ਤੋਂ ਕੁਝ ਵੀ ਹੋਵੇ, ਉਸ ਦਾ ਜੀਵਨ ਪੱਧਰ ਸੁਧਾਰਨਾ ਹੈ, ਉਸ ਨੂੰ ਗ਼ਰੀਬੀ ’ਚੋਂ ਕੱਢਣਾ ਹੈ। ਨੌਜਵਾਨ ਕਿਸੇ ਵੀ ਜਾਤ ਦਾ ਹੋਵੇ, ਉਸ ਨੂੰ ਰੁਜ਼ਗਾਰ, ਸਵੈ-ਰੁਜ਼ਗਾਰ ਦਾ ਮੌਕਾ ਦੇਣਾ ਹੈ। ਦੇਸ਼ ਦੀ ਕੋਈ ਵੀ ਔਰਤ ਹੋਵੇ, ਉਸ ਨੂੰ ਸਮਰੱਥ ਬਣਾਉਣਾ ਹੈ, ਜੀਵਨ ਦੀਆਂ ਮੁਸ਼ਕਲਾਂ ਘੱਟ ਕਰ ਕੇ ਉਸ ਦੇ ਸੁਪਨਿਆਂ ਨੂੰ ਖੰਭ ਦੇਣਾ ਹੈ। ਕਿਸਾਨ ਕੋਈ ਵੀ ਹੋਵੇ, ਉਸ ਦੀ ਆਮਦਨ ਅਤੇ ਸਮਰੱਥਾ ਨੂੰ ਵਧਾਉਣਾ ਹੈ। ਉਨ੍ਹਾਂ ਨੇ ਜਨਤਾ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਜਦੋਂ ਤੱਕ ਮੈਂ ਇਨ੍ਹਾਂ ਚਾਰ ਜਾਤਾਂ ਨੂੰ ਮੁਸ਼ਕਲਾਂ ’ਚੋਂ ਕੱਢ ਨਹੀਂ ਦਿੰਦਾ, ਚੈਨ ਨਾਲ ਬੈਠਣ ਵਾਲਾ ਨਹੀਂ ਹਾਂ। ਉਨ੍ਹਾਂ ਕਿਹਾ ਕਿ ਅੱਜ ਕਿਸਾਨ ਔਰਤਾਂ ਨੂੰ ਨਮਨ ਕਰਨ ਦਾ ਮਨ ਹੈ, ਇਸ ਲਈ ਯੋਜਨਾ ਦਾ ਨਾਂ ਨਮੋ ਡ੍ਰੋਨ ਦੀਦੀ ਨਾਂ ਦੇਣਾ ਚਾਹੁੰਦਾ ਹਾਂ।