ਮਨੀਸ਼ ਤਿਵਾੜੀ, ਨਵੀਂ ਦਿੱਲੀ : ਇਸ ਸਾਲ ਗਣਤੰਤਰ ਦਿਵਸ ਪਰੇਡ ਲਈ ਸੂਬਿਆਂ ਦੀਆਂ ਝਾਕੀਆਂ ਦੀ ਚੋਣ ’ਤੇ ਬਹਿਸ ਨੂੰ ਸਿਰੇ ਤੋਂ ਖ਼ਤਮ ਕਰਨ ਲਈ ਰੱਖਿਆ ਮੰਤਰਾਲੇ ਨੇ ਵੱਡਾ ਨੀਤੀਗਤ ਬਦਲਾਅ ਕਰਦਿਆ ਤਿੰਨ ਸਾਲ ਦੀ ਯੋਜਨਾ ਤਿਆਰ ਕੀਤੀ ਹੈ ਤਾਂ ਕਿ ਇਸ ਦੌਰਾਨ ਸਾਰੇ ਸੂਬਿਆਂ ਨੂੰ ਪ੍ਰਤੀਨਿਧਤਾ ਦਾ ਮੌਕਾ ਮਿਲ ਸਕੇ। ਇਸ ਲਈ ਰੱਖਿਆ ਮੰਤਰਾਲੇ ਤੇ ਸੂਬਿਆਂ ’ਚ ਸਹਿਮਤੀ ਪੱਤਰ ’ਤੇ ਦਸਤਖ਼ਤ ਕੀਤੇ ਗਏ ਹਨ। ਕਾਂਗਰਸ ਦੇ ਸ਼ਾਸਨ ਵਾਲੇ ਕਰਨਾਟਕ ਸਮੇਤ ਹੁਣ ਤੱਕ 28 ਸੂਬਿਆਂ ਨੇ 2024, 2025 ਤੇ 2026 ’ਚ ਗਣਤੰਤਰ ਦਿਵਸ ਪਰੇਡ ਲਈ ਰੋÇਲੰਗ ਪਲਾਨ ਨਾਲ ਸਬੰਧਤ ਸਮਝੌਤੇ ’ਤੇ ਦਸਤਖ਼ਤ ਕਰ ਦਿੱਤੇ ਹਨ।

ਇਸ ਸਾਲ ਗਣਤੰਤਰ ਦਿਵਸ ਪਰੇਡ ਲਈ ਆਪਣੀ ਝਾਕੀ ਨਾ ਚੁਣੇ ਜਾਣ ’ਤੇ ਪੰਜਾਬ ਵੱਲੋਂ ਚੁੱਕੇ ਜਾ ਰਹੇ ਸਵਾਲਾਂ ਦਰਮਿਆਨ ਰੱਖਿਆ ਮੰਤਰਾਲੇ ਦੇ ਸੂਤਰਾਂ ਨੇ ਕਿਹਾ ਕਿ ਪੂਰੀ ਚੋਣ ਪ੍ਰਕਿਰਿਆ ਨਿਰਪੱਖ, ਪਾਰਦਰਸ਼ੀ ਤੇ ਵਿਚਾਰ-ਵਟਾਂਦਰੇ ’ਤੇ ਆਧਾਰਤ ਹੈ। ਇਸ ਦਾ ਨਤੀਜਾ ਵੀ ਪੂਰੀ ਤਰ੍ਹਾਂ ਨਿਰਪੱਖ ਤੇ ਪਾਰਦਰਸ਼ੀ ਹੈ। ਝਾਕੀਆਂ ਦੀ ਚੋਣ ਮਾਹਰਾਂ ਦੀ ਛੇ ਮੈਂਬਰੀ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਆਧਾਰ ’ਤੇ ਕੀਤੀ ਗਈ ਹੈ।

ਸੂਤਰਾਂ ਅਨੁਸਾਰ ਸੂਬਿਆਂ ਨੂੰ ਪਿਛਲੇ ਸਾਲ ਮਈ ’ਚ ਵਿਚਾਰ-ਵਟਾਂਦਰੇ ਦੀ ਪ੍ਰਕਿਰਿਆ ਸ਼ੁਰੂ ਹੁੰਦਿਆਂ ਹੀ ਇਹ ਦੱਸ ਦਿੱਤਾ ਗਿਆ ਸੀ ਕਿ ਗਣਤੰਤਰ ਦਿਵਸ ਪਰੇਡ ਲਈ ਤਿੰਨ ਸਾਲ ਦੇ ਰੋÇਲੰਗ ਪਲਾਨ ’ਤੇ ਕੰਮ ਚੱਲ ਰਿਹਾ ਹੈ, ਜਿਸ ਨੂੰ ਸੂਬਿਆਂ ਨਾਲ ਸਾਂਝਾ ਕੀਤਾ ਜਾਵੇਗਾ। ਇਸ ਯੋਜਨਾ ਦਾ ਉਦੇਸ਼ ਹੀ ਸਾਰੇ ਸੂਬਿਆਂ ਨੂੰ ਪ੍ਰਤੀਨਿਧਤਾ ਦੇਣਾ ਹੈ। ਇਸ ਲਈ ਹੁਣ ਕਿਸੇ ਸੂਬੇ ਦੇ ਵਿਰੋਧ ਜਾਂ ਇਤਰਾਜ਼ ਦਾ ਕੋਈ ਮਤਲਬ ਨਹੀਂ ਹੈ।

ਸੂਤਰਾਂ ਨੇ ਇਸ ਦੋਸ਼ ਨੂੰ ਵੀ ਸਿਰੇ ਤੋਂ ਖ਼ਾਰਜ ਕਰ ਦਿੱਤਾ ਕਿ ਝਾਕੀਆਂ ਦੀ ਚੋਣ ’ਚ ਭਾਜਪਾ ਵਿਰੋਧੀ ਪਾਰਟੀਆਂ ਦੀ ਸੱਤਾ ਵਾਲੇ ਸੂਬਿਆਂ ਦੀ ਅਣਦੇਖੀ ਕੀਤੀ ਗਈ ਹੈ। ਪੰਜਾਬ ਨੂੰ ਹੀ 2017 ਤੋ 2022 ਤੱਕ ਲਗਾਤਾਰ ਛੇ ਸਾਲ ਤੱਕ ਗਣਤੰਤਰ ਦਿਵਸ ਪਰੇਡ ’ਚ ਆਪਣੀ ਝਾਕੀ ਦਿਖਾਉਣ ਦਾ ਮੌਕਾ ਮਿਲਿਆ। ਪੰਜਾਬ ਦਾ ਇਹ ਦੋਸ਼ ਬੇਤੁਕਾ ਹੈ ਕਿਉਂਕਿ ਭਾਜਪਾ ਦੀ ਸੱਤਾ ਵਾਲੇ ਉੱਤਰਾਖੰਡ ਤੇ ਗੋਆ ਨੂੰ ਇਸ ਵਾਰ ਆਪਣੀ ਝਾਕੀ ਦਿਖਾਉਣ ਦਾ ਮੌਕਾ ਨਹੀਂ ਮਿਲਿਆ। ਇਹ ਵੀ ਗੌਰ ਕਰਨ ਵਾਲੀ ਗੱਲ ਹੈ ਕਿ ਰੱਖਿਆ ਰਾਜ ਮੰਤਰੀ ਅਜੈ ਭੱਟ ਖ਼ੁਦ ਉੱਤਰਾਖੰਡ ਤੋਂ ਆਉਂਦੇ ਹਨ।

ਸੂਤਰਾਂ ਨੇ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ 16 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਝਾਕੀਆਂ ਦੀ ਚੋਣ ਕਰਤੱਵਿਆ ਪਥ ’ਤੇ ਪਰੇਡ ਲਈ ਕੀਤੀ ਗਈ ਹੈ। ਇਨ੍ਹਾਂ ਸੂਬਿਆਂ ’ਚ ਆਂਧਰ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਛੱਤੀਸਗੜ੍ਹ, ਗੁਜਰਾਤ, ਹਰਿਆਣਾ, ਝਾਰਖੰਡ, ਲੱਦਾਖ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮਨੀਪੁਰ, ਮੇਘਾਲਿਆ, ਓਡੀਸ਼ਾ, ਰਾਜਸਥਾਨ, ਤਾਮਿਲਨਾਡੂ, ਤੇਲੰਗਾਨਾ ਤੇ ਉੱਤਰ ਪ੍ਰਦੇਸ਼ ਸ਼ਾਮਲ ਹਨ। ਇਨ੍ਹਾਂ ’ਚੋਂ ਆਂਧਰ ਪ੍ਰਦੇਸ਼, ਝਾਰਖੰਡ, ਓਡੀਸ਼ਾ, ਤਾਮਿਲਨਾਡੂ, ਤੇਲੰਗਾਨਾ ਤੇ ਮੇਘਾਲਿਆ ਤੇ ਭਾਜਪਾ ਦੀ ਸੱਤਾ ਵਾਲੇ ਹਨ।

ਕਰਤੱਵਿਆ ਪਥ ’ਤੇ ਪਰੇਡ ਤੋਂ ਇਲਾਵਾ ਲਾਲ ਕਿਲ੍ਹੇ ’ਚ ਸੂਬਿਆਂ ਨੂੰ ਭਾਰਤ ਪਰਵ ’ਚ ਆਪਣੀ ਝਾਕੀ ਦਿਖਾਉਣ ਦਾ ਮੌਕਾ ਮਿਲੇਗਾ। ਇਸ ਵਾਰ ਸਮਝੌਤੇ ਅਨੁਸਾਰ ਕਰਨਾਟਕ, ਹਿਮਾਚਲ ਪ੍ਰਦੇਸ਼, ਤ੍ਰਿਪੁਰਾ, ਜੰਮੂ ਕਸ਼ਮੀਰ, ਗੋਆ, ਅਸਾਮ ਤੇ ਉੱਤਰਾਖੰਡ ਭਾਰਤ ਪਰਵ ’ਚ ਹਿੱਸਾ ਲੈਣਗੇ। ਕਰਨਾਟਕ 2015 ਤੋਂ 2023 ਤੱਕ ਲਗਾਤਾਰ ਆਪਣੀ ਝਾਕੀ ਗਣਤੰਤਰ ਦਿਵਸ ਪਰੇਡ ’ਚ ਦਿਖਾਉਂਦਾ ਆ ਰਿਹਾ ਹੈ।

ਵਿਕਸਤ ਭਾਰਤ ਤੇ ਲੋਕਤੰਤਰ ਦੀ ਜਣਨੀ ਹੈ ਇਸ ਵਾਰ ਦੀ ਥੀਮ

ਇਸ ਵਾਰ ਗਣਤੰਤਰ ਦਿਵਸ ਪਰੇਡ ਦੀ ਥੀਮ ਵਿਕਸਤ ਭਾਰਤ ਤੇ ਲੋਕਤੰਤਰ ਦੀ ਜਣਨੀ ਭਾਰਤ ਭੂਮੀ ਰਹੇਗੀ। ਸੂਬਿਆਂ ਦੀਆਂ ਝਾਕੀਆਂ ਦੀ ਚੋਣ ਵੀ ਇਸੇ ਥੀਮ ਦੇ ਆਧਾਰ ’ਤੇ ਕੀਤੀ ਗਈ ਹੈ। ਰੱਖਿਆ ਮੰਤਰਾਲੇ ਦੇ ਸੂਤਰਾਂ ਅਨੁਸਾਰ ਤਿੰਨ ਸਾਲ ਦੀ ਯੋਜਨਾ ’ਤੇ ਜ਼ਿਆਦਾਤਰ ਸੂਬਿਆਂ ਨੇ ਆਪਣੀ ਸਹਿਮਤੀ ਪ੍ਰਗਟਾਈ ਹੈ ਪਰ ਝਾਕੀਆਂ ਦੀ ਚੋਣ ਦੀ ਪ੍ਰਕਿਰਿਆ ਵੀ ਸਮਾਨਾਂਤਰ ਰੂੁਪ ’ਚ ਚੱਲਦੀ ਰਹੇਗੀ। ਸਪੱਸ਼ਟ ਹੈ ਕਿ ਲਚਕੀਲੇ ਰੁਖ਼ ਨਾਲ ਇਕ ਅਜਿਹੀ ਪ੍ਰਣਾਲੀ ਵੀ ਰਹੇਗੀ, ਜਿਸ ਨਾਲ ਥੀਮ ਨਾਲ ਜੁੜਾਅ ਬਣਿਆ ਰਹੇ।