ਸਟਾਫ ਰਿਪੋਰਟਰ, ਖੰਨਾ : ਸ਼ੁੱਕਰਵਾਰ ਸਥਾਨਕ ਬੀਡੀਪੀਓ ਦਫਤਰ (BDPO Office) ’ਚ ਉਸ ਵੇਲੇ ਸਨਸਨੀ ਫ਼ੈਲ ਗਈ, ਜਦੋਂ ਖੰਨਾ ਦੇ ਆਪ ਵਿਧਾਇਕ ਤਰੁਣਪ੍ਰੀਤ ਸਿੰਘ ਸੋਂਦ ਤੇ ਬਲਾਕ ਸੰਮਤੀ ਖੰਨਾ ਦੇ ਕਾਂਗਰਸੀ ਚੇਅਰਮੈਨ ਸਤਨਾਮ ਸਿੰਘ ਸੋਨੀ ਰੋਹਣੋਂ ਨੇ ਸਾਂਝੇ ਰੂਪ ’ਚ ਪ੍ਰੈਸ ਕਾਨਫ਼ਰੰਸ ਕਰ ਕੇ ਖੰਨਾ ਦੇ ਬੀਡੀਪੀਓ ਕੁਲਵਿੰਦਰ ਸਿੰਘ ਰੰਧਾਵਾ ਉੱਪਰ ਅਣ-ਅਧਿਕਾਰਿਤ ਰੂਪ ’ਚ ਖੰਨਾ ਤੇ ਅਮਲੋਹ ਦੇ ਬੈਂਕਾਂ ’ਚ ਈਓਪੀਐੱਸ ਦੇ ਨਾਂ ’ਤੇ ਖੰਨਾ ਬਲਾਕ ਸੰਮਤੀ ਦੇ ਬੈਂਕ ਖਾਤੇ ਖੁੱਲ੍ਹਵਾ ਕੇ ਇਨ੍ਹਾਂ ’ਚ ਪੰਚਾਇਤੀ ਜ਼ਮੀਨ ਦੇ 2 ਪਿੰਡਾਂ ਦੇ ਆਏ ਕਰੀਬ 58 ਲੱਖ ਰੁਪਏ ਜਮਾ ਕਰਾਉਣ ਤੇ ਹਾਊਸ ’ਚ ਬਿਨਾਂ ਕੋਈ ਮਤਾ ਪਾਸ ਕਰਵਾਏ ਤੇ ਬਲਾਕ ਸੰਮਤੀ ਚੇਅਰਮੈਨ ਦੀ ਜਾਣਕਾਰੀ ਤੋਂ ਬਿਨਾਂ ਹੀ ਕਰੀਬ 58 ਲੱਖ ਰੁਪਏ ਦੀ ਅਦਾਇਗੀ ਕੀਤੇ ਜਾਣ ਦੇ ਗੰਭੀਰ ਦੋਸ਼ ਲਾਏ ਗਏ। ਵਿਧਾਇਕ ਸੋਂਦ ਨੇ ਕਿਹਾ ਕਿ ਈਓਪੀਐੱਸ ਦੇ ਅਕਾਊਂਟ ’ਚ ਆਈ ਰਕਮ ਸਿਰਫ਼ ਦਫਤਰੀ ਕਾਮਿਆਂ ਦੀ ਤਨਖਾਹ ਤੇ ਕਾਰ ਆਦਿ ਦੇ ਖਰਚਿਆਂ ਲਈ ਹੀ ਵਰਤੀ ਜਾ ਸਕਦੀ ਹੈ।

ਵਿਧਾਇਕ ਤਰੁਣਪ੍ਰੀਤ ਸਿੰਘ ਸੋਂਧ ਨੇ ਦੱਸਿਆ ਕਿ ਉਨ੍ਹਾਂ ਨੂੰ ਕਰੀਬ 10 ਦਿਨ ਪਹਿਲਾਂ ਸੂਚਨਾ ਮਿਲੀ ਸੀ ਕਿ ਬੀਡੀਪੀਓ ਦਫਤਰ ’ਚ ਫੰਡਾਂ ਦੇ ਮਾਮਲੇ ’ਚ ਵੱਡੀ ਗੜਬੜ ਹੋਣ ਦਾ ਖ਼ਦਸ਼ਾ ਹੈ। ਇਸ ਲਈ ਉਨ੍ਹਾਂ ਨੇ ਇਸ ਬਾਰੇ ਬਲਾਕ ਸੰਮਤੀ ਦੇ ਚੇਅਰਮੈਨ ਸਤਨਾਮ ਸਿੰਘ ਸੋਨੀ ਰੋਹਣੋਂ ਨਾਲ ਮਿਲ ਕੇ ਇਸ ਦੀ ਜਾਂਚ ਕੀਤੀ। ਜਿਸ ’ਤੇ ਇਨ੍ਹਾਂ ਨਵੇਂ ਖੁਲਵਾਏ ਖਾਤਿਆਂ ਤੇ ਇਨ੍ਹਾਂ ’ਚੋਂ ਕੀਤੀ ਅਦਾਇਗੀ ਬਾਰੇ ਪਤਾ ਲੱਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ 58 ਲੱਖ ਦੇ ਕਥਿਤ ਘਪਲੇ ਦੀ ਜਾਂਚ ਲਈ ਐੱਸਡੀਐੱਮ, ਡੀਸੀ, ਸਬੰਧਤ ਉਚ ਅਧਿਕਾਰੀਆਂ ਤੇ ਮਹਿਕਮੇ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਜਾਣਕਾਰੀ ਦੇ ਦਿੱਤੀ ਹੈ। ਜਾਂਚ ਤੋਂ ਬਾਅਦ ਇਹ ਸਪਸ਼ਟ ਹੋ ਜਾਵੇਗਾ ਕਿ ਇਹ ਕਿਸ ਫ਼ਰਮ ਦੇ ਨਾਮ ’ਤੇ ਕਿੰਨੇ ਪੈਸਿਆਂ ਦੀ ਅਦਾਇਗੀ ਕੀਤੀ ਗਈ ਹੈ ਤੇ ਕਿੰਨਾ ਘਪਲਾ ਹੈ।

ਇਸ ਮਾਮਲੇ ’ਚ ਵੱਡੇ ਘਪਲਾ ਹੋਇਆ- ਸੋਨੀ ਰੋਹਣੋਂ

ਬਲਾਕ ਸੰਮਤੀ ਦੇ ਚੇਅਰਮੈਨ ਸਤਨਾਮ ਸਿੰਘ ਸੋੇਨੀ ਨੇ ਦੱਸਿਆ ਕਿ ਪਿੰਡ ਨਸਰਾਲੀ ਦੀ ਪੰਚਾਇਤੀ ਜਮੀਨ ਦਾ ਕਈ ਸਾਲਾਂ ਦਾ ਠੇਕਾ ਸਟੇਅ ਹੋਣ ਕਾਰਨ ਰੁਕਿਆ ਹੋਇਆ ਸੀ। ਜਿਸ ’ਚੋਂ ਕਰੀਬ 40 ਲੱਖ ਰੁਪਏ ਆਏ ਸਨ। ਜੋ ਇਨ੍ਹਾਂ ਖਾਤਿਆਂ ’ਚ ਜਮਾ ਕਰਵਾਏ ਗਏ। ਜਦੋਂ ਕਿ ਪਿੰਡ ਬੁੱਲੇਪੁਰ ਤੋਂ ਵੀ ਕਰੀਬ 18 ਲੱਖ ਰੁਪਏ ਆਏ ਹਨ। ਉਨ੍ਹਾਂ ਦੱਸਿਆ ਕਿ ਖੰਨਾ ਦੇ ਬੀਡੀਪੀਓ ਕੁਲਵਿੰਦਰ ਸਿੰਘ ਰੰਧਾਵਾ ਜੂਨ 2023 ’ਚ ਖੰਨਾ ਨਿਯੁਕਤ ਹੋਏ ਤੇ ਸੱਤਵੇਂ ਮਹੀਨੇ ’ਚ ਹੀ ਉਨ੍ਹਾਂ ਨੇ ਇਹ ਅਕਾਊਂਟ ਖੁੱਲਵਾ ਲਏ। ਇਹ ਅਕਾਊਂਟ ਐੱਚਡੀਐੱਫਸੀ ਬੈਂਕ ਦੀ ਅਮਲੋਹ ਤੇ ਖੰਨਾ ਬਰਾਚਾਂ ’ਚ ਖੁੱਲਵਾਏ ਗਏ ਹਨ। ਇਸ ਦੌਰਾਨ ਨਾ ਤਾਂ ਦਫਤਰ ’ਚ ਕੋਈ ਨਵਾਂ ਕੰਮ ਹੋਇਆ ਹੈ ਤੇ ਨਾ ਹੀ ਇਨ੍ਹਾਂ ਅਦਾਇਗੀਆਂ ਬਾਰੇ ਹਾਊਸ ਨੂੰ ਕੋਈ ਜਾਣਕਾਰੀ ਹੈ। ਉਨ੍ਹਾਂ ਕਿਹਾ ਕਿ ਇਸ ਬੀਡੀਪੀਓ ’ਤੇ ਖੰਨਾ ਤੋਂ ਪਹਿਲਾਂ ਅਮਲੋਹ ’ਚ ਨੌਕਰੀ ਕਰਦਿਆਂ ਵੀ ਕਈ ਤਰ੍ਹਾਂ ਦੇ ਇਲਜਾਮ ਲੱਗੇ ਹੋਏ ਹਨ। ਵਿਧਾਇਕ ਦੀ ਹਾਜ਼ਰੀ ’ਚ ਬੀਡੀਪੀਓ ਨੂੰ ਪੁੱਛਿਆ ਗਿਆ ਕਿ ਤੁਸੀਂ ਇਸ ਦੀ ਮਨਜੂਰੀ ਹਾਊਸ ਤੋਂ ਲਈ ਹੈ ਤਾਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਮੰਤਵ ਲਈ ਬਲਾਕ ਸੰਮਤੀ ਦੇ ਖਾਤੇ ਪਹਿਲਾਂ ਹੀ ਚੱਲ ਰਹੇ ਸਨ।

ਕੋਈ ਭ੍ਰਿਸ਼ਟਾਚਾਰੀ ਬਖਸ਼ਿਆ ਨਹੀਂ ਜਾਵੇਗਾ- ਸੋਂਧ

ਵਿਧਾਇਕ ਸੋਂਦ ਨੇ ਕਿਹਾ ਕਿ ਆਪ ਸਰਕਾਰ ਦਾ ਭ੍ਰਿਸ਼ਟਾਚਾਰ ਪ੍ਰਤੀ ਰਵੱਈਆ ਜ਼ੀਰੋ ਟਾਲਰੈਂਸ ਦਾ ਹੈ। ਕੋਈ ਵੀ ਭ੍ਰਿਸ਼ਟਾਚਾਰੀ ਬਖਸ਼ਿਆ ਨਹੀਂ ਜਾਵੇਗਾ। ਇਸ ਮਾਮਲੇ ਦੀ ਪੂਰੀ ਜਾਂਚ ਕਰਵਾਈ ਜਾਵੇਗੀ ਤੇ ਜੇਕਰ ਕੋਈ ਘਪਲਾ ਨਜ਼ਰ ਆਇਆ ਤਾਂ ਇੱਕ ਇੱਕ ਪੈਸਾ ਵਾਪਸ ਲਿਆ ਜਾਵੇਗਾ।