ਸੁਨੀਲ ਕੁਮਾਰ ਭੱਟੀ, ਡੇਰਾਬੱਸੀ : ਡੇਰਾਬੱਸੀ ਸ਼ਹਿਰ ਦੀਆਂ ਸੜਕਾਂ ਦੇ ਕਿਨਾਰੇ ਸੈਂਕੜੇ ਹੀ ਛੋਟੇ ਵੱਡੇ ਵਾਹਨ ਅਕਸਰ ਖੜੇ੍ਹ ਵੇਖੇ ਜਾਂਦੇ ਹਨ। ਜੋ ਕਿ ਹਰ ਰੋਜ਼ ਛੋਟੇ ਵੱਡੇ ਹਾਦਸਿਆਂ ਦਾ ਕਾਰਨ ਬਣਦੇ ਹਨ। ਡੇਰਾਬੱਸੀ ਬੱਸ ਸਟੈਂਡ ਤੋਂ ਲੈਕੇ ਹਲਕਾ ਵਿਧਾਇਕ ਦੇ ਦਫ਼ਤਰ ਤੱਕ ਸੈਂਕੜਿਆਂ ਹੀ ਵਾਹਨ ਸੜਕ ਕਿਨਾਰੇ ਬਿਨਾਂ ਕਿਸੇ ਕੰਮ ਤੋਂ ਖੜੇ੍ਹ ਰਹਿੰਦੇ ਹਨ, ਪਰ ਟ੍ਰੈਿਫ਼ਕ ਪੁਲਿਸ ਅਤੇ ਸਥਾਨਕ ਪ੍ਰਸ਼ਾਸਨ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੰਦਾ। ਜਿਸ ਕਾਰਨ ਕੋਈ ਨਾ ਕੋਈ ਹਾਦਸਾ ਵਾਪਰ ਜਾਂਦਾ ਹੈ ਅਤੇ ਵਿਅਕਤੀਆਂ ਦੀ ਜਾਨ ਚਲੀ ਜਾਂਦੀ ਹੈ। ਇਸੇ ਤਰ੍ਹਾਂ ਦਾ ਮਾਮਲਾ ਡੀਏਵੀ ਸਕੂਲ ਦੇ ਨੇੜੇ ਖੜ੍ਹੇ ਟਰੱਕ ‘ਚ ਕਾਰ ਦੀ ਟੱਕਰ ਲੱਗਣ ਕਾਰਨ ਕਾਰ ਚਾਲਕ ਦੀ ਮੌਤ ਹੋ ਗਈ। ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪ੍ਰਰਾਪਤ ਜਾਣਕਾਰੀ ਅਨੁਸਾਰ ਡੇਰਾਬੱਸੀ ਐੱਸਬੀਪੀ ਸੁਸਾਇਟੀ ‘ਚ ਰਹਿੰਦੇ ਅਨੀਲ ਕੁਮਾਰ (45) ਦੀ ਘਰ ਵਾਲੀ ਨੂੰ ਰਾਤ ਦੇ 12 ਵਜੇ ਦੇ ਕਰੀਬ ਦਰਦ ਹੋਇਆ। ਉਹ ਆਪਣੀ ਘਰ ਵਾਲੀ ਅਤੇ ਮੁੰਡੇ ਨੂੰ ਕਾਰ ‘ਚ ਬਿਠਾਕੇ ਅੰਬਾਲਾ ਚੰਡੀਗੜ੍ਹ ਨੈਸ਼ਨਲ ਹਾਈਵੇਅ ‘ਤੇ ਸਥਿਤ ਇਡਸ ਇੰਟਰਨੈਸ਼ਨਲ ਹਸਪਤਾਲ ਵਿਖੇ ਚਲਾ ਗਿਆ। ਉਹ ਇਲਾਜ ਤੋਂ ਬਾਅਦ ਜਦੋਂ ਆਪਣੀ ਘਰ ਵਾਲੀ ਅਤੇ ਮੁੰਡੇ ਨਾਲ ਆਪਣੀ ਸੁਸਾਇਟੀ ‘ਚ ਵਾਪਸ ਆ ਰਿਹਾ ਸੀ ਤਾਂ ਜਦੋਂ ਉਹ ਡੀਏਵੀ ਸਕੂਲ ਨੇੜੇ ਪਹੁੰਚਿਆ ਤਾਂ ਹਨੇਰਾ ਹੋਣ ਕਾਰਨ ਉਸ ਦੀ ਕਾਰ ਸੜਕ ਵਿਚਕਾਰ ਖੜ੍ਹੇ ਟਰੱਕ ‘ਚ ਟਕਰਾ ਗਈ। ਜਿਸ ਕਾਰਨ ਵਾਹਨ ਚਾਲਕ ਅਨੀਲ ਕੁਮਾਰ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ ਅਤੇ ਉਸ ਦੀ ਘਰਵਾਲੀ ਅਤੇ ਮੁੰਡਾ ਵੀ ਜ਼ਖ਼ਮੀ ਹੋ ਗਏ। ਜਿਨਾਂ ਇਡਸ ਇੰਟਰਨੈਸ਼ਨਲ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਜਿਥੇ ਅਨੀਲ ਕੁਮਾਰ ਦੀ ਇਲਾਜ ਦੌਰਾਨ ਮੌਤ ਹੋ ਗਈ। ਜਦ ਕਿ ਉਸ ਦੀ ਘਰਵਾਲੀ ਅਤੇ ਮੁੰਡੇ ਦੀ ਹਾਲਤ ਠੀਕ ਹੈ। ਉਕਤ ਮਿ੍ਤਕ ਵਿਅਕਤੀ ਪ੍ਰਰਾਪਰਟੀ ਡੀਲਰ ਦਾ ਕੰਮ ਕਰਦਾ ਸੀ।

ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਾਉਣ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ। ਪੁਲਿਸ ਨੇ ਸੜਕ ਕਿਨਾਰੇ ਖੜ੍ਹੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।