ਨਵੀਂ ਦਿੱਲੀ। ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਜਸਟਿਸ ਏ ਐਮ ਖਾਨਵਿਲਕਰ ਮੇਜਰ ਧਿਆਨ ਚੰਦ ਖੇਲ ਰਤਨ, ਅਰਜੁਨ ਅਤੇ ਦਰੋਣਾਚਾਰੀਆ ਪੁਰਸਕਾਰਾਂ ਲਈ 12 ਮੈਂਬਰੀ ਚੋਣ ਕਮੇਟੀ ਦੀ ਪ੍ਰਧਾਨਗੀ ਕਰਨਗੇ। ਖੇਡ ਮੰਤਰਾਲੇ ਨੇ ਐਤਵਾਰ ਨੂੰ ਇਹ ਐਲਾਨ ਕੀਤਾ। ਇਸ ਕਮੇਟੀ ਵਿੱਚ ਸਾਬਕਾ ਭਾਰਤੀ ਹਾਕੀ ਕਪਤਾਨ ਧਨਰਾਜ ਪਿੱਲੇ, ਓਲੰਪੀਅਨ ਮੁੱਕੇਬਾਜ਼ ਅਖਿਲ ਕੁਮਾਰ, ਨਿਸ਼ਾਨੇਬਾਜ਼ ਸ਼ੂਮਾ ਸ਼ਿਰੂਰ, ਟੇਬਲ ਟੈਨਿਸ ਵਿੱਚ ਅੱਠ ਵਾਰ ਦੇ ਕੌਮੀ ਚੈਂਪੀਅਨ ਕਮਲੇਸ਼ ਮਹਿਤਾ ਸਮੇਤ ਛੇ ਪ੍ਰਮੁੱਖ ਖੇਡ ਸ਼ਖ਼ਸੀਅਤਾਂ ਵੀ ਸ਼ਾਮਲ ਹਨ। ਮਹਿਤਾ ਭਾਰਤੀ ਟੇਬਲ ਟੈਨਿਸ ਫੈਡਰੇਸ਼ਨ ਦੀ ਨੁਮਾਇੰਦਗੀ ਕਰਨਗੇ।

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਅੰਜੁਮ ਚੋਪੜਾ, ਬੈਡਮਿੰਟਨ ਖਿਡਾਰਨ ਅਤੇ ਮਿਸ਼ਨ ਓਲੰਪਿਕ ਯੂਨਿਟ ਦੀ ਮੈਂਬਰ ਤ੍ਰਿਪਤੀ ਮੁਰਗੁੰਡੇ ਅਤੇ ਪਾਵਰਲਿਫਟਿੰਗ ਫੈਡਰੇਸ਼ਨ ਦੇ ਫਰਮਾਨ ਬਾਸ਼ਾ ਵੀ ਕਮੇਟੀ ਵਿੱਚ ਸ਼ਾਮਲ ਹਨ। ਦੈਨਿਕ ਜਾਗਰਣ ਦੇ ਖੇਡ ਸੰਪਾਦਕ ਅਭਿਸ਼ੇਕ ਤ੍ਰਿਪਾਠੀ ਮੀਡੀਆ ਦੇ ਪ੍ਰਤੀਨਿਧੀ ਵਜੋਂ ਕਮੇਟੀ ਵਿੱਚ ਸ਼ਾਮਲ ਹਨ।

ਸਪੋਰਟਸ ਅਥਾਰਟੀ ਆਫ ਇੰਡੀਆ (ਸਾਈ) ਦੇ ਡਾਇਰੈਕਟਰ ਜਨਰਲ ਸੰਦੀਪ ਪ੍ਰਧਾਨ, ਲਕਸ਼ਿਆ ਓਲੰਪਿਕ ਪੋਡੀਅਮ ਪ੍ਰੋਗਰਾਮ ਦੇ ਪੁਸ਼ਪੇਂਦਰ ਗਰਗ ਅਤੇ ਖੇਡ ਮੰਤਰਾਲੇ ਦੇ ਸੰਯੁਕਤ ਸਕੱਤਰ ਪ੍ਰੇਮ ਕੁਮਾਰ ਝਾਅ ਨੂੰ ਸਰਕਾਰੀ ਅਧਿਕਾਰੀਆਂ ਵਜੋਂ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ।