ਨਵੀਂ ਦਿੱਲੀ (ਪੀਟੀਆਈ) : ਕੇਂਦਰੀ ਸਿੱਖਿਆ ਮੰਤਰਾਲੇ ਨੇ ਕੋਚਿੰਗ ਅਦਾਰਿਆਂ ਲਈ ਨਵੇਂ ਦਿਸ਼ਾਨਿਰਦੇਸ਼ਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ਦੇ ਮੁਤਾਬਕ ਕੋਚਿੰਗ ਅਦਾਰੇ 16 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀਆਂ ਦੀ ਨਾਮਜ਼ਦਗੀ ਨਹੀਂ ਕਰ ਸਕਦੇ। ਇਸ ਤੋਂ ਇਲਾਵਾ ਨਾ ਹੀ ਉਹ ਚੰਗੇ ਰੈਂਕ ਜਾਂ ਚੰਗੇ ਨੰਬਰਾਂ ਦੀ ਗਾਰੰਟੀ ਦੇ ਸਕਦੇ ਹਨ ਤੇ ਨਾ ਗੁਮਰਾਹ ਕਰਨ ਵਾਲੇ ਵਾਅਦੇ ਕਰ ਸਕਦੇ ਹਨ।

ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਨੂੰ ਕੋਚਿੰਗ ਅਦਾਰਿਆਂ ਦਾ ਰੈਗੂਲੇਸ਼ਨ ਕਰਨ ਲਈ ਕਾਨੂੰਨੀ ਢਾਂਚਾ ਦੇਣ ਤੇ ਨਿੱਜੀ ਕੋਚਿੰਗ ਅਦਾਰਿਆਂ ਦੇ ਕਾਬੂ ਤੋਂ ਬਾਹਰ ਵਾਧੇ ਦੀ ਮੈਨੇਜਮੈਂਟ ਕਰਨ ਲਈ ਬਣਾਇਆ ਗਿਆ ਹੈ। ਵਿਦਿਆਰਥੀਆਂ ਦੀਆਂ ਖੁਦਕੁਸ਼ੀਆਂ ਦੀਆਂ ਵਧਦੀਆਂ ਘਟਨਾਵਾਂ, ਅੱਗ ਲੱਗਣ ਦੀਆਂ ਘਟਨਾਵਾਂ, ਕੋਚਿੰਗ ਸੈਂਟਰਾਂ ’ਚ ਸਹੂਲਤਾਂ ਦੀ ਘਾਟ ਤੇ ਉਨ੍ਹਾਂ ਦੇ ਪੜ੍ਹਾਉਣ ਦੇ ਤੌਰ ਤਰੀਕਿਆਂ ਬਾਰੇ ਸ਼ਿਕਾਇਤਾਂ ਮਿਲਣ ਦੇ ਬਾਅਦ ਸਰਕਾਰ ਨੇ ਇਨ੍ਹਾਂ ਦਾ ਐਲਾਨ ਕੀਤਾ ਹੈ। ਦਿਸ਼ਾ-ਨਿਰਦੇਸ਼ਾਂ ਮੁਤਾਬਕ, ਕੋਈ ਵੀ ਕੋਚਿੰਗ ਸੈਂਟਰ ਗ੍ਰੈਜੂਏਟ ਤੋਂ ਘੱਟ ਸਿੱਖਿਆ ਵਾਲੇ ਟਿਊਟਰ ਨੂੰ ਨਿਯੁਕਤ ਨਹੀਂ ਕਰੇਗਾ। ਕੋਚਿੰਗ ਅਦਾਰਾ ਵਿਦਿਆਰਥੀਆਂ ਦੀ ਨਾਮਜ਼ਦਗੀ ਕਰਨ ਲਈ ਮਾਤਾ-ਪਿਤਾ ਨੂੰ ਗੁਮਰਾਹ ਕਰਨ ਵਾਲੇ ਵਾਅਦੇ ਜਾਂ ਰੈਂਕ ਜਾਂ ਚੰਗੇ ਨੰਬਰਾਂ ਦੀ ਗਾਰੰਟੀ ਨਹੀਂ ਦੇ ਸਕਦੇ। ਵਿਦਿਆਰਥੀਆਂ ਦੀ ਨਾਮਜ਼ਦਗੀ ਸਿਰਫ਼ ਸੈਕੰਡਰੀ ਸਕੂਲ ਐਗਜ਼ਾਮਿਨੇਸ਼ਨ ਦੇ ਬਾਅਦ ਹੋਣੀ ਚਾਹੀਦੀ ਹੈ। ਨਿਰਦੇਸ਼ਾਂ ਦੇ ਮੁਤਾਬਕ, ਕੋਚਿੰਗ ਅਦਾਰਿਆਂ ਦੇ ਮੁਤਾਬਕ, ਕੋਚਿੰਗ ਅਦਾਰੇ ਦੀ ਗੁਣਵੱਤਾ ਜਾਂ ਕੋਚਿੰਗ ’ਚ ਤਜਵੀਜ਼ਸ਼ੁਦਾ ਸਹੂਲਤਾਂ ਜਾਂ ਹਾਸਲ ਕੀਤੇ ਗਏ ਨਤੀਜੇ ਜਾਂ ਕਲਾਸਾਂ ਦਾ ਹਿੱਸਾ ਰਹੇ ਵਿਦਿਆਰਥੀਆਂ ਦੇ ਬਾਰੇ ਕਿਸੇ ਵੀ ਦਾਅਵੇ ਨਾਲ ਜੁੜਿਆ ਗੁਮਰਾਹ ਕਰਨ ਵਾਲਾ ਇਸ਼ਤਿਹਾਰ ਛਾਪ ਨਹੀਂ ਸਕਦੇ। ਕੋਚਿੰਗ ਸੈਂਟਰ ਕਿਸੇ ਵੀ ਅਜਿਹੇ ਟਿਊਟਰ ਜਾਂ ਵਿਅਕਤੀਆਂ ਦੀਆਂ ਸੇਵਾਵਾਂ ਨਹੀਂ ਲੈ ਸਕਦੇ ਜਿਸ ਨੂੰ ਨੈਤਿਕ ਪੱਖੋਂ ਭ੍ਰਿਸ਼ਟਤਾ ਦੇ ਕਿਸੇ ਅਪਰਾਧ ’ਚ ਦੋਸ਼ੀ ਠਹਿਰਾਇਆ ਗਿਆ ਹੋਵੇ। ਕੋਚਿੰਗ ਸੈਂਟਰਾਂ ਦੀ ਵੈੱਬਸਾਈਟ ਵੀ ਹੋਵੇਗੀ ਜਿਨ੍ਹਾਂ ’ਤੇ ਟਿਊਟਰਾਂ ਦੀ ਵਿੱਦਿਅਕ ਯੋਗਤਾ, ਕੋਰਸਾਂ, ਉਨ੍ਹਾਂ ਨੂੰ ਪੂਰਾ ਕੀਤੇ ਜਾਣ ਦੇ ਸਮੇਂ, ਹੋਸਟਲ ਦੀਆਂ ਸਹੂਲਤਾਂ ਤੇ ਲਈ ਜਾ ਰਹੀ ਫ਼ੀਸ ਦਾ ਤਾਜ਼ਾ ਵੇਰਵਾ ਹੋਵੇਗਾ।