ਟਰਾਂਟੋ (ਏਜੰਸੀ) : ਕੈਨੇਡਾ ਸਰਕਾਰ ਨੇ ਐਲਾਨ ਕੀਤਾ ਹੈ ਕਿ 2003 ਵਾਂਗ ਅਗਲੇ ਵਰ੍ਹੇ ਨਵੇਂ ਪਰਵਾਸੀਆਂ ਦੀ ਗਿਣਤੀ 485000 ਰਹੇਗੀ। ਹਾਲਾਂਕਿ ਇਸ ਗਿਣਤੀ ਨੂੰ ਵਰ੍ਹਾ 2005 ਵਿਚ ਵਧਾ ਕੇ ਪੰਜ ਲੱਖ ਕਰਨ ਦੀ ਯੋਜਨਾ ਹੈ। ਇਸ ਨਾਲ ਸਭ ਤੋਂ ਵੱਧ ਫ਼ਾਇਦਾ ਭਾਰਤੀਆਂ ਨੂੰ ਹੋਣ ਵਾਲਾ ਹੈ। ਲੰਘੇ ਵਰ੍ਹੇ 118,000 ਤੋਂ ਵੱਧ ਭਾਰਤੀਆਂ ਨੂੰ ਕੈਨੇਡਾ ਵਿਚ ਸਥਾਈ ਨਿਵਾਸ (ਪੀਆਰ) ਹਾਸਿਲ ਹੋਈ ਸੀ ਜੋ ਕਿ ਕੈਨੇਡਾ ਵਿਚ ਆਉਣ ਵਾਲੇ 437,120 ਲੋਕਾਂ ਦੀ ਗਿਣਤੀ ਵਿੱਚੋਂ ਇਕ-ਚੌਥਾਈ ਹਿੱਸਾ ਹੈ। ਨਵੇਂ ਇਮੀਗ੍ਰੇਸ਼ਨ ਟੀਚਿਆਂ ਨਾਲ ਕੈਨੇਡਾ ਦੀ ਅਬਾਦੀ ਵਿਚ ਹਰ ਸਾਲ 1.3 ਫ਼ੀਸਦ ਦਾ ਵਾਧਾ ਹੋਵੇਗਾ।

ਅਬਾਦੀ 40 ਮਿਲੀਅਨ ਦਾ ਅੰਕੜਾ ਪਾਰ ਕਰ ਗਈ

ਦਰਅਸਲ, ਰਿਕਾਰਡ ਪਰਵਾਸ ਸਦਕਾ ਕੈਨੇਡਾ ਦੀ ਅਬਾਦੀ 40 ਮਿਲੀਅਨ ਦਾ ਅੰਕੜਾ ਪਾਰ ਕਰ ਗਈ ਹੈ। ਉਥੇ ਕੈਨੇਡਾ ਵਿਚ ਘਰਾਂ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਤਰੀ ਮਾਰਕ ਮਿਲਰ ਨੇ 2024-2026 ਦੀ ਆਪਣੀ ਯੋਜਨਾ ਬਾਰੇ ਜਾਣਕਾਰੀ ਦਿੰਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਵਰ੍ਹਾ 2026 ਤੋਂ ਪਰਵਾਸੀਆਂ ਦੀ ਗਿਣਤੀ ਪੰਜ ਲੱਖ ’ਤੇ ਸੀਮਤ ਕਰ ਦਿੱਤੀ ਜਾਵੇਗੀ। ਮਿਲਰ ਨੇ ਕਿਹਾ ਕਿ ਸਾਡਾ ਟੀਚਾ ਘਰਾਂ ਤੇ ਸਿਹਤ ਦੇਖਭਾਲ ਦਾ ਦਬਾਅ ਘੱਟ ਕਰਦੇ ਹੋਏ ਕਿਰਤੀਆਂ ਦੀ ਸਪਲਾਈ ਦਾ ਸਮਰਥਨ ਕਰਨਾ ਹੈ।