Ad-Time-For-Vacation.png

ਕੈਨੇਡਾ ਵਿੱਚ ਪੰਜਾਬ ਭਵਨ ਦੀ ਸਥਾਪਨਾ: ਸ਼ੁਭ ਸੰਦੇਸ਼

ਸ.ਪ.ਸਿੰਘ

ਪੰਜਾਬੀ ਸੁਭਾ ਵਜੋਂ ਹੀ ਨਵੀਆਂ ਚੁਣੌਤੀਆਂ ਸਵੀਕਾਰਦੇ ਹੋਏ, ਵੱਖ-ਵੱਖ ਖਿਤਿਆਂ ਦੀ ਤਲਾਸ਼ ਵਿੱਚ ਰਹਿੰਦੇ ਹੋਏ ਵਿਭਿੰਨ ਪਰਿਸਥਿਤੀਆਂ ਦੇ ਅੰਤਰਗਤ ਸਥਾਪਤੀ ਦੀ ਤਲਾਸ਼ ਵਿੱਚ ਰਹਿੰਦੇ ਹਨ । ਇਸੇ ਕਰਕੇ ਇਹ ਮੰਨਿਆ ਜਾਂਦਾ ਹੈ ਕਿ ਪੰਜਾਬੀ ਦੁਨੀਆ ਦੇ ਹਰ ਕੋਨੇ ਤੱਕ ਆਪਣੀ ਪਹੁੰਚ ਸਥਾਪਤ ਕਰ ਚੁੱਕੇ ਹਨ । ਇਸ ਪ੍ਰਕ੍ਰਿਆ ਵਿੱਚ 1947 ਦੀ ਦੇਸ਼ ਦੀ ਵੰਡ ਤੇ 1984 ਦੇ ਸਿੱਖ ਵਿਰੋਧੀ ਕਤਲੇਆਮ ਕਾਰਨ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਪੰਜਾਬੀਆਂ ਨੇ ਪਹਿਚਾਣ ਬਣਾਈ ਹੈ । ਉੱਥੇ ਵਿਦੇਸ਼ਾਂ ਵਿੱਚ ਵੀ ਆਪਣੀਆਂ ਪ੍ਰਾਪਤੀਆਂ ਦੇ ਝੰਡੇ ਗੱਡੇ ਹਨ । ਇਸੇ ਕਾਰਨ ਸਾਰੇ ਮਹਾਂਦੀਪਾਂ ਵਿੱਚ ਥੋੜੀ ਜਾਂ ਵੱਡੀ ਗਿਣਤੀ ਵਿੱਚ ਪੰਜਾਬੀ ਵਿਦੇਸ਼ਾਂ ਦੀਆਂ ਧਰਤੀਆਂ ਤੇ ਵਿਚਰਦੇ ਹਨ । ਪਹਿਲੇ ਪੜ੍ਹਾ ਵਿੱਚ ਥਾਈਲੈਂਡ, ਸਿੰਘਾਪੁਰ, ਮਲੇਸ਼ੀਆ, ਇੰਡੋਨੇਸ਼ੀਆ, ਫਿਜ਼ੀ, ਫਿਲਪਾਈਨ ਆਦਿ ਖੇਤਰਾਂ ਵਿੱਚ ਪੰਜਾਬੀਆਂ ਨੇ ਪਰਵਾਸ ਕੀਤਾ । ਇਸੇ ਤਰ੍ਹਾਂ ਹੀ ਅਫਰੀਕਨ ਦੇਸ਼ਾਂ ਵਿੱਚ ਤੇ ਕੀਨੀਆ ਵਿੱਚ ਪ੍ਰਭਾਵਸ਼ਾਲੀ ਸਥਾਨ ਬਣਾਇਆ । ਆਸਟਰੀਆ ਅਤੇ ਨਿਊਜੀਲੈਂਡ ਵਿੱਚ ਪੰਜਾਬੀ ਵੱਡੀ ਗਿਣਤੀ ਵਿੱਚ ਪ੍ਰਵੇਸ਼ ਕੀਤੇ । ਇਸੇ ਪ੍ਰਕਾਰ ਹੀ ਯੂਰਪੀਨ ਤੇ ਅਮਰੀਕੀ ਦੇਸ਼ਾਂ ਵਿੱਚ ਪਰਵਾਸ ਦੀ ਰੁਚੀ ਵਧੇਰੇ ਪ੍ਰਬਲ ਰੂਪ ਵਿੱਚ ਦੇਖਣ ਨੂੰ ਮਿਲਦੀ ਹੈ । ਮੁੱਢਲੇ ਪੜਾਵਾਂ ਵਿੱਚ ਸਾਉਥਹਾਲ, ਕੈਨੇਡਾ ਆਦਿ ਵਿੱਚ ਪੰਜਾਬੀ ਸੱਖਣੀ ਅਬਾਦੀ ਵਾਲੇ ਇਲਾਕੇ ਗਿਣੇ ਜਾਂਦੇ ਸੀ ਪਰ ਵੀਹਵੀਂ ਸਦੀ ਦੇ ਅੰਤਲੇ ਤੇ ਇਕਵੀਂ ਸਦੀ ਦੇ ਪਹਿਲੇ ਦਹਾਕਿਆਂ ਵਿੱਚ ਕੈਨੇਡਾ ਵਿੱਚ ਪੰਜਾਬੀਆਂ ਨੇ ਆਪਣੀ ਧਾਕ ਜਮਾਈ ਹੈ ।
ਮੌਜੂਦਾ ਸਥਿਤੀ ਵਿੱਚ ਕੈਨੇਡਾ ਦੀ ਧਰਤੀ ਭਾਰਤੀ ਪੰਜਾਬ ਤੋਂ ਬਾਹਰ ਦੂਜੀ ਅਜਿਹੀ ਧਰਤੀ ਹੈ ਜਿਸ ਵਿਚ ਸਮਾਜਕ, ਧਾਰਮਕ, ਸਭਿਆਚਾਰਕ ਤੇ ਰਾਜਨੀਤਕ ਤੌਰ ਤੇ ਪੰਜਾਬੀਆਂ ਨੇ ਪ੍ਰਭਾਵਸ਼ਾਲੀ ਰੂਪ ਵਿੱਚ ਆਪਣੀ ਪਹਿਚਾਣ ਸਥਾਪਤ ਕੀਤੀ ਹੈ । ਸਮਾਜਕ ਤੌਰ ਤੇ ਕੈਨੇਡਾ ਦੀ ਮੁੱਖ ਧਾਰਾ ਵਿੱਚ ਪੰਜਾਬੀ ਸ਼ਾਮਲ ਹੋ ਚੁੱਕੇ ਹਨ ਤੇ ਰਾਜਨੀਤਕ ਤੌਰ ਤੇ 20 ਤੋਂ ਵੱਧ ਪਾਰਲੀਮੈਂਟ ਦੇ ਮੈਂਬਰ ਚੁਣੇ ਜਾਣਾ ਤੇ ਪੰਜ ਦਾ ਕੈਬਨਿਟ ਪੱਧਰ ਦੇ ਮੰਤਰੀ ਹੀ ਨਹੀਂ ਸਗੋਂ ਰੱਖਿਆ ਮੰਤਰੀ ਵਰਗੇ ਮਹੱਤਵਪੂਰਨ ਵਿਭਾਗ ਨੂੰ ਸੰਭਾਲਣਾ ਜਿੱਥੇ ਪੰਜਾਬੀਆਂ ਦੀ ਕਾਬਲੀਅਤ ਦਾ ਪ੍ਰਭਾਵ ਦੇਂਦਾ ਹੈ ਉੱਥੇ ਕੈਨੇਡੀਅਨ ਲੋਕਾਂ ਦਾ ਵਿਸ਼ਵਾਸ਼ ਵੀ ਜਿੱਤਣਾ ਹੈ ਕਿ ਰੱਖਿਆ ਮੰਤਰੀ ਦਾ ਅਹੁੱਦਾ ਵੀ ਪੰਜਾਬੀ ਨੂੰ ਹੀ ਦਿੱਤਾ ਗਿਆ ਹੈ । ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪੰਜਾਬੀ ਵੱਡੀ ਗਿਣਤੀ ਵਿੱਚ ਵਸੇ ਹੋਏ ਹਨ ਉੱਥੇ ਮੁੱਖ ਤੌਰ ਤੇ ਵੈਨਕੂਵਰ ਤੇ ਟੋਰਾਂਟੋ ਦੋ ਅਜਿਹੇ ਖੇਤਰ ਹਨ ਜਿੱਥੇ ਬਦੇਸ਼ੀ ਧਰਤੀ ਤੇ ਹੀ ਨਿੱਕੇ ਨਿੱਕੇ ਪੰਜਾਬ ਸਿਰਜੇ ਹਨ । ਇਸ ਪ੍ਰਕ੍ਰਿਆ ਵਿੱਚ ਬਰਿਟਸ਼ ਕੋਲੰਬੀਆ ਵੈਨਕੂਵਰ ਦੇ ਖਿਤੇ ਵਿਚੋਂ ਇੱਕ ਸਰੀ ਅਜਿਹਾ ਸ਼ਹਿਰੀ ਖੇਤਰ ਹੈ ਜੋ ਪੂਰਨ ਤੌਰ ਤੇ ਹੀ ਪੰਜਾਬ ਵਜੋਂ ਵਿਕਸਿਤ ਹੋ ਚੁੱਕਾ ਹੈ । ਇਕ ਅਨੁਮਾਨ ਅਨੁਸਾਰ ਸਰੀ ਦੇ 80 ਪ੍ਰਤੀਸ਼ਤ ਮਕਾਨਾਂ ਦੀ ਮਲਕੀਅਤ ਪੰਜਾਬੀਆਂ ਕੋਲ ਹੈ ਤੇ ਸੱਠ ਪ੍ਰਤੀਸ਼ਤ ਦੇ ਲਗਭਗ ਪੰਜਾਬੀਆਂ ਦੀ ਵਸੋਂ ਹੈ । ਇਸ ਇਲਾਕੇ ਵਿੱਚ ਖਾਣ, ਪੀਣ, ਰਹਿਣ, ਸਹਿਣ, ਰਸਮਾਂ ਰਿਵਾਜ਼, ਸਭਿਆਚਾਰਕ ਤੇ ਸਾਹਿਤਕ ਗਤੀਵਿਧੀਆਂ ਜੋ ਭਾਰਤੀ ਪੰਜਾਬ ਨਾਲੋਂ ਵੱਧ ਨਹੀਂ ਤਾਂ ਘੱਟ ਵੀ ਨਹੀਂ ਮਿੱਥੀਆਂ ਜਾ ਸਕਦੀਆਂ ਹਨ । ਇਸ ਪ੍ਰਕ੍ਰਿਰਣ ਵਿੱਚ ਇਨ੍ਹਾਂ ਤੱਥਾਂ ਪ੍ਰਤੀ ਭਾਰਤੀ ਪੰਜਾਬੀਆਂ ਨਾਲੋਂ ਕੈਨੇਡੀਅਨ ਪੰਜਾਬੀਆਂ ਵਿੱਚ ਵੱਡੀ ਪ੍ਰਤੀਬੱਧਤਾ ਦੇਖੀ ਜਾ ਸਕਦੀ ਹੈ ।

ਕੈਨੇਡਾ ਦੇ ਪੰਜਾਬੀਆਂ ਨੇ ਵੱਡੀ ਜਦੋ ਜਹਿਦ, ਮਿਹਨਤ ਆਦਿ ਨਾਲ ਪਹਿਲੇ ਪੱਧਰ ਤੇ ਆਰਥਕ ਖੁਸ਼ਹਾਲੀ ਪ੍ਰਾਪਤ ਕਰਨ ਤੋਂ ਬਾਅਦ ਧਰਮ, ਸਾਹਿਤ, ਸਭਿਆਚਾਰ ਪ੍ਰਤੀ ਸੰਜੀਦਗੀ ਦਾ ਪ੍ਰਗਟਾਵਾ ਕਰਦੇ ਹੋਏ ਸਰਬਪੱਖੀ ਰੂਪ ਵਿੱਚ ਨਵੀਆਂ ਪੁਲਾਂਘਾ ਪੁੱਟੀਆਂ ਹਨ । ਗੁਰਦੁਆਰਿਆਂ ਦੀ ਸਥਾਪਨਾ ਲੰਬੇ ਸਮੇਂ ਤੋਂ ਹੀ ਕੀਤੀ ਜਾ ਰਹੀ ਸੀ ਜੋ ਕਿ ਧਾਰਮਕ ਗਤੀਵਿਧੀਆਂ ਦੇ ਨਾਲ ਨਾਲ ਸਮਾਜਕ ਗਤੀਵਿਧੀਆਂ ਦਾ ਕੇਂਦਰ ਦੇ ਰੂਪ ਵਿੱਚ ਵੀ ਉਭਰਕੇ ਸਾਹਮਣੇ ਆਏ ਹਨ । ਇਸਦੇ ਨਾਲ ਨਾਲ ਹੀ ਸਾਹਿਤਕ ਤੇ ਸਭਿਆਚਾਰਕ ਗਤੀਵਿਧੀਆਂ ਵੀ ਵੱਡੇ ਰੂਪ ਵਿੱਚ ਆਰੰਭ ਹੋਈਆਂ ਹਨ ਪਰ ਇਨ੍ਹਾਂ ਗਤੀਵਿਧੀਆਂ ਲਈ ਪੱਕਾ ਟਿਕਾਣਾ ਨਹੀਂ ਸੀ । ਸਾਹਿਤ ਸਭਾਵਾਂ, ਸਭਿਆਚਾਰਕ ਸਰਗਰਮੀਆਂ, ਰਾਜਨੀਤਕ ਗਤੀਵਿਧੀਆਂ ਲਈ ਨਿਸ਼ਚਿਤ ਸਥਾਨ ਦੀ ਘਾਟ ਹੈ ਜਿਸ ਨੂੰ ਸਰੀ ਵਿੱਚ ਅੰਸ਼ਕ ਰੂਪ ਵਿੱਚ ਪਹਿਲਾਂ ਹੀ ਸਟੂਡੀਓ-7 ਦੇ ਨਾਂ ਹੇਠ ਸੁਖੀ ਬਾਠ ਨੇ ਕੇਂਦਰ ਸਥਾਪਤ ਕੀਤਾ ਹੈ ਜਿਸ ਨੂੰ ਵਿਸ਼ਾਲ ਰੂਪ ਪ੍ਰਦਾਨ ਕਰਦੇ ਹੋਏ ‘ਪੰਜਾਬ ਭਵਨ’ ਦੇ ਰੂਪ ਵਿੱਚ ਸਥਾਪਤ ਕੀਤਾ ਜਾ ਰਿਹਾ ਹੈ । ਇਹ ਸਾਹਿਤਕ, ਸਭਿਆਚਾਰਕ ਤੇ ਬੁਧੀਜੀਵੀਆਂ ਲਈ ਇਕ ਧੁਰੇ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ । ਸੁਖੀ ਬਾਠ ਜੋ ਕਿ ਸਫਲ ਵਪਾਰੀ ਹੈ ਨੇ ਜੀਵਨ ਦੀਆਂ ਪਦਾਰਥਕ ਪ੍ਰਾਪਤੀਆਂ ਦੇ ਨਾਲ-ਨਾਲ ਸਾਹਿਤ ਤੇ ਸਮਾਜ ਦੀ ਸੇਵਾ ਲਈ ਸਰੀ ਵਿੱਚ ਕੇਂਦਰ ਸਥਾਪਤ ਕੀਤਾ ਹੈ । ਸਟੂਡੀਓ-7 ਦਾ ਸਰੀ ਵਿੱਚ ਆਪਣਾ ਨਿਵੇਕਲਾ ਸਥਾਨ ਹੈ । ਇਸ ਕੇਂਦਰ ਦੀ ਵਿਸ਼ੇਸ਼ਤਾ ਇਹ ਰਹੀ ਹੈ ਕਿ ਜਿਥੇ ਇਹ ਕੇਂਦਰ ਪੰਜਾਬੀ ਜੀਵਨ ਵਰਤਾਰੇ ਦੀ ਝਲਕ ਪ੍ਰਦਾਨ ਕਰਦਾ ਹੈ ਉੱਥੇ ਸੁਖੀ ਬਾਠ ਵਲੋਂ ਸਮਾਗਮਾਂ ਲਈ ਵਿਸ਼ੇਸ਼ ਸਹੂਲਤਾਂ ਮੁਫ਼ਤ ਵਿੱਚ ਪ੍ਰਦਾਨ ਕੀਤੀਆਂ ਜਾਂਦੀਆਂ ਹਨ । ਸਾਜੋ ਸਮਾਨ ਨਾਲ ਲੈਸ ਸੈਮੀਨਾਰ ਹਾਲ ਦਾ ਕਿਸੇ ਕੋਲੋਂ ਵੀ ਕੋਈ ਕਿਰਾਇਆ ਹੀ ਨਹੀਂ ਲਿਆ ਜਾਂਦਾ ਸਗੋਂ ਖਾਣ-ਪੀਣ ਦਾ ਵੀ ਮੁਫ਼ਤ ਪ੍ਰਬੰਧ ਕੀਤਾ ਜਾਂਦਾ ਹੈ ਜਿਸਦਾ ਪ੍ਰਬੰਧ ਕਰਨ ਲਈ ਕਮਿਕਰ ਸਿੰਘ ਚਾਂਦ ਵਰਗੇ ਗਜ਼ਲਗੋ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ।

ਸਟੁਡੀਓ-7 ਦਾ ਨਵਾਂ ਰੂਪ ਪੰਜਾਬ ਭਵਨ ਆਪਣੇ ਆਪ ਵਿੱਚ ਕਈ ਪ੍ਰਾਪਤੀਆਂ ਦਾ ਸੋਮਾ ਸਾਬਤ ਹੋਣ ਜਾ ਰਿਹਾ ਹੈ । ਸੈਮੀਨਾਰ ਹਾਲ ਨੂੰ ਵੱਡਾ ਕਰਕੇ ਵੱਧੀਆ ਫਰਨੀਚਰ ਤੇ ਸਾਊਂਡ ਸਿਸਟਮ ਨਾਲ ਲੈਸ ਕੀਤਾ ਜਾ ਰਿਹਾ ਹੈ । ਪਰ ਇਸ ਤੋਂ ਵਧੇਰੇ ਪੰਜਾਬੀ ਸਭਿਆਚਾਰ ਦੀ ਸੰਭਾਲ ਲਈ ਮਲਟੀ ਮੀਡੀਆ ਕੇਂਦਰ ਵੀ ਸਥਾਪਤ ਕੀਤਾ ਜਾ ਰਿਹਾ ਹੈ ਜਿਸ ਰਾਹੀਂ ਕੈਨੇਡਾ ਵਿੱਚ ਪੰਜਾਬੀ ਸਭਿਆਚਾਰ ਦੀ ਸਾਂਭ ਸੰਭਾਲ ਦੇ ਵਿਸ਼ੇਸ਼ ਉਦਮ ਕੀਤੇ ਜਾਣੇ ਹਨ ।

ਸਰੀ ਵਿੱਚ ਸਥਾਪਤ ਕੀਤਾ ਜਾਣ ਵਾਲਾ ਪੰਜਾਬ ਭਵਨ, ਵਿਸ਼ਵ ਦਾ ਤੀਜਾ ਭਵਨ ਬਨਣ ਜਾ ਰਿਹਾ ਹੈ ਜਦੋਂ ਕਿ ਦੂਜੇ ਦੋ ਚੰਡੀਗੜ੍ਹ ਤੇ ਦਿੱਲੀ ਵਿੱਚ ਸਰਕਾਰੀ ਰਿਹਾਇਸ਼ਗਾਹ ਹੀ ਹਨ ਜਦੋਂ ਕਿ ਵਿਦੇਸ਼ੀ ਧਰਤੀ ਤੇ ਨਿੱਜੀ ਯਤਨਾਂ ਨਾਲ ਦਸ ਕਮਰਿਆਂ ਦੀ ਰਿਹਾਇਸ਼ ਸਹੂਲਤ ਦੇ ਨਾਲ-ਨਾਲ ਵਿਸ਼ੇਸ਼ ਤੌਰ ਤੇ ਸਾਹਿਤਕ ਤੇ ਸਭਿਆਚਾਰਕ ਗਤੀਵਿਧੀਆਂ ਦੇ ਕੇਂਦਰ ਦੇ ਰੂਪ ਵਿੱਚ ਸਥਾਪਤ ਹੋਣਾ, ਹਰ ਪੰਜਾਬੀ ਲਈ ਉਸ ਤਰ੍ਹਾਂ ਹੀ ਮਾਣ ਵਾਲੀ ਗੱਲ ਹੈ ਜਿਵੇਂ ਕੈਨੇਡਾ ਵਿੱਚ ਪੰਜ ਪੰਜਾਬੀ ਕੇਂਦਰੀ ਮੰਤਰੀ ਹੋਵੇ ਜਾਂ ਪ੍ਰਧਾਨ ਮੰਤਰੀ ਟਰੂਡੋ ਦਾ ਕਾਮਾਗਾਟਾਮਾਰੂ ਸਬੰਧੀ ਪਾਰਲੀਮੈਂਟ ਵਿੱਚ ਮਾਫ਼ੀ ਮੰਗਣੀ ਹੈ । ਸਥਾਪਤ ਕੀਤੇ ਜਾਣ ਵਾਲਾ ਪੰਜਾਬ ਭਵਨ ਵਾਸਤਵ ਵਿੱਚ ਕੈਨੇਡਾ ਦੀ ਧਰਤੀ ਤੇ ਪੰਜਾਬੀ ਪਹਿਚਾਣ ਨੂੰ ਸੰਭਾਲਣ ਤੇ ਪਹਿਚਾਣ ਦਾ ਕੇਂਦਰ ਬਨਣ ਜਾ ਰਿਹਾ ਹੈ ਜਿਸ ਵਿੱਚ ਪੰਜਾਬੀ ਸਾਹਿਤ ਦੀ ਪ੍ਰਕਾਸ਼ਨਾ, ਪੰਜਾਬੀ ਸਭਿਆਚਾਰ ਦੇ ਪ੍ਰਚਾਰ ਲਈ ਡਾਕੂਮੈਂਟਰੀ ਫਿਲਮਾਂ ਦੇ ਨਿਰਮਾਣ ਲਈ ਵੀ ਸਹੂਲਤਾਂ ਪ੍ਰਦਾਨ ਕਰਨ ਦੀ ਯੋਜਨਾ ਹੈ ।

ਉਮੀਦ ਕੀਤੀ ਜਾ ਰਹੀ ਹੈ ਕਿ ਜਿਸ ਤਰ੍ਹਾਂ ਜਲੰਧਰ ਦੇ ਪਤਾਰਾਂ ਪਿੰਡ ਦਾ ਲਾਇਲਪੁਰ ਖ਼ਾਲਸਾ ਕਾਲਜ ਦਾ ਪੜ੍ਹਿਆ ਸੁਖੀ ਬਾਠ ਕੈਨੇਡਾ ਦੀ ਧਰਤੀ ਤੇ ‘ਪੰਜਾਬ ਭਵਨ’ ਦੀ ਉਸਾਰੀ ਨਾਲ ਪੰਜਾਬੀ ਸਾਹਿਤ, ਕਲਾ ਤੇ ਸਭਿਆਚਾਰ ਦੀ ਸਾਂਭ ਸੰਭਾਲ ਲਈ ਨਿਸ਼ਕਾਮ ਸੇਵਕ ਵਜੋਂ ਕੰਮ ਕਰਨ ਲਈ ਪ੍ਰਤੀਬੱਧ ਹੈ, ਉਸੇ ਤਰ੍ਹਾਂ ਕੈਨੇਡਾ ਵਿੱਚ ਪੰਜਾਬੀਆਂ ਦੇ ਇਤਿਹਾਸ ਸਾਹਿਤ ਤੇ ਸਭਿਆਚਾਰ ਸਬੰਧੀ ਠੋਸ ਸਮਗਰੀ ਤਿਆਰ ਕਰਨ ਲਈ ਕੈਨੇਡੀਅਨ ਪੰਜਾਬੀ ਪਰਵਾਸੀ ਅਧਿਐਨ ਕੇਂਦਰ ਵਜੋਂ ਵੀ ਸਥਾਪਤ ਕਰੇਗਾ ਤੇ ਇਸ ਲਈ ਡਾਕੂਮੈਂਟੇਸ਼ਨ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ ।

ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਸਰੀ ਵਿੱਚ ਪੰਜਾਬ ਭਵਨ ਦੀ ਸਥਾਪਨਾ ਇਕ ਸ਼ੁਰੂਆਤ ਹੈ, ਸੁਖ ਬਾਠ ਤੋਂ ਪ੍ਰੇਰਣਾ ਲੈ ਕੇ ਕੈਨੇਡਾ ਦੀ ਧਰਤੀ ਤੇ ਵੱਖ-ਵੱਖ ਖਿਤਿਆਂ ਵਿੱਚ ਵੀ ਪੰਜਾਬ ਭਵਨ ਸਥਾਪਤ ਹੋਣਗੇ ਤੇ ਇਹ ਭਵਨ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਕੈਨੇਡਾ ਦੀ ਧਰਤੀ ਤੇ ਝੰਡਾ ਬੁਲੰਦ ਕਰਨਗੇ । ਇਸ ਤਰ੍ਹਾਂ ਸਹੀ ਅਰਥਾਂ ਵਿੱਚ ਤੀਸਰੇ ਪੰਜਾਬ ਦੀ ਸਥਾਪਨਾ ਹੋਵੇਗੀ ਜਿਵੇਂ ਕਿ ਪਹਿਲਾਂ ਭਾਰਤੀ ਪੰਜਾਬ ਤੇ ਪਾਕਿਸਤਾਨੀ ਪੰਜਾਬ ਹਨ ਉਸੇ ਤਰ੍ਹਾਂ ਹੀ ਕੈਨੇਡੀਅਨ ਪੰਜਾਬ ਇਕ ਸੁਪਨਾ ਨਹੀਂ ਸਗੋਂ ਹਕੀਕਤ ਬਣਕੇ ਸਾਡੇ ਸਾਹਮਣੇ ਹੈ ।

ਪੰਜਾਬੀ, ਸਾਹਿਤ, ਕਲਾ ਤੇ ਸਭਿਆਚਾਰ ਦੀ ਪਹਿਚਾਣ ਸਥਾਪਤ ਕਰਨ ਲਈ ਪ੍ਰਤੀਬੱਧ ਕੈਨੇਡੀਅਨ ਪੰਜਾਬੀ ਭਾਈਚਾਰਾ ਵਧਾਈ ਦਾ ਪਾਤਰ ਹੈ ਤੇ ਆਸ ਕੀਤੀ ਜਾ ਸਕਦੀ ਹੈ ਕਿ ਸੁਖੀ ਬਾਠ ਵਰਗੇ ਹੋਰ ਵੀ ਪੰਜਾਬ , ਪੰਜਾਬੀ ਤੇ ਪੰਜਾਬੀਅਤ ਨੂੰ ਪਰਨਾਏ ਪੰਜਾਬ ਦੇ ਸੱਚੇ ਤੇ ਸੁੱਚੇ ਜਾਏ ਇਨ੍ਹਾਂ ਕਾਰਜਾਂ ਲਈ ਯਤਨਸ਼ੀਲ ਹੋਣਗੇ ।-ਸਾਬਕਾ ਕੁਲਪਤੀ

ਗੁਰੂ ਨਾਨਕ ਦੇਵ ਯੂਨੀਵਰਸਿਟੀ

ਅੰਮ੍ਰਿਤਸਰ

Share:

Facebook
Twitter
Pinterest
LinkedIn
matrimonail-ads
On Key

Related Posts

gurnaaz-new flyer feb 23
Elevate-Visual-Studios
Ektuhi Gurbani App
Select your stuff
Categories
Guardian Ads - Qualicare
Get The Latest Updates

Subscribe To Our Weekly Newsletter

No spam, notifications only about new products, updates.