ਬ੍ਰਿਟਿਸ਼ ਕੋਲੰਬੀਆ, (ਬਿਊਰੋ)— ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ‘ਚ ਇਕ ਭਾਰਤੀ ਰੈਸਟੋਰੈਂਟ ਨੂੰ ਬੀ. ਸੀ. ਇੰਪਲੋਇਮੈਂਟ ਸਟੈਂਡਰਡ ਟ੍ਰਿਬਿਊਨਲ (ਰੋਜ਼ਗਾਰ ਟ੍ਰਿਬਿਊਨਲ) ਨੇ ਭਾਰੀ ਜ਼ੁਰਮਾਨਾ ਠੋਕਿਆ ਹੈ। ਇਸ ਭਾਰਤੀ ਰੈਸਟੋਰੈਂਟ ‘ਚ ਕੰਮ ਕਰਨ ਵਾਲੇ ਭਾਰਤੀ ਵਰਕਰ ਬ੍ਰਿਜੇਸ਼ ਮੋਹਨ ਨੇ ਦੱਸਿਆ ਕਿ ਉਸ ਨੂੰ ਸਾਲ ਭਰ ਕੰਮ ਕਰਨ ਦੇ ਬਾਵਜੂਦ ਉਸ ਦੀ ਬਣਦੀ ਤਨਖਾਹ ਨਹੀਂ ਦਿੱਤੀ ਗਈ ਅਤੇ ਉਸ ਨੂੰ ਅਗਲਾ ਕਦਮ ਚੁੱਕਣਾ ਪਿਆ । ਹੁਣ ਰੋਜ਼ਗਾਰ ਟ੍ਰਿਬਿਊਨਲ ਨੇ ਭਾਰਤੀ ਰੈਸਟੋਰੈਂਟ ਨੂੰ ਹੁਕਮ ਦਿੱਤਾ ਹੈ ਕਿ ਉਹ 32,702 ਡਾਲਰ ਬ੍ਰਿਜੇਸ਼ ਨੂੰ ਭੁਗਤਾਨ ਕਰੇ। ਬ੍ਰਿਜੇਸ਼ ਕੈਨੇਡਾ ‘ਚ ਕੱਚਾ (ਟੈਂਮਪਰੇਰੀ) ਵਰਕਰ ਸੀ। ਰੋਜ਼ਗਾਰ ਟ੍ਰਿਬਿਊਨਲ ਨੇ ਦੱਸਿਆ ਕਿ ਨਵੰਬਰ 2016 ਤੋਂ ਫਰਵਰੀ 2017 ਦੌਰਾਨ ਬ੍ਰਿਜੇਸ਼ ਨੇ ਰੈਸਟੋਰੈਂਟ ‘ਚ ਤੰਦੂਰੀ ਰੋਟੀ ਬਣਾਉਣ ਦਾ ਕੰਮ ਕੀਤਾ ਪਰ ਉਸ ਨੂੰ ਤਨਖਾਹ ਨਹੀਂ ਦਿੱਤੀ ਗਈ।
ਬ੍ਰਿਜੇਸ਼ ਨੇ ਦੋਸ਼ ਲਗਾਇਆ ਸੀ ਕਿ ਰੈਸਟੋਰੈਂਟ ਨੇ ਉਸ ਨੂੰ ਉਸ ਦੀ ਤਨਖਾਹ, ਓਵਰਟਾਈਮ ਅਤੇ ਸਲਾਨਾ ਛੁੱਟੀਆਂ ਦੀ ਤਨਖਾਹ ਨਹੀਂ ਦਿੱਤੀ। ਰੋਜ਼ਗਾਰ ਟ੍ਰਿਬਿਊਨਲ ਵੱਲੋਂ ਰੈਸਟੋਰੈਂਟ ਨੂੰ ਬ੍ਰਿਜੇਸ਼ ਦੀ ਬਣਦੀ ਤਨਖਾਹ ਦੇ ਨਾਲ-ਨਾਲ ਐਡਮਨਿਸਟ੍ਰੇਸ਼ਨ ਫੀਸ ਵੀ ਭਰਨ ਦਾ ਹੁਕਮ ਦਿੱਤਾ ਗਿਆ ਹੈ। ਰੈਸਟੋਰੈਂਟ ਦੇ ਮਾਲਕ ਨੇ ਇਸ ਮਸਲੇ ‘ਤੇ ਗੱਲ ਕਰਨ ਤੋਂ ਨਾਂਹ ਕਰ ਦਿੱਤੀ ਹੈ। ਉਸ ਨੇ ਕਿਹਾ ਕਿ ਉਨ੍ਹਾਂ ਨਾਲ ਇਨਸਾਫ ਨਹੀਂ ਹੋਇਆ। ਰੈਸਟੋਰੈਂਟ ਵੱਲੋਂ ਇਕ ਅਪੀਲ ਵੀ ਕੀਤੀ ਗਈ ਸੀ ਜੋ ਰੋਜ਼ਗਾਰ ਟ੍ਰਿਬਿਊਨਲ ਨੇ ਰੱਦ ਕਰ ਦਿੱਤੀ ਸੀ। ਫੈਡਰਲ ਸਰਕਾਰੀ ਵੈੱਬਸਾਈਟ ਮੁਤਾਬਕ ‘ਟੈਂਮਪਰੇਰੀ ਵਿਦੇਸ਼ੀ ਵਰਕਰਜ਼ ਪ੍ਰੋਗਰਾਮ’ ਅਧੀਨ ਵਿਦੇਸ਼ੀ ਵਰਕਰਾਂ ਨੂੰ ਟੈਂਮਪਰੇਰੀ ਲੇਬਰ ਲਈ ਰੱਖਿਆ ਜਾਂਦਾ ਹੈ। ਇਸ ਦੇ ਨਾਲ ਹੀ ਵਿਦੇਸ਼ੀ ਵਰਕਰਾਂ ਨੂੰ ਦੱਸਣਾ ਪੈਂਦਾ ਹੈ ਕਿ ਉਨ੍ਹਾਂ ਨੂੰ ਕੋਈ ਚੰਗੀ ਨੌਕਰੀ ਜਾਂ ਰਹਿਣ ਲਈ ਪੱਕੀ ਥਾਂ ਨਹੀਂ ਮਿਲ ਸਕੀ।