ਭਾਜਪਾ ਭਾਰਤ ਦੇਸ਼ ਦੀ ਸੱਭ ਤੋਂ ਵੱਡੀ ਸਿਆਸੀ ਪਾਰਟੀ ਹੋਣ ਦਾ ਰੁਤਬਾ ਹਾਸਲ ਕਰ ਚੁੱਕੀ ਹੈ। ਪਰ ਇਸ ਦੀ ਲੀਡਰਸ਼ਿਪ ਅਜੇ ਸੰਤੁਸ਼ਟ ਹੋਈ ਨਹੀਂ ਜਾਪ ਰਹੀ। ਉਹ ਚਾਹੁੰਦੀ ਹੈ ਕਿ ਉਹ ਭਾਰਤ ਦੀ ਸੱਭ ਤੋਂ ਸ਼ਕਤੀਸ਼ਾਲੀ ਸਿਆਸੀ ਪਾਰਟੀ ਬਣ ਜਾਏ ਤੇ ਉਸ ਦਾ ਮੁਕਾਬਲਾ ਕਰਨ ਵਾਲੀ ਹਰ ਕੋਈ ਵਿਰੋਧੀ ਪਾਰਟੀ ਨਾ ਬਚੀ ਰਹਿ ਜਾਏ। ਇਸੇ ਲਈ ‘ਕਾਂਗਰਸ ਮੁਕਤ ਭਾਰਤ’ ਦਾ ਨਾਹਰਾ ਦਿਤਾ ਗਿਆ ਹੈ।
ਕੇਂਦਰ ਵਿਚ ਤਾਕਤਵਰ ਬਣਨ ਦੇ ਨਾਲ-ਨਾਲ ਉਹ ਰਾਜਾਂ ਵਿਚ ਵੀ ਅਪਣਾ ਦਬਦਬਾ ਕਾਇਮ ਕਰਨਾ ਚਾਹੁੰਦੀ ਹੈ ਜਿਸ ਦਾ ਹੀ ਕਾਰਨ ਹੈ ਕਿ ਉਹ ਕਸ਼ਮੀਰ ਵਿਚ ਪੀ.ਡੀ.ਪੀ. ਵਰਗੀਆਂ ਬੀਜੇਪੀ ਦੇ ਐਨ ਉਲਟ ਵਿਚਾਰਧਾਰਾ ਪਾਲਣ ਵਾਲੀਆਂ ਪਾਰਟੀਆਂ ਨਾਲ ਵੀ ਸਾਂਝ ਪਾ ਬੈਠੀ ਹੈ ਤਾਕਿ ਹਰ ਰਾਜ ਵਿਚ ਸਰਕਾਰ ਜਾਂ ਤਾਂ ਬੀਜੇਪੀ ਦੀ ਹੋਵੇ ਜਾਂ ਉਸ ਦੇ ਸਿਆਸੀ ਭਾਈਵਾਲਾਂ ਦੀ। ਇਸ ਮਨਸੂਬੇ ਅਧੀਨ ਉਤਰਾਖੰਡ ਤੇ ਅਰੁਣਾਂਚਲ ਵਿਚ ਕਾਂਗਰਸੀ ਸਰਕਾਰਾਂ ਨੂੰ ਡੇਗਣ ਦੇ ਯਤਨ ਕੀਤੇ ਗਏ। ‘ਆਪ’ ਪਾਰਟੀ ਨਾਲ ਜੰਗ ਚਲਦੀ ਆ ਰਹੀ ਹੈ ਤੇ ਉਸ ਨੇ ਫਿਰ ਤੋਂ ਇਕ ਗ਼ੈਰ ਲੋਕਤੰਤਰੀ ਰੂਪ ਧਾਰ ਲਿਆ ਹੈ।ਰਾਸ਼ਟਰਪਤੀ ਦਾ ਗੌਰਵਮਈ ਪਦ ਵੀ ਸਿਆਸੀ ਲੋਕਾਂ ਦੀ ਸੱਤਾ ਦੀ ਹਵਸ ਦੇ ਪ੍ਰਛਾਵੇਂ ਹੇਠ ਆਉਂਦਾ ਜਾ ਰਿਹਾ ਹੈ। ਇਕ ਰਾਜ ਵਿਚ ਸਰਕਾਰ ਨੂੰ ਡੇਗਣ ਵਾਸਤੇ ਜਲਦੀ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਵਾ ਲੈਣਾ, ਕਦੇ ਕਾਹਲੀ-ਕਾਹਲੀ ਆਰਡੀਨੈਂਸ ਉਤੇ ਦਸਤਖ਼ਤ ਕਰਵਾ ਲੈਣੇ ਤੇ ਹੁਣ 21 ਸੀਟਾਂ ਤੇ ਚੁਣੇ ਹੋਏ ਵਿਧਾਇਕਾਂ ਦੇ ਸਿਰ ‘ਤੇ ਤਲਵਾਰ ਲਟਕਾ ਦੇਣੀ, ਕੀ ਸੰਵਿਧਾਨ ਦਾ ਸਤਿਕਾਰ ਤੇ ਗੌਰਵ ਉੱਚਾ ਕਰਨ ਵਾਲੀ ਕਾਰਵਾਈ ਹੈ ਜਾਂ ਨੀਵਾਂ ਕਰਨ ਵਾਲੀ?
ਭਾਰਤ ਦੀਆ ਸਾਰੀਆਂ ਪਾਰਟੀਆਂ ਅਪਣਾ ਕੰਮ ਵਿਖਾਉਣ ਦੀ ਬਜਾਏ ਇਕ ਦੂਜੇ ਉਤੇ ਨਜ਼ਰ ਰੱਖਣ ਵਲ ਜ਼ਿਆਦਾ ਧਿਆਨ ਦੇ ਰਹੀਆਂ ਹਨ। ਕਾਂਗਰਸ ਦੀ ਅੰਦਰੂਨੀ ਫੁੱਟ ਵਲ ਭਾਜਪਾ ਧਿਆਨ ਦੇਂਦੀ ਹੈ। ਭਾਜਪਾ ਦੇ ਆਗੂਆਂ ਦੀ ਕਾਰਗੁਜ਼ਾਰੀ ਅਤੇ ਬਿਆਨਾਂ ਤੇ ਕਾਂਗਰਸ ਦੀ ਅੱਖ ਟਿਕੀ ਰਹਿੰਦੀ ਹੈ। ਭਾਰਤ ਵਿੱਚ ਅੱਜ ਦੀ ਤਰੀਕ ਵਿਚ ਰਾਜਨੀਤੀ ਵਿਚ ਕੰਮ ਕਰਨ ਵਾਲੇ ਸੱਚੇ ਈਮਾਨਦਾਰ ਸਿਆਸਤਦਾਨ ਲਈ ਕੋਈ ਜਗ੍ਹਾ ਨਹੀਂ ਬਲਕਿ ਇਕ ਸ਼ਾਤਰ ਸਿਆਸਤਦਾਨ ਜੋ ਸੱਚ ਝੂਠ ਵਿਚ ਅੰਤਰ ਨਾ ਸਮਝਦਾ ਹੋਵੇ ਪਰ ਜਿੱਤ ਪ੍ਰਾਪਤ ਕਰਨ ਲਈ, ਲੋਕਾਂ ਕੋਲੋਂ ਲੁੱਟੀ ਮਾਇਆ ਨਾਲ ਕੋਈ ਮਾੜਾ ਤੋਂ ਮਾੜਾ ਹਰਬਾ ਵੀ ਵਰਤਣ ਤੋਂ ਗੁਰੇਜ਼ ਨਾ ਕਰਦਾ ਹੋਵੇ, ਉਹ ਇਸ ਖੇਡ ਦਾ ਸ਼ਾਹਅਸਵਾਰ ਮੰਨਿਆ ਜਾਂਦਾ ਹੈ। ਸਿਆਸਤ ਵਿਚ ਆਈ ਇਹ ਗਿਰਾਵਟ ਅਸਲ ਵਿਚ ਸਾਡੇ ਸਮਾਜ ਦੀ ਗਿਰਾਵਟ ਦਾ ਪ੍ਰਤੀਬਿੰਬ (ਪ੍ਰਛਾਵਾਂ) ਹੀ ਹੈ।
-ਨਿਮਰਤ ਕੌਰ
ਅਸਿਸਟੈਂਟ ਐਡੀਟਰ