ਅਵਤਾਰ ਧੀਮਾਨ, ਜ਼ੀਰਕਪੁਰ : ਜ਼ੀਰਕਪੁਰ ਦੇ ਇਕ ਹੋਟਲ ‘ਚ ਬੀਤੇ ਸੱਤ ਸਾਲ ਤੋਂ ਕੁੱਕ ਦਾ ਕੰਮ ਕਰ ਰਹੇ 28 ਸਾਲਾਂ ਨੌਜਵਾਨ ਦੀ ਸ਼ੱਕੀ ਹਾਲਤ ‘ਚ ਹੋਈ ਮੌਤ ਤੋਂ ਬਾਅਦ ਮਿ੍ਤਕ ਦੇ ਵਾਰਸਾਂ ਨੇ ਪੋਸਟਮਾਰਟਮ ਤੋਂ ਬਾਅਦ ਜ਼ੀਰਕਪੁਰ ਦੇ ਹੋਟਲ ਵਿਖੇ ਲਾਸ਼ ਰੱਖ ਕੇ ਹੰਗਾਮਾ ਕੀਤਾ। ਪੁਲਿਸ ਨੇ ਮੌਕ ‘ਤੇ ਪੁੱਜ ਕੇ ਲੋਕਾਂ ਨੂੰ ਸ਼ਾਤ ਕੀਤਾ ਜਿਸ ਤੋਂ ਬਾਅਦ ਉਹ ਮਿ੍ਤਕ ਦੀ ਲਾਸ਼ ਨੂੰ ਸਸਕਾਰ ਲਈ ਲਿਜਾਣ ਲਈ ਰਾਜੀ ਹੋਏ। ਪੁਲਿਸ ਸੂਤਰਾਂ ਅਨੁਸਾਰ ਧੀਰਜ ਸਿੰਘ ਪੁੱਤਰ ਮੋਹਣ ਸਿੰਘ ਵਾਸੀ ਪਿੰਡ ਆਲਕੋਟ ਜ਼ਿਲ੍ਹਾ ਚਮੌਲੀ ਉੱਤਰਾਖੰਡ ਜ਼ੀਰਕਪੁਰ ਦੇ ਹੋਟਲ ਪ੍ਰਭਾਤ ਵਿਖੇ ਬੀਤੇ ਸੱਤ ਸਾਲ ਤੋਂ ਬਤੌਰ ਕੁੱਕ ਦਾ ਕੰਮ ਕਰਦਾ ਸੀ। ਧੀਰਜ ਦੇ ਪਿਤਾ ਮੋਹਣ ਲਾਲ ਨੇ ਪੁਲਿਸ ਨੂੰ ਦਿੱਤੇ ਬਿਆਨ ‘ਚ ਦੱਸਿਆ ਕਿ ਬੀਤੀ ਕੱਲ੍ਹ ਸ਼ਾਮ ਕਰੀਬ ਪੰਜ ਵਜੇ ਹੋਟਲ ਦੇ ਮਾਲਕ ਅਨੁਭਵ ਭਾਰਦਵਾਜ ਨੇ ਉਸ ਨੂੰ ਫੋਨ ਰਾਹੀਂ ਸੂਚਨਾ ਦਿੱਤੀ ਸੀ ਕਿ ਉਹ ਧੀਰਜ ਨੂੰ ਇਲਾਜ ਲਈ ਪੰਚਕੂਲਾ ਦੇ ਸੈਕਟਰ-6 ਸਥਿਤ ਹਸਪਤਾਲ ਵਿਖੇ ਇਲਾਜ ਲਈ ਲਿਆਇਆ ਗਿਆ ਸੀ ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ ਹੈ। ਉਸ ਨੇ ਦੱਸਿਆ ਕਿ ਅੱਜ ਜਦ ਉਸ ਨੇ ਮੌਕੇ ‘ਤੇ ਪੁੱਜ ਕੇ ਧੀਰਜ ਦੀ ਲਾਸ਼ ਵੇਖੀ ਤਾਂ ਉਸ ਦੀ ਛਾਤੀ ‘ਤੇ ਸੱਟ ਦੇ ਨਿਸ਼ਾਨ ਸਨ। ਜਦਕਿ ਉਸ ਨੂੰ ਦੱਸਿਆ ਗਿਆ ਸੀ ਕਿ ਧੀਰਜ ਬੀਤੇ ਚਾਰ ਦਿਨ ਤੋਂ ਸ਼ਰਾਬ ਪੀ ਰਿਹਾ ਸੀ ਜਿਸ ਕਾਰਨ ਉਸ ਦੀ ਸਿਹਤ ਖ਼ਰਾਬ ਹੋ ਗਈ ਸੀ।

ਪੁਲਿਸ ਵੱਲੋਂ ਮੋਹਣ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਮਿ੍ਤਕ ਦਾ ਪੋਸਟਮਾਰਟਮ ਕਰਵਾ ਕੇ ਉਸ ਦੀ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਸੀ ਪਰ ਉਸ ਤੋਂ ਬਾਅਦ ਮਿ੍ਤਕ ਦੇ ਵਾਰਸ ਅਤੇ ਗਢਵਾਲ ਸਮਾਜ ਦੇ ਲੋਕਾਂ ਨੇ ਉਸ ਦੀ ਲਾਸ਼ ਨੂੰ ਲੈ ਜ਼ੀਰਕਪੁਰ ਦੇ ਪ੍ਰਭਾਤ ਹੋਟਲ ਵਿਖੇ ਪੁੱਜ ਗਏ ਅਤੇ ਉਨ੍ਹਾਂ ਨੇ ਹੰਗਾਮਾ ਆਰੰਭ ਕਰ ਦਿੱਤਾ।

ਮੌਕੇ ‘ਤੇ ਮਿ੍ਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਹੋਟਲ ਮਾਲਕਾ ਦੇ ਕਹਿਣ ਅਨੁਸਾਰ ਜ਼ਿਆਦਾ ਸ਼ਰਾਬ ਪੀਣ ਨਾਲ ਨਹੀਂ ਹੋਈ ਸਗੋਂ ਉਸ ਨੂੰ ਕਿਸੇ ਹੋਰ ਤਰੀਕੇ ਨਾਲ ਮਾਰਿਆ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਦ ਰਾਤ ਉਹ ਕਰੀਬ 11 ਵਜੇ ਹੋਟਲ ਪੁੱਜੇ ਤਾਂ ਹੋਟਲ ਵਾਲਿਆਂ ਨੇ ਹੋਟਲ ਦਾ ਦਰਵਾਜਾ ਤੱਕ ਨਹੀਂ ਖੋਲਿ੍ਹਆ ਜਦਕਿ ਪੁਲਿਸ ਨੂੰ ਫੋਨ ਕਰਨ ‘ਤੇ ਵੀ ਪੁਲਿਸ ਨੇ ਉਨ੍ਹਾਂ ਨੂੰ ਸਵੇਰੇ ਪੁਲਿਸ ਸਟੇਸ਼ਨ ‘ਚ ਆਉਣ ਲਈ ਕਿਹਾ।

ਮਾਮਲੇ ਸਬੰਧੀ ਤਫ਼ਤੀਸ਼ੀ ਅਫ਼ਸਰ ਨਿਰਮਲ ਸਿੰਘ ਨੇ ਕਿਹਾ ਕਿ ਪੁਲਿਸ ਨੇ ਮਿ੍ਤਕ ਦੇ ਪਿਤਾ ਦੇ ਬਿਆਨ ‘ਤੇ ਕਾਰਵਾਈ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ। ਉਨ੍ਹਾਂ ਕਿਹਾ ਕਿ ਜੇਕਰ ਉਸ ਸਮੇਂ ਮਾਮਲੇ ‘ਚ ਕੁਝ ਸ਼ੱਕੀ ਪਾਇਆ ਜਾਂਦਾ ਹੈ ਤਾਂ ਉਸ ਹਿਸਾਬ ਨਾਲ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।