ਹਰਮੇਸ਼ ਸਿੰਘ ਮੇਸ਼ੀ, ਦਿੜ੍ਹਬਾ

ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਵੱਲੋਂ ਬਲਾਕ ਦਿੜ੍ਹਬਾ ਦੀ ਮੀਟਿੰਗ ਬਲਾਕ ਪ੍ਰਧਾਨ ਵਿੰਦਰ ਸਿੰਘ ਦਿੜ੍ਹਬਾ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਬਾਬਾ ਬੈਰਸੀਆਣਾਂ ਵਿਖੇ ਕੀਤੀ ਗਈ। ਮੀਟਿੰਗ ‘ਚ ਵੱਖ-ਵੱਖ ਪਿੰਡ ਇਕਾਈ ਪ੍ਰਧਾਨਾਂ ਨੇ ਸ਼ਮੂਲੀਅਤ ਕੀਤੀ।

ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਦਿਲਬਾਗ ਸਿੰਘ ਹਰੀਗੜ੍ਹ ਨੇ ਕਿਹਾ ਕਿ ਉਤਰੀ ਭਾਰਤ ਦੀਆਂ 16 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਸਮੁੱਚੇ ਪੰਜਾਬ ਅੰਦਰ 28 ਸਤੰਬਰ ਤੋਂ 30 ਸਤੰਬਰ ਤੱਕ ਰੇਲਾਂ ਦਾ ਚੱਕਾ ਜਾਮ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਸੁਆਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰ ਕੇ ਕਿਸਾਨਾਂ ਦੀ ਆਮਦਨ ਦੁੱਗਣੀ ਕਰੇਗੀ। ਕਿਸਾਨਾਂ ਮਜ਼ਦੂਰਾਂ ਦੇ ਸਮੁੱਚੇ ਕਰਜੇ ਖਤਮ ਕਰੇਗੀ। ਸਾਰੀਆਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਤੈਅ ਕਰ ਕੇ ਸਰਕਾਰੀ ਖਰੀਦ ਦੀ ਗਰੰਟੀ ਕਰੇਗੀ। ਪਰ ਕੇਂਦਰ ਸਰਕਾਰ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ ਉਲਟਾ ਦੇਸ਼ ਅੰਦਰ ਧਾਰਮਿਕ ਫਿਰਕਾਪ੍ਰਸਤੀ ਤਹਿਤ ਦੰਗੇ ਕਰਵਾਏ ਜਾ ਰਹੇ ਹਨ। ਅਸਲ ਲੋਕ ਮੁੱਦਿਆਂ ਤੋਂ ਧਿਆਨ ਹਟਾਉਣ ਅਤੇ ਲੋਕਾਂ ਨੂੰ ਘਰਾਂ ਵਿਚ ਤਾੜ ਕੇ ਰੱਖਣ ਲਈ ਜਾਣ ਬੁੱਝ ਕੇ ਤਣਾਅ ਤੇ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ।

ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਪੰਜਾਹ ਹਜਾਰ ਕਰੋੜ ਰੁਪਏ ਦੀ ਰਾਸੀ ਹੜ੍ਹਾਂ ਤੋਂ ਪ੍ਰਭਾਵਿਤ ਸੂਬਿਆਂ ਨੂੰ ਤੁਰੰਤ ਰਾਹਤ ਦੇਣ ਲਈ ਜਾਰੀ ਕਰੇ, ਮਨਰੇਗਾ ਵਿੱਚ ਮਜ਼ਦੂਰਾਂ ਲਈ 200 ਦਿਨ ਕੰਮ ਦੀ ਗਾਰੰਟੀ ਕੀਤੀ ਜਾਵੇ। ਸਾਰੀਆਂ ਫ਼ਸਲਾਂ, ਸਬਜ਼ੀਆਂ ਤੇ ਫ਼ਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਤੈਅ ਕਰ ਕੇ ਖਰੀਦ ਦੀ ਗਰੰਟੀ ਕੀਤੀ ਜਾਵੇ। ਦੇਸ਼ ਵਿੱਚ ਮਹਾਮਾਰੀ ਦਾ ਰੂਪ ਧਾਰ ਰਹੇ ਸਿੰਥੈਟਿਕ ਨਸ਼ਿਆਂ ਦੀ ਰੋਕਥਾਮ ਲਈ ਢੁੱਕਵੀਂ ਨੀਤੀ ਅਪਣਾਈ ਜਾਵੇ। ਨਸ਼ੇ ਦੇ ਵੱਡੇ ਸੌਦਾਗਰਾਂ ਦੀ ਨਿਸ਼ਾਨਦੇਹੀ ਕੀਤੀ ਜਾਵੇ। ਇਨਾਂ੍ਹ ਵੱਲੋਂ ਚਲਾਈਆਂ ਜਾ ਰਹੀਆਂ ਨਸ਼ਾ ਬਣਾਉਣ ਵਾਲਿਆਂ ਸਾਰੀਆਂ ਫੈਕਟਰੀਆਂ ਤੁਰੰਤ ਬੰਦ ਕੀਤੀਆਂ ਜਾਣ। ਕਿਸਾਨ ਆਗੂਆਂ ਨੇ ਕਿਹਾ ਕਿ ਸੰਗਰੂਰ ਵੱਲੋਂ ਸੁਨਾਮ ਵਿਖੇ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ।

ਆਗੂਆਂ ਨੇ ਕਿਹਾ ਕਿ ਲੋਕਾਂ ਦੀ ਖੱਜਲ-ਖੁਆਰੀ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੋਵੇਗੀ। ਇਸ ਮੀਟਿੰਗ ‘ਚ ਗੁਰਮੇਲ ਸਿੰਘ ਕੈਪਰ, ਸਤਪਾਲ ਸਿੰਘ ਹਰੀਗੜ, ਰਣਬੀਰ ਸਿੰਘ ਬਘਰੌਲ, ਬਿੱਕਰਜੀਤ ਸਿੰਘ ਕੌਹਰੀਆਂ, ਮਾਂਗਾ ਸਿੰਘ ਸ਼ਾਦੀਹਰੀ, ਗੁਰਚਰਨ ਸਿੰਘ ਖੇਤਲਾ, ਹਰਪਾਲ ਸਿੰਘ ਸੂਲਰ, ਬੁੱਧ ਸਿੰਘ ਸਿੰਧੜਾਂ, ਬਘੇਲਾ ਸਿੰਘ ਦਿੜ੍ਹਬਾ, ਹਰਭਗਵਾਨ ਸਿੰਘ ਕੈਪਰ, ਸ਼ੇਰ ਸਿੰਘ ਤੂਰਬੰਜਾਰਾ, ਪਾਲਾ ਸਿੰਘ ਸ਼ਾਦੀਹਰੀ, ਜਸਪ੍ਰਰੀਤ ਬੱਬੂ ਹਰੀਗੜ੍ਹ, ਬੀਰਮ ਦਾਸ ਕੈਪਰ ਹਾਜ਼ਰ ਸਨ।