ਅਮਰੀਕੀ ਸਰਕਾਰ ਦੀ ਏਜੰਸੀ ‘ਨੈਸ਼ਨਲ ਸਾਇੰਸ ਫਾਊਂਡੇਸ਼ਨ (ਐੱਨਐੱਸਐੱਫ) ਦੇ ਅੰਕੜਿਆਂ ਦੇ ਮੁਤਾਬਕ, 2018 ‘ਚ ਦੁਨੀਆ ਭਰ ‘ਚ ਵਿਗਿਆਨੀ ਲੇਖਾਂ ਦੇ ਪ੍ਰਕਾਸ਼ਨ ਦੀ ਗਿਣਤੀ ਵੱਧ ਕੇ 25,55,959 ਹੋ ਗਈ ਜਦਕਿ 2008 ‘ਚ ਇਹ ਗਿਣਤੀ 17,55,850 ਸੀ। ਵਿਸ਼ਵ ਪੱਧਰ ‘ਤੇ ਇਹ ਵਾਧਾ 10 ਸਾਲ ‘ਚ ਔਸਤਨ ਚਾਰ ਫ਼ੀਸਦੀ ਸਾਲਾਨਾ ਰਹੀ।

ਭਾਰਤ ‘ਚ 2008 ‘ਚ ਵਿਗਿਆਨ ਤੇ ਇੰਜੀਨੀਅਰਿੰਗ ‘ਤੇ 48,998 ਲੇਖ ਪ੍ਰਕਾਸ਼ਿਤ ਹੋਏ ਸਨ। ਜਦਕਿ 2018 ‘ਚ ਇਹ 10.73 ਫ਼ੀਸਦੀ ਦੀ ਔਸਤ ਸਾਲਾਨਾ ਵਾਧੇ ਦੇ ਨਾਲ ਵੱਧ ਕੇ 1,35,788 ਹੋ ਗਏ। ਦੁਨੀਆ ਭਰ ‘ਚ ਵਿਗਿਆਨ ਤੇ ਇੰਜੀਨੀਅਰਿੰਗ ‘ਤੇ ਪ੍ਰਕਾਸ਼ਿਤ ਕੁਲ ਲੇਖਾਂ ‘ਚ ਭਾਰਤ ਦਾ ਹਿੱਸਾ ਹੁਣ 5.31 ਫ਼ੀਸਦੀ ਹੋ ਗਿਆ ਹੈ। ਉੱਥੇ ਚੀਨ ‘ਚ ਪ੍ਰਕਾਸ਼ਿਤ ਲੇਖਾਂ ਦੀ ਗਿਣਤੀ 2008 ਦੇ 2,49,049 ਤੋਂ ਵੱਧ ਕੇ 2018 ‘ਚ 5,28,263 ਹੋ ਗਈ ਹੈ। ਚੀਨ ਦਾ ਔਸਤ ਸਾਲਾਨਾ ਵਾਧਾ ਦਰ 7.81 ਫ਼ੀਸਦੀ ਰਹੀ। ਜਦਕਿ, ਅਮਰੀਕਾ ‘ਚ ਪ੍ਰਕਾਸ਼ਿਤ ਲੇਖਾਂ ਦੀ ਗਿਣਤੀ 0.71 ਫੀਸਦੀ ਦੀ ਔਸਤ ਸਾਲਾਨਾ ਵਾਧਾ ਦਰ ਨਾਲ 2008 ਦੇ 3,93,979 ਦੇ ਮੁਕਾਬਲੇ 2018 ‘ਚ 4,22,808 ਹੋ ਗਈ।

ਇਸ ਮਾਮਲੇ ‘ਚ ਸਿਖਰਲੇ 10 ਦੇਸ਼ਾਂ ‘ਚ ਜਰਮਨੀ (1,04,396), ਜਾਪਾਨ (98,793), ਬਰਤਾਨੀਆ (97,681), ਰੂਸ (81,579), ਇਟਲੀ (71, 240), ਦੱਖਣੀ ਕੋਰੀਆ (66376) ਤੇ ਫਰਾਂਸ (66352) ਸ਼ਾਮਲ ਹਨ।

ਵੱਖ-ਵੱਖ ਦੇਸ਼ਾਂ ‘ਚ ਪ੍ਰਕਾਸ਼ਿਤ ਲੇਖਾਂ ਦਾ ਮੁਹਾਰਤ ਖੇਤਰ ਵੀ ਅਲੱਗ-ਅਲੱਗ ਰਿਹਾ। ਅਮਰੀਕਾ, ਯੂਰਪੀ ਯੂਨੀਅਨ ਦੇ ਦੇਸ਼ਾਂ ਤੇ ਜਾਪਾਨ ‘ਚ ਸਿਹਤ ਵਿਗਿਆਨ ਦੇ ਖੇਤਰ ‘ਚ ਜਦਕਿ ਚੀਨ ਤੇ ਭਾਰਤ ‘ਚ ਇੰਜੀਨੀਅਰਿੰਗ ‘ਤੇ ਜ਼ਿਆਦਾ ਲੇਖ ਪ੍ਰਕਾਸ਼ਿਤ ਹੋਏ।