ਆਨੰਦ ਦੂਬੇ, ਭੋਪਾਲ : ਭੋਪਾਲ ਦੇ ਕਿਸਾਨ ਨੇ ਇਕ ਹੀ ਪੌਦੇ ਤੋਂ ਬੈਂਗਣ ਤੇ ਟਮਾਟਰ ਦੀ ਫ਼ਸਲ ਲੈਣੀ ਸ਼ੁਰੂ ਕੀਤੀ ਹੈ। ਉਸ ਨੇ ਗ੍ਰਾਫਟਿੰਗ ਦੀ ਤਕਨੀਕ ਅਪਣਾ ਕੇ ਅਜਿਹਾ ਕੀਤਾ ਹੈ। ਖ਼ਾਸ ਗੱਲ ਇਹ ਵੀ ਹੈ ਕਿ ਜਿਸ ਪੌਦੇ ਤੋਂ ਇਹ ਦੋਵੇਂ ਸਬਜ਼ੀਆਂ ਦੀ ਫ਼ਸਲ ਇਕੱਠੀ ਪੈਦਾ ਹੋ ਰਹੀ ਹੈ, ਉਸ ਦੀ ਜੜ੍ਹ ਜੰਗਲੀ ਪੌਦੇ ਦੀ ਹੈ। ਜੜ੍ਹ ਤੋਂ ਪੈਦਾ ਹੋਣ ਵਾਲੇ ਰੋਗਾਂ ਤੋਂ ਨਿਜਾਤ ਪਾਉਣ ਲਈ ਕਿਸਾਨ ਮਿਸ਼ਰੀ ਲਾਲ ਨੇ ਖੇਤੀ ਵਿਗਿਆਨੀਆਂ ਦੇ ਮਾਰਗਦਰਸ਼ਨ ’ਚ ਲੰਬੇ ਸਮੇਂ ਤੱਕ ਪ੍ਰਯੋਗ ਕਰਨ ਤੋਂ ਬਾਅਦ ਇਸ ਤਕਨੀਕ ’ਚ ਸਫਲਤਾ ਹਾਸਲ ਕੀਤੀ ਹੈ।

ਕਾਲੇ ਰੰਗ ਦੀ ਕਣਕ, ਨੀਲਾ ਆਲੂ ਤੇ ਲਾਲ ਰੰਗ ਦੀ ਭਿੰਡੀ ਉਗਾ ਕੇ ਸੁਰਖ਼ੀਆਂ ’ਚ ਰਹਿਣ ਵਾਲੇ ਭੋਪਾਲ ਦੇ ਖਜੂਰੀ ਕਲਾਂ ਦੇ ਕਿਸਾਨ ਮਿਸ਼ਰੀ ਲਾਲ ਰਾਜਪੂਤ ਫਿਰ ਚਰਚਾ ’ਚ ਹਨ। ਇਸ ਵਾਰ ਉਨ੍ਹਾਂ ਨੇ ਆਪਣੇ ਖੇਤ ’ਚ ਇਕ ਹੀ ਪੌਦੇ ਤੋਂ ਟਮਾਟਰ ਤੇ ਬੈਂਗਣ ਦੀ ਫ਼ਸਲ ਲੈਣੀ ਸ਼ੁਰੂ ਕੀਤੀ ਹੈ। ਮੌਸਮ ਅਨੁਸਾਰ ਬੈਂਗਣ ਤਾਂ ਵਿਕਰੀ ਲਈ ਬਾਜ਼ਾਰ ਵੀ ਜਾਣ ਲੱਗੇ ਹਨ। ਟਮਾਟਰ ’ਤੇ ਫੁੱਲ ਲੱਗਣ ਦੇ ਨਾਲ-ਨਾਲ ਛੋਟੇ-ਛੋਟੇ ਫਲ ਲੱਗਣ ਲੱਗੇ ਹਨ। ਸਫਲ ਪ੍ਰਯੋਗ ਤੋਂ ਉਤਸ਼ਾਹਿਤ ਹੋ ਕੇ ਉਨ੍ਹਾਂ ਨੇ ਖੇਤ ’ਚ ਸ਼ਿਮਲਾ ਮਿਰਚ ਦੇ ਨਾਲ-ਨਾਲ ਹੋਰ ਕਿਸਮਾਂ ਦੀ ਫ਼ਸਲ ਵੀ ਇਕ ਹੀ ਪੌਦੇ ਤੋਂ ਲੈਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।

ਮਿਸ਼ਰੀ ਲਾਲ ਨੇ ਦੱਸਿਆ ਕਿ ਇਸ ਪ੍ਰਯੋਗ ਲਈ ਬੈਂਗਣ ਦੀ ਜੰਗਲੀ ਕਿਸਮ ਦੇ ਪੌਦੇ ਦੀ ਚੋਣ ਕੀਤੀ ਜਾਂਦੀ ਹੈ। ਟਮਾਟਰ ਤੇ ਬੈਂਗਣ ਦੇ ਪੌਦੇ ਵੱਖਰੇ ਤਿਆਰ ਕੀਤੇ ਜਾਂਦੇ ਹਨ। ਇਸ ਤੋਂ ਬਾਅਦ ਜੰਗਲੀ ਪੌਦੇ ਦੇ ਤਣੇ ਨਾਲ ਟਮਾਟਰ ਤੇ ਬੈਂਗਣ ਦੇ ਪੌਦੇ ਨੂੰ ਗ੍ਰਾਫਟਿੰਗ ਕਰ ਕੇ ਇਕੱਠਾ ਕਰ ਦਿੱਤਾ ਜਾਂਦਾ ਹੈ। ਸਫਲ ਗ੍ਰਾਫਟਿੰਗ ਹੋਣ ’ਤੇ ਟਮਾਟਰ, ਬੈਂਗਣ ਦੇ ਮੂਲ ਪੌਦੇ ਦੀਆਂ ਜੜ੍ਹਾਂ ਨੂੰ ਵੱਖਰਾ ਕਰ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਜੰਗਲੀ ਕਿਸਮ ਦੇ ਪੌਦੇ ਦੀ ਜੜ੍ਹ ਤੋਂ ਟਮਾਟਰ ਤੇ ਬੈਂਗਣ ਦੇ ਪੌਦਿਆਂ ਦਾ ਪੋਸ਼ਣ ਹੋਣ ਲੱਗਦਾ ਹੈ।

ਮਿਸ਼ਰੀ ਲਾਲ ਨੇ ਦੱਸਿਆ ਕਿ ਉਹ ਬੈਂਗਣ ਤੇ ਟਮਾਟਰ ਦੀ ਫ਼ਸਲ ’ਚ ਲੱਗਣ ਵਾਲੇ ਉਕਸਾ ਰੋਗ (ਫ਼ਸਲ ਸੁੱਕਣ) ਤੋਂ ਕਾਫ਼ੀ ਪਰੇਸ਼ਾਨ ਸਨ। ਇਸ ਸਮੇਂ ਵੀ ਉਨ੍ਹਾਂ ਦੇ ਖੇਤ ’ਚ ਆਮ ਬੈਂਗਣ ਦੀ ਫ਼ਸਲ ’ਚ ਉਕਸਾ ਰੋਗ ਲੱਗ ਗਿਆ ਹੈ ਪਰ ਗ੍ਰਾਫਟਿੰਗ ਤਕਨੀਕ ਨਾਲ ਲੱਗੇ ਪੌਦੇ ਸੁਰੱਖਿਅਤ ਹਨ।

ਬਿਮਾਰੀਆਂ ਤੋਂ ਮੁਕਤੀ, ਪੈਦਾਵਾਰ ਵੀ ਜ਼ਿਆਦਾ

ਭਾਰਤੀ ਖੇਤੀ ਖੋਜ ਸੰਸਥਾ, ਨਵੀਂ ਦਿੱਲੀ ਪੂਸਾ ਦੇ ਮੁਖੀ ਡਾ. ਭੋਪਾਲ ਸਿੰਘ ਦਾ ਕਹਿਣਾ ਹੈ ਕਿ ਕਿਸਾਨ ਮਿਸ਼ਰੀ ਲਾਲ ਨੇ ਗ੍ਰਾਫਟਿੰਗ ਦੀ ਰੂਟ ਸਟੋਕ ਤਕਨੀਕ ਦੀ ਵਰਤੋਂ ਕੀਤੀ ਹੈ। ਇਸ ਪੱਧਤੀ ਨਾਲ ਫ਼ਸਲ ਨੂੰ ਮਿੱਟੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਮੁਕਤੀ ਮਿਲਦੀ ਹੈ। ਪੈਦਾਵਾਰ ਵੀ ਵਧਦੀ ਹੈ। ਇਸ ਤਕਨੀਕ ਨਾਲ ਇਕ ਹੀ ਪੌਦੇ ’ਚ ਤਿੰਨ ਤੋਂ ਚਾਰ ਕਿਸਮਾਂ ਦੀਆਂ ਸਬਜ਼ੀਆਂ ਦੀ ਫ਼ਸਲ ਵੀ ਲਈ ਜਾ ਸਕਦੀ ਹੈ।