ਸੰਜੀਵ ਗੁਪਤਾ, ਜਗਰਾਓਂ: ਜਗਰਾਓਂ ਸੀਆਈਏ ਸਟਾਫ ਦੀ ਪੁਲਿਸ ਨੇ ਆਸਟੇ੍ਰਲੀਆ ਵਿਚ ਬੈਠੇ ਆਕਾ ਦੇ ਇਸ਼ਾਰੇ ’ਤੇ ਸੂਬੇ ਵਿਚ ਕਿਸੇ ਵਿਅਕਤੀ ਦਾ ਕਤਲ ਕਰਨ ਦੀ ਫਿਰਾਕ ਵਿਚ ਘੁੰਮ ਰਹੀ ਤਿੱਕੜੀ ਨੂੰ ਗ੍ਰਿਫ਼ਤਾਰ ਕੀਤਾ ਹੈ। ਹਾਲਾਂਕਿ ਇਸ ਮਾਮਲੇ ਵਿਚ ਆਸਟੇ੍ਰਲੀਆ ਵਿਚ ਕਿਹੜਾ ਨਾਮੀ ਗੈਂਗਸਟਰ ਹੈ, ਉਸ ਨੇ ਕਿਸ ਦਾ ਕਤਲ ਕਰਵਾਉਣਾ ਸੀ, ਸਮੇਤ ਕਈ ਸਵਾਲ ਬੁਝਾਰਤ ਬਣੇ ਰਹੇ ਜਿਸ ਬਾਰੇ ਪੁਲਿਸ ਗ੍ਰਿਫ਼ਤਾਰ ਤਿੱਕੜੀ ਦੀ ਪੁੱਛਗਿੱਛ ਤੋਂ ਬਾਅਦ ਦੱਸਣ ਦਾ ਕਹਿੰਦੀ ਰਹੀ।

ਮੰਗਲਵਾਰ ਨੂੰ ਜਗਰਾਓਂ ਪੁਲਿਸ ਲਾਈਨ ਵਿਖੇ ਸੱਦੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐੱਸਪੀ ਮਨਵਿੰਦਰਵੀਰ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ ਦੇ ਮੁਖੀ ਇੰਸਪੈਕਟਰ ਕਿੱਕਰ ਸਿੰਘ ਨੂੰ ਮੁਖਬਰ ਤੋਂ ਸੂਚਨਾ ਮਿਲੀ ਕਿ ਮੱਲ੍ਹਾ ਅਤੇ ਚਕਰ ਪਿੰਡ ਦੇ 3 ਵਿਅਕਤੀ ਅਸਲੇ ਸਮੇਤ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਘੁੰਮ ਰਹੇ ਹਨ ਜਿਸ ’ਤੇ ਉਨ੍ਹਾਂ ਮੁਖਬਰ ਦੀ ਸੂਚਨਾ ਅਨੁਸਾਰ ਪੁਲ ਨਹਿਰ ਡੱਲਾ ਵਿਖੇ ਛਾਪਾ ਮਾਰ ਕੇ ਉਥੇ ਮੋਟਰਸਾਈਕਲ ਸਮੇਤ ਮੌਜੂਦ ਗੁਰਵਿੰਦਰ ਸਿੰਘ ਉਰਫ ਕਾਲੀ, ਮਨਜੋਤ ਸਿੰਘ ਉਰਫ ਜੋਤ ਵਾਸੀ ਚਕਰ ਅਤੇ ਧਰਮਪ੍ਰੀਤ ਸਿੰਘ ਉਰਫ ਗੱਗੀ ਵਾਸੀ ਮੱਲ੍ਹਾ ਨੂੰ ਕਾਬੂ ਕਰ ਕੇ ਤਲਾਸ਼ੀ ਲਈ ਤਾਂ ਇਨ੍ਹਾਂ ਕੋਲੋਂ ਇਕ ਦੇਸੀ ਪਿਸਤੌਲ 30 ਬੋਰ, ਇਕ ਦੇਸੀ ਕੱਟਾ 12 ਬੋਰ, 2 ਕਾਰਤੂਸ ਬਰਾਮਦ ਹੋਏ।

ਉਕਤ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਕੇ ਕੀਤੀ ਮੁੱਢਲੀ ਪੁੱਛਗਿੱਛ ਵਿਚ ਹੈਰਾਨੀਜਨਕ ਖੁਲਾਸੇ ਵਿਚ ਉਕਤ ਤਿੰਨਾਂ ਤੋਂ ਬਰਾਮਦ ਹੋਇਆ ਅਸਲਾ ਉਨ੍ਹਾਂ ਨੂੰ ਆਸਟੇ੍ਰਲੀਆ ਬੈਠੇ ਨਾਮੀ ਗੈਂਗਸਟਰ ਵੱਲੋਂ ਮੁਹੱਈਆ ਕਰਵਾਇਆ ਗਿਆ। ਇਹ ਅਸਲਾ ਉਨ੍ਹਾਂ ਨੂੰ ਇਕ ਵਿਅਕਤੀ ਦੇ ਕਤਲ ਕਰਨ ਲਈ ਭੇਜਿਆ ਗਿਆ। ਇਨ੍ਹਾਂ ਵੱਲੋਂ ਕਿਸ ਦਾ ਕਤਲ ਕਰਨਾ ਸੀ ਅਤੇ ਆਸਟੇ੍ਰਲੀਆ ਵਿਚ ਕਿਸ ਦੇ ਇਸ਼ਾਰੇ ’ਤੇ ਕੰਮ ਕਰ ਰਹੇ ਸਨ, ਦੇ ਸਵਾਲਾਂ ’ਤੇ ਐੱਸਪੀ ਮਨਵਿੰਦਰਵੀਰ ਸਿੰਘ ਨੇ ਦੱਸਿਆ ਕਿ ਇਸ ਬਾਰੇ ਅਜੇ ਖ਼ੁਲਾਸਾ ਨਹੀਂ ਹੋਇਆ। ਉਕਤ ਤਿੰਨਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ ਜਿਸ ਵਿਚ ਪੂਰੇ ਮਾਮਲੇ ਦੀ ਸੱਚਾਈ ਸਾਹਮਣੇ ਲਿਆਂਦੀ ਜਾਵੇਗੀ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗੁਰਵਿੰਦਰ ਸਿੰਘ ’ਤੇ ਪਹਿਲਾਂ ਵੀ ਇਰਾਦਾ ਕਤਲ, ਲੜਾਈ ਝਗੜੇ, ਅਸਲਾ ਐਕਟ ਸਮੇਤ ਕਈ ਧਾਰਾਵਾਂ ਤਹਿਤ ਥਾਣਾ ਹਠੂਰ, ਥਾਣਾ ਸਿਟੀ ਜਗਰਾਓਂ, ਮੋਗਾ ਦੇ ਥਾਣਾ ਅਜੀਤਵਾਲ ਵਿਖੇ 4 ਮੁਕੱਦਮੇ ਦਰਜ ਹਨ। ਉਨ੍ਹਾਂ ਕਿਹਾ ਕਿ ਸੀਆਈਏ ਸਟਾਫ ਦੀ ਪੁਲਿਸ ਨੇ ਉਕਤ ਤਿੰਨਾਂ ਨੂੰ ਐਨ ਮੌਕੇ ’ਤੇ ਗ੍ਰਿਫ਼ਤਾਰ ਕਰ ਕੇ ਆਸ੍ਰ੍ਰਟੇਲੀਆ ਬੈਠੇ ਆਕਾ ਦੇ ਇਸ਼ਾਰੇ ’ਤੇ ਕਤਲ ਕਰਨ ਦੀ ਯੋਜਨਾ ਨੂੰ ਅਸਫਲ ਕਰ ਦਿੱਤਾ ਹੈ।