ਵਿਕ ਆਨ ਜੀ (ਨੀਦਰਲੈਂਡ) (ਪੀਟੀਆਈ) : ਭਾਰਤ ਦਾ ਨੌਜਵਾਨ ਸ਼ਤਰੰਜ ਸਟਾਰ ਆਰ ਪ੍ਰਗਨਾਨੰਦ ਨੇ ਟਾਟਾ ਸਟੀਲ ਸ਼ਤਰੰਜ ਟੂਰਨਾਮੈਂਟ ਵਿਚ ਵਿਸ਼ਵ ਚੈਂਪੀਅਨ ਡਿਨ ਲਿਰੇਨ ਨੂੰ ਹਰਾ ਕੇ ਇਤਿਹਾਸ ਰੱਚ ਦਿੱਤਾ ਹੈ। ਚੀਨੀ ਖਿਡਾਰੀ ’ਤੇ ਮਿਲੀ ਇਸ ਜਿੱਤ ਦੇ ਨਾਲ ਹੀ ਪ੍ਰਗਨਾਨੰਦ ਪੰਜ ਵਾਰ ਦੇ ਵਿਸ਼ਵ ਚੈਂਪੀਅਨ ਪਿਯਨ ਵਿਸ਼ਵਨਾਥਨ ਆਨੰਦ ਨੂੰ ਪਛਾੜ ਕੇ ਭਾਰਤ ਦਾ ਸਿਖਰ ਰੇਟਿੰਗ ਵਾਲਾ ਖਿਡਾਰੀ ਬਣ ਗਿਆ ਹੈ। ਮੰਗਲਵਾਰ ਦੀ ਰਾਤ ਨੂੰ ਦਰਜ ਕੀਤੀ ਗਈ ਇਸ ਜਿੱਤ ਨਾਲ 18 ਸਾਲਾ ਪ੍ਰਗਨਾਨੰਦ ਦੇ 2748.3 ਰੇਟਿੰਗ ਅੰਕ ਹੋ ਗਏ ਹਨ ਜੋ ਫਿਡੇ ਲਾਈਵ ਰੇਟਿੰਗ ਵਿਚ ਵਿਸ਼ਵਨਾਥਨ ਆਨੰਦ ਦੇ 2748 ਅੰਕਾਂ ਤੋਂ ਵੱਧ ਹੈ। ਵਿਸ਼ਵ ਸ਼ਤਰੰਜ ਦੀ ਸਰਵਉਚ ਸੰਸਥਾ ਹਰੇਕ ਮਹੀਨੇ ਦੇ ਸ਼ੁਰੂ ਵਿਚ ਰੇਟਿੰਗ ਜਾਰੀ ਕਰਦੀ ਹੈ। ਪ੍ਰਗਨਾਨੰਦ ਨੇ ਕਾਲੇ ਮੋਹਰਾਂ ਨਾਲ ਖੇਡਦੇ ਹੋਏ ਲਿਰੇਨ ਨੂੰ 62 ਚਾਲ ਵਿਚ ਮਾਤ ਦਿੱਤੀ। ਇਸ ਦੇ ਨਾਲ ਹੀ ਉਹ ਆਨੰਦ ਦੇ ਬਾਅਦ ਦੂਜਾ ਭਾਰਤੀ ਖਿਡਾਰੀ ਬਣ ਗਿਆ ਹੈ। ਜਿਸ ਨੇ ਕਲਾਸੀਕਲ ਸ਼ਤਰੰਜ ਵਿਚ ਮੌਜੂਦਾ ਵਿਸ਼ਵ ਚੈਂਪੀਅਨ ਨੂੰ ਹਰਾਇਆ। ਪ੍ਰਗਨਾਨੰਦ ਨੇ ਪਹਿਲਾਂ ਵੀ ਲਿਰੇਨ ਨੂੰ 2023 ਟਾਟਾ ਸਟੀਲ ਟੂਰਨਾਮੈਂਟ ਵਿਚ ਹਰਾ ਚੁੱਕਾ ਹੈ। ਜਿੱਤ ਦੇ ਬਾਅਦ ਪ੍ਰਗਨਾਨੰਦ ਨੇ ਕਿਹਾ ਕਿ ਇਸ ਟੂਰਨਾਮੈਂਟ ਵਿਚ ਮੇਰਾ ਵਿਅਕਤੀਗਤ ਟੀਚਾ ਆਪਣਾ ਸਰਬੋਤਮ ਦੇਣਾ ਹੈ। ਇਹ ਇਕ ਬਹੁਤ ਹੀ ਔਖਾ ਟੂਰਨਾਮੈਂਟ ਹੈ। ਆਮਤੌਰ ’ਤੇ ਟੂਰਨਾਮੈਂਟ ਵਿਚ ਨੌ ਰਾਊਂਡ ਹੁੰਦੇ ਹਨ ਪਰ ਇਸ ਵਿਚ 13 ਰਾਊਂਡ ਹਨ। ਇਸ ਲਈ ਇਹ ਇਕ ਟੂਰਨਾਮੈਂਟ ਹੋਰ ਖੇਡਣ ਦੇ ਬਰਾਬਰ ਹੈ। ਮੈਂ ਆਪਣਾ ਸਰਬੋਤਮ ਦੇਣਾ ਚਾਹੁੰਦਾ ਹਾਂ ਤੇ ਦੇਖਣਾ ਚਾਹੁੰਦਾ ਹਾਂ ਕਿ ਕਿਵੇਂ ਇਹ ਚੱਲਦਾ ਹੈ। ਇਹ ਗ੍ਰੈਂਡਮਾਸਟਰ ਅਜੇ ਚੰਗੀ ਲੈਅ ਵਿਚ ਹੈ। ਉਸ ਨੇ ਪਿਛਲੇ ਸਾਲ ਵਿਸ਼ਵ ਕੱਪ ਵਿਚ ਮੈਗਨਸ ਕਾਰਲਸਨ ਦੇ ਬਾਅਦ ਦੂਜੇ ਨੰਬਰ ’ਤੇ ਰਹਿੰਦੇ ਹੋਏ ਅਪ੍ਰੈਲ ਵਿਚ ਹੋਣ ਵਾਲੇ ਕੈਂਡੀਡੇਟਸ ਟੂਰਨਾਮੈਂਟ ਲਈ ਕੁਆਲੀਫਾਈ ਕੀਤਾ ਸੀ। ਪ੍ਰਗਨਾਨੰਦ ਦੇ ਮਾਸਟਰਸ ਗਰੁੱਪ ਵਿਚ ਹੁਣ 2.5 ਅੰਕ ਹੋ ਗਏ ਹਨ ਤੇ ਉਹ ਸੂਚੀ ਵਿਚ ਤੀਜੇ ਸਥਾਨ ’ਤੇ ਹੈ। ਮਾਸਟਰਜ਼ ਗਰੁੱਪ ਵਿਚ ਨੀਦਰਲੈਂਡ ਦੇ ਅਨੀਸ਼ ਗਿਰੀ 3.5 ਅੰਕ ਲੈ ਕੇ ਪਹਿਲੇ ਸਥਾਨ ’ਤੇ ਹੈ। ਉਸ ਨੇ ਭਾਰਤ ਦੇ ਨੌਜਵਾਨ ਗ੍ਰੈਂਡਮਾਸਟਰ ਡੀ ਗੁਕੇਸ਼ ਨੂੰ ਹਰਾਇਆ। ਅਲੀਰੇਜਾ ਫਿਰੋਜਾ ਦੇ ਤਿੰਨ ਅੰਕ ਹਨ ਤੇ ਉਹ ਦੂਜੇ ਸਥਾਨ ’ਤੇ ਹੈ। ਭਾਰਤ ਦੇ ਇਕ ਹੋਰ ਖਿਡਾਰੀ ਵਿਦਿਤ ਗੁਜਰਾਤੀ ਨੇ ਜਾਰਡਨ ਵਾਨ ਫਾਰੀਸਟ ਦੇ ਨਾਲ ਬਾਜੀ ਡਰਾਅ ਕਰਵਾਈ। ਗੁਜਰਾਤੀ ਦੇ ਚਾਰ ਦੌਰ ਦੇ ਬਾਅਦ ਦੋ ਅੰਕ ਹਨ।