ਮੁੰਬਈ : ਬਜਟ ਏਅਰਲਾਈਨ ਇੰਡੀਗੋ ਨੇ ਵੀਰਵਾਰ ਨੂੰ ਕਿਹਾ ਕਿ ਕੰਪਨੀ ਛੇ ਅਕਤੂਬਰ ਯਾਨੀ ਅੱਜ ਤੋਂ ਘਰੇਲੂ ਤੇ ਕੌਮਾਂਤਰੀ ਹਵਾਈ ਅੱਡਿਆਂ ਤੋਂ ਫਿਊਲ ਚਾਰਜ ਵਸੂਲੇਗੀ। ਕੰਪਨੀ ਨੇ ਕਿਹਾ ਹੈ ਕਿ ਹਵਾਈ ਈਂਧਨ ਦੀ ਕੀਮਤ ’ਚ ਵਾਧੇ ਕਾਰਨ ਇਹ ਫ਼ੈਸਲਾ ਲਿਆ ਗਿਆ ਹੈ ਤੇ ਫਿਊਲ ਚਾਰਜ ਯਾਤਰਾ ਦੀ ਦੂਰੀ ਮੁਤਾਬਕ ਲਿਆ ਜਾਵੇਗਾ।
ਹਵਾਬਾਜ਼ੀ ਕੰਪਨੀ ਦਾ ਕਹਿਣਾ ਹੈ ਕਿ ਬੀਤੇ ਤਿੰਨ ਮਹੀਨਿਆਂ ਤੋਂ ਹਵਾਈ ਈਂਧਨ ਦੀ ਕੀਮਤ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਕੰਪਨੀ ਦੇ ਬੁਲਾਰੇ ਨੇ ਦੱਸਿਆ ਕਿ 500 ਕਿਮੀ ਤੱਕ ਯਾਤਰਾ ਲਈ 300 ਰੁਪਏ ਵਾਧੂ ਫਿਊਲ ਚਾਰਜ ਲਿਆ ਜਾਵੇਗਾ। ਇਸੇ ਤਰ੍ਹਾਂ 501 ਤੋਂ 1000 ਕਿਮੀ ਲਈ 400 ਰੁਪਏ, 1001 ਤੋਂ 1500 ਕਿਮੀ ਤੱਕ ਲੀ 550 ਰੁਪਏ, 1501 ਤੋਂ 2500 ਕਿਮੀ ਲਈ 650 ਰੁਪਏ, 2501 ਤੋਂ 3500 ਕਿਮੀ ਲਈ 800 ਰੁਪਏ ਤੇ 3501 ਕਿਮੀ ਤੋਂ ਵੱਧ ਦੀ ਯਾਤਰਾ ਲਈ 1000 ਰੁਪਏ ਦਾ ਫਿਊਲ ਚਾਰਜ ਲਿਆ ਜਾਵੇਗਾ।



