ਅੰਤਰਰਾਸ਼ਟਰੀ ਸਿੱਖ ਖੋਜ ਕਾਨਫਰੰਸ
——————————
ਗੁਰੂ ਨਾਨਕ ਇੰਸਟੀਚਿਊਟ ਆਫ਼ ਗਲੋਬਲ ਸਟੱਡੀਜ਼ ਵੱਲੋਂ ਦੋ ਦਿਨਾਂ ਅੰਤਰਰਾਸ਼ਟਰੀ ਸਿੱਖ ਖੋਜ
ਕਾਨਫਰੰਸ
ਸਿੱਖ ਭਾਈਚਾਰੇ ਦੀ ਵਿਸ਼ਵ ਪੱਧਰੀ ਭੂਮਿਕਾ, ਸੰਸਥਾਗਤ ਵਿਕਾਸ ਤੇ ਭਵਿੱਖ ਦੀਆਂ ਚੁਣੌਤੀਆਂ
’ਤੇ ਗੰਭੀਰ ਵਿਚਾਰ-ਵਟਾਂਦਰਾ
ਸਰੀ, 7 ਅਕਤੂਬਰ (ਹਰਦਮ ਮਾਨ)- ਗੁਰੂ ਨਾਨਕ ਇੰਸਟੀਚਿਊਟ ਆਫ਼ ਗਲੋਬਲ ਸਟੱਡੀਜ਼ ਵੱਲੋਂ ਸਰੀ
ਦੇ ਸਿਟੀ ਹਾਲ ਆਡੀਟੋਰੀਅਮ ਵਿਚ ਕਰਵਾਈ ਦੋ ਦਿਨਾਂ ਅੰਤਰਰਾਸ਼ਟਰੀ ਸਿੱਖ ਖੋਜ ਕਾਨਫਰੰਸ
2026 ਦੌਰਾਨ
ਸਿੱਖ ਪ੍ਰਵਾਸੀ ਭਾਈਚਾਰੇ ਦੀਆਂ ਚੁਣੌਤੀਆਂ, ਸਿੱਖ ਸੰਸਥਾਵਾਂ ਦੇ ਵਿਕਾਸ, ਉੱਚ ਸਿੱਖਿਆ ਵਿੱਚ
ਏ.ਆਈ. ਦੀ ਭੂਮਿਕਾ, ਸਿੱਖ ਇਤਿਹਾਸ ਤੇ ਵਿਰਾਸਤ ਸਮੇਤ ਕਈ ਅਹਿਮ ਵਿਸ਼ਿਆਂ ’ਤੇ
ਵਿਦਵਾਨਾਂ, ਖੋਜਕਾਰਾਂ
ਅਤੇ ਸਿੱਖਿਆ-ਮਾਹਿਰਾਂ ਨੇ ਵਿਚਾਰ ਸਾਂਝੇ ਕੀਤੇ। ਕਾਨਫਰੰਸ ਵਿਚ ਭਾਰਤ, ਪਾਕਿਸਤਾਨ, ਅਮਰੀਕਾ,
ਕੈਨੇਡਾ ਅਤੇ ਯੂ.ਕੇ. ਤੋਂ ਨਾਮਵਰ ਵਿਦਵਾਨਾਂ ਨੇ ਸ਼ਮੂਲੀਅਤ ਕੀਤੀ।
ਕਾਨਫਰੰਸ ਦੇ ਪਹਿਲੇ ਦਿਨ ਦਾ ਮੁੱਖ ਭਾਸ਼ਣ ਅਰਥ-ਸ਼ਾਸਤਰੀ, ਸਾਬਕਾ ਆਈ.ਐੱਮ.ਐੱਫ. ਡਿਵੀਜ਼ਨ
ਮੁਖੀ, ਨਿਵੇਸ਼ਕ ਅਤੇ ਸਮਾਜ-ਸੇਵੀ ਡਾ. ਮਨਮੋਹਨ ਸਿੰਘ ਕੁਮਾਰ ਨੇ ‘ਨਵੀਂ ਦੁਨੀਆਂ ਵਿੱਚ ਸਿੱਖ
ਪ੍ਰਵਾਸੀ ਭਾਈਚਾਰਾ: ਚੁਣੌਤੀਆਂ, ਮੌਕੇ ਅਤੇ ਨਵੀਆਂ ਉਚਾਈਆਂ’ ਵਿਸ਼ੇ ’ਤੇ ਦਿੱਤਾ। ਡਾ.
ਸੰਦੀਪ ਕੌਰ ਗਲੋਵਰ ਨੇ ‘ਸੁਣਿਆ ਮੰਨਿਆ ਮਨਿ ਕੀਤਾ ਭਾਉ’ ਦੇ ਹਵਾਲੇ ਨਾਲ ਸੁਣਨ, ਸਮਝਣ ਅਤੇ
ਅਮਲ ਰਾਹੀਂ ਪਰਿਵਰਤਨਕਾਰੀ ਪਿਆਰ ਦੀ ਧਾਰਨਾ ਉਜਾਗਰ ਕੀਤੀ।
ਡਾ. ਅੰਜ਼ੁਮ ਦਾਰਾ, ਡਿਪਟੀ ਡਾਇਰੈਕਟਰ, ਡਾਇਰੈਕਟੋਰੇਟ ਜਨਰਲ ਆਫ਼ ਆਰਕੀਓਲੋਜੀ, ਪੰਜਾਬ,
ਪਾਕਿਸਤਾਨ ਨੇ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਪੰਜਾਬ ਦੇ ਖ਼ੁਦਮੁਖਤਿਆਰ ਰਾਜ ਬਾਰੇ ਵਿਚਾਰ
ਪੇਸ਼ ਕੀਤੇ। ਡਾ. ਜ਼ੋਰਾ ਸਿੰਘ ਨੇ ਤੇਜ਼ੀ ਨਾਲ ਬਦਲ ਰਹੀ ਦੁਨੀਆਂ ਵਿੱਚ ਉੱਚ ਸਿੱਖਿਆ ਦੇ
ਭਵਿੱਖ ਅਤੇ ਡਾ. ਤਰਲੋਚਨ ਸਿੰਘ ਨਾਹਲ ਨੇ ਸਿਕੰਦਰ, ਪੋਰਸ ਤੇ ਹਾਈਡੈਸਪਸ ਦੀ ਲੜਾਈ ਬਾਰੇ
ਨਵੇਂ ਇਤਿਹਾਸਕ ਦ੍ਰਿਸ਼ਟੀਕੋਣ ਪੇਸ਼ ਕੀਤੇ। ‘ਗੁਰਬਾਣੀ ਅਰਥ ਮਿਲਾਣ’ ਖੋਜ ਪ੍ਰੋਜੈਕਟ ਅਤੇ
ਵਿਸ਼ਵ ਪੱਧਰੀ ਉੱਚ ਸਿੱਖਿਆ ਵਿੱਚ ਏ.ਆਈ. ਦੀ ਭੂਮਿਕਾ ਬਾਰੇ ਪੰਜਾਬੀ ਯੂਨੀਵਰਸਿਟੀ ਪਟਿਆਲਾ
ਦੇ ਧਾਰਮਿਕ ਸਿੱਖਿਆ ਵਿਭਾਗ ਦੇ ਮੁਖੀ ਡਾ. ਗੁਰਮੇਲ ਸਿੰਘ, ਡਾ. ਹਰਜਿੰਦਰ ਸਿੰਘ ਸੰਧੂ ਅਤੇ
ਮਨਦੀਪ ਸਿੰਘ ਸੱਜਨ ਨੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਨੌਜਵਾਨਾਂ ਨਾਲ ਗੱਲਬਾਤ ਵਿੱਚ
ਗੁਰਮੇਹਰ ਸਿੰਘ ਸੰਧੂ ਅਤੇ ਜੈਸਮੀਨ ਰੇਹਲ ਨੇ ਨਵੀਂ ਪੀੜ੍ਹੀ ਦੇ ਦ੍ਰਿਸ਼ਟੀਕੋਣ ਸਾਂਝੇ ਕੀਤੇ।
ਦੂਜੇ ਦਿਨ ਦਾ ਕੇਂਦਰ ਸਿੱਖ ਸੰਸਥਾਵਾਂ ਦੇ ਅਤੀਤ, ਵਰਤਮਾਨ ਅਤੇ ਭਵਿੱਖ ’ਤੇ ਰਿਹਾ। ਡਾ.
ਗੁਰਮੇਲ ਸਿੰਘ ਅਤੇ ਸਤਬੀਰ ਸਿੰਘ ਨੇ ਸਿੱਖ ਸੰਸਥਾਵਾਂ ਦੀ ਯਾਤਰਾ ਅਤੇ ਭਵਿੱਖੀ ਦਿਸ਼ਾ ਬਾਰੇ
ਵਿਚਾਰ ਰੱਖੇ। ‘ਗੁਰੂ ਨਾਨਕ ਇੰਸਟੀਚਿਊਟ’ ਤੋਂ ‘ਗੁਰੂ ਨਾਨਕ ਯੂਨੀਵਰਸਿਟੀ’ ਤੱਕ ਦੇ
ਦ੍ਰਿਸ਼ਟੀਕੋਣ ਨੂੰ ਜੀ.ਐੱਨ.ਆਈ. ਦੇ ਪ੍ਰਧਾਨ ਅਤੇ ਸੀ.ਈ.ਓ. ਗਿਆਨ ਸਿੰਘ ਸੰਧੂ ਨੇ ਵਿਸਥਾਰ
ਨਾਲ ਪੇਸ਼ ਕੀਤਾ। ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਇੰਸਟੀਚਿਊਟ ਵੱਲੋਂ ਗਿਆਨ, ਖੋਜ, ਅਕਾਦਮਿਕ
ਸੰਵਾਦ ਅਤੇ ਪੰਜਾਬੀ ਅਧਿਐਨ ਦੇ ਖੇਤਰ ਵਿੱਚ ਮੌਜੂਦ ਪਾੜਿਆਂ ਨੂੰ ਪੂਰਾ ਕਰਨ ਲਈ ਲੰਮੇ ਸਮੇਂ
ਦੀ ਯੋਜਨਾ ਤਹਿਤ ਕੰਮ ਕੀਤਾ ਜਾ ਰਿਹਾ ਹੈ ਅਤੇ ਅਗਲੇ ਪੰਜ ਸਾਲਾਂ ਦੌਰਾਨ ਸੰਸਥਾ ਨੂੰ
ਯੂਨੀਵਰਸਿਟੀ ਦਾ ਰੂਪ ਦੇਣ ਦਾ ਟੀਚਾ ਹੈ।
ਉਨ੍ਹਾਂ ਕਿਹਾ ਕਿ ਕੈਨੇਡਾ ਅਤੇ ਉੱਤਰੀ ਅਮਰੀਕਾ ਵਿੱਚ ਪੰਜਾਬੀ ਭਾਸ਼ਾ, ਸਾਹਿਤ, ਖੋਜ ਅਤੇ
ਸਕਾਲਰਸ਼ਿਪ ਦੇ ਖੇਤਰ ਵਿੱਚ ਵੱਡੇ ਅਕਾਦਮਿਕ ਪਾੜੇ ਮੌਜੂਦ ਹਨ। ਸੰਸਥਾ ਦਾ ਉਦੇਸ਼ ਸਿਰਫ਼
ਕੋਰਸ ਕਰਵਾਉਣਾ ਨਹੀਂ, ਸਗੋਂ ਇਤਿਹਾਸਕ ਤੇ ਪੁਰਾਲੇਖੀ ਖੋਜ, ਗਿਆਨ ਦੀ ਸਿਰਜਣਾ ਅਤੇ
ਵਿਦਵਾਨਾਂ ਤੇ ਵਿਦਿਆਰਥੀਆਂ ਵਿਚਕਾਰ ਅਕਾਦਮਿਕ ਸੰਵਾਦ ਨੂੰ ਉਤਸ਼ਾਹਿਤ ਕਰਨਾ ਹੈ। ਹੁਣ ਤੱਕ
ਲਗਭਗ 1300 ਵਿਦਿਆਰਥੀ ਸੰਸਥਾ ਦੇ ਪ੍ਰੋਗਰਾਮਾਂ ਨਾਲ ਜੁੜ ਚੁੱਕੇ ਹਨ ਅਤੇ 400 ਤੋਂ ਵੱਧ
ਵਿਦਿਆਰਥੀ ਪੂਰੀ ਸਕਾਲਰਸ਼ਿਪ ’ਤੇ ਸਿੱਖਿਆ ਹਾਸਲ ਕਰ ਰਹੇ ਹਨ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ
ਇਸ ਸੰਸਥਾ ਦਾ ਮੁੱਖ ਕੇਂਦਰ ਇਮੀਗ੍ਰੇਸ਼ਨ ਨਹੀਂ, ਸਗੋਂ ਸਿੱਖਿਆ ਅਤੇ ਖੋਜ ਹੈ।
ਕਾਨਫਰੰਸ ਦੌਰਾਨ ਸਮਾਜ ਸੇਵਾ, ਮਾਨਵਤਾਵਾਦੀ ਕਾਰਜਾਂ ਅਤੇ ਸਿੱਖ ਪਛਾਣ ਦੀ ਚੜ੍ਹਦੀ ਕਲਾ ਲਈ
ਕਾਰਜਸ਼ੀਲ ਪ੍ਰਮੁੱਖ ਸਿੱਖ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਆਪਣੀਆਂ ਸੰਸਥਾਵਾਂ ਦੀ
ਅਗਵਾਈ, ਮੌਜੂਦਾ
ਗਤੀਵਿਧੀਆਂ ਅਤੇ ਭਵਿੱਖੀ ਯੋਜਨਾਵਾਂ ਬਾਰੇ ਚਾਨਣਾ ਪਾਇਆ। ਇਸ ਮੌਕੇ ‘ਦਿ ਸਿੱਖ ਕੋਲੀਸ਼ਨ’ ਵੱਲੋਂ
ਹਰਜੋਤ ਸਿੰਘ, ‘ਖ਼ਾਲਸਾ ਸੈਂਟਰ, ਸਰੀ’ ਤੋਂ ਸੰਦੀਪ ਕੌਰ, ‘ਖ਼ਾਲਸਾ ਫਾਊਂਡੇਸ਼ਨ’ ਵੱਲੋਂ
ਇੰਦਰਪ੍ਰੀਤ ਸਿੰਘ, ਅਤੇ ‘ਖ਼ਾਲਸਾ ਕ੍ਰੈਡਿਟ ਯੂਨੀਅਨ’ ਦੇ ਹਰਦੀਪ ਸਿੰਘ ਬੈਂਸ ਨੇ ਸ਼ਿਰਕਤ
ਕੀਤੀ। ਇਸੇ ਤਰ੍ਹਾਂ ‘ਗੁਰੂ ਨਾਨਕ ਫ੍ਰੀ ਕਿਚਨ’ ਤੋਂ ਬਲਕਰਨ ਸਿੰਘ, ‘ਖ਼ਾਲਸਾ ਏਡ ਕੈਨੇਡਾ’ ਵੱਲੋਂ
ਬਲਜੀਤ ਕੌਰ, ‘ਵਰਲਡ ਸਿੱਖ ਆਰਗੇਨਾਈਜ਼ੇਸ਼ਨ’ (WSO) ਵੱਲੋਂ ਉਪਿੰਦਰ ਸਿੰਘ ਢੀਂਡਸਾ, ਅਤੇ ‘ਸਿੱਖ
RI’ ਦੇ ਭਵਰਾਜ ਸਿੰਘ ਚਟੌਰਾ, ‘ਸਿੱਖ ਨੈਸ਼ਨਲ ਆਰਕਾਈਵਜ਼’ ਤੋਂ ਰੁਪਿੰਦਰ ਕੌਰ, ‘ਸਿੱਖ
ਹੈਰੀਟੇਜ ਸੁਸਾਇਟੀ ਬੀ.ਸੀ.’ ਤੋਂ ਮੋਹਨਾਮ ਕੌਰ ਸ਼ੇਰਗਿੱਲ ਅਤੇ ‘ਅਲਬਰਟਾ ਐਡਵਾਂਸ ਅਕੈਡਮੀ’ ਦੇ
ਜਗਵਿੰਦਰ ਸਿੰਘ ਸਿੱਧੂ ਨੇ ਆਪਣੀਆਂ ਸੰਸਥਾਵਾਂ ਦੀ ਅਗਵਾਈ ਕਰਦਿਆਂ ਚੱਲ ਰਹੇ ਪ੍ਰੋਜੈਕਟਾਂ ਦਾ
ਵੇਰਵਾ ਦਿੱਤਾ।
ਗੁਰਦੁਆਰਿਆਂ ਦੀ ਬਦਲਦੀ ਭੂਮਿਕਾ ਬਾਰੇ ਪੈਨਲ ਚਰਚਾ ਵਿੱਚ ਡਾ. ਜਸਵੀਰ ਕੌਰ, ਗਿਆਨੀ ਜਸਬੀਰ
ਸਿੰਘ, ਅਵਤਾਰ ਸਿੰਘ ਮੱਲ੍ਹੀ ਅਤੇ ਡਾ. ਸਤਵੀਰ ਸਿੰਘ ਨੇ ਕਿਹਾ ਕਿ ਗੁਰਦੁਆਰਿਆਂ ਦਾ ਮੂਲ
ਮੰਤਵ ਗੁਰਬਾਣੀ ਰਾਹੀਂ ਮਨੁੱਖ ਨੂੰ ਰੂਹਾਨੀ ਸੇਧ ਦੇ ਕੇ ਜੀਵਨ ਵਿੱਚ ਤਬਦੀਲੀ ਲਿਆਉਣਾ ਹੈ।
ਉਨ੍ਹਾਂ ਕਿਹਾ ਕਿ ਸਮਾਜਿਕ ਤੇ ਭਾਈਚਾਰਕ ਸਰਗਰਮੀਆਂ ਦੇ ਨਾਲ ਗੁਰਦੁਆਰਿਆਂ ਦੇ ਰੂਹਾਨੀ ਪੱਖ
ਨੂੰ ਕੇਂਦਰ ਵਿੱਚ ਰੱਖਣਾ ਅਤੇ ਨੌਜਵਾਨ ਪੀੜ੍ਹੀ ਨੂੰ ਗੁਰਬਾਣੀ, ਰੂਹਾਨੀਅਤ ਤੇ ਭਾਈਚਾਰਕ
ਜੀਵਨ ਨਾਲ ਜੋੜਨਾ ਸਮੇਂ ਦੀ ਵੱਡੀ ਲੋੜ ਹੈ।
ਕਾਨਫਰੰਸ ਦੇ ਅੰਤਿਮ ਪੜਾਅ ਵਿੱਚ ‘ਸਰਬੱਤ ਦਾ ਭਲਾ’ ਲਈ ਮਿਲ ਕੇ ਕੰਮ ਕਰਨ ਬਾਰੇ ਖੁੱਲ੍ਹੀ
ਚਰਚਾ ਹੋਈ। ਸਮਾਪਤੀ ਮੌਕੇ ਡਾ. ਕਮਲਜੀਤ ਕੌਰ ਸਿੱਧੂ, ਉਪ-ਪ੍ਰਧਾਨ (ਅਕਾਦਮਿਕ) ਅਤੇ ਕਾਨਫਰੰਸ
ਦੀ ਸਹਿ-ਚੇਅਰਪਰਸਨ ਨੇ ਸਭਨਾਂ ਵਿਦਵਾਨਾਂ, ਖੋਜਕਾਰਾਂ, ਸੰਸਥਾਵਾਂ ਅਤੇ ਸਹਿਯੋਗੀਆਂ ਦਾ
ਧੰਨਵਾਦ ਕੀਤਾ। ਦੋਵੇਂ ਦਿਨ ਕਾਨਫਰੰਸ ਦੀ ਸ਼ੁਰੂਆਤ ਗੁਰਮਤ ਸਿੰਘ ਧਾਲੀਵਾਲ ਵੱਲੋਂ ਕੀਤੀ
ਅਰਦਾਸ ਨਾਲ ਹੋਈ। ਕਾਨਫਰੰਸ ਦਾ ਸੰਚਾਲਨ ਗੁਰਜੀਤ ਕੌਰ ਬੈਂਸ ਅਤੇ ਅਮਨ ਸਿੰਘ ਹੁੰਦਲ ਨੇ
ਬਾਖੂਬੀ ਕੀਤਾ। ਕਾਨਫਰੰਸ ਵਿਚ ਕੁਝ ਸਥਾਨਕ ਰਾਜਨੀਤਕ ਆਗੂਆਂ, ਧਾਰਮਿਕ ਸੰਸਥਾਵਾਂ ਦੇ
ਨੁਮਾਇੰਦਿਆਂ ਅਤੇ ਸ਼ਹਿਰ ਦੇ ਪਤਵੰਤਿਆਂ ਨੇ ਸ਼ਮੂਲੀਅਤ ਕੀਤੀ। ਇਹ ਕਾਨਫਰੰਸ ਸਿੱਖਿਆ,
ਖੋਜ, ਸੰਸਥਾਗਤ
ਸਹਿਯੋਗ, ਨੌਜਵਾਨਾਂ ਦੀ ਸ਼ਮੂਲੀਅਤ ਅਤੇ ਸਿੱਖੀ ਦੇ ਮੁੱਲਾਂ ਨੂੰ ਆਧੁਨਿਕ ਤਕਨਾਲੋਜੀ ਨਾਲ
ਜੋੜਨ ਦੀ ਲੋੜ ਨੂੰ ਉਭਾਰਦਿਆਂ ਸਿੱਖ ਸੰਸਥਾਵਾਂ ਨੂੰ ਮਿਲ ਕੇ ਅੱਗੇ ਵਧਣ ਦਾ ਸੁਨੇਹਾ ਦੇਣ
ਨਾਲ ਸਮਾਪਤ ਹੋਈ।
*ਹਰਦਮ ਮਾਨ *
*ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ*
ਫੋਨ: +1 604 308 6663
ਈਮੇਲ : maanbabushahi@gmail.com


