ਰਾਕੇਸ਼ ਗਾਂਧੀ, ਜਲੰਧਰ : ਭਾਰਗੋ ਕੈਂਪ ਵਾਸੀ ਇਕ ਅੌਰਤ ਨੇ ਉਸ ਵੇਲੇ ਆਪਣੇ ਘਰ ‘ਚ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ ਜਦ ਘਰ ਦੇ ਸਾਰੇ ਮੈਂਬਰ ਬਾਹਰ ਕੰਮ ‘ਤੇ ਗਏ ਹੋਏ ਸਨ। ਜਾਣਕਾਰੀ ਅਨੁਸਾਰ ਰਵੀਨਾ ਪਤਨੀ ਸਾਜਨ ਵਾਸੀ ਭਾਰਗੋ ਕੈਂਪ ਨੇ ਅੱਜ ਆਪਣੇ ਘਰ ‘ਚ ਫਾਹਾ ਲੈ ਕੇ ਜਾਨ ਦੇ ਦਿੱਤੀ। ਘਟਨਾ ਦਾ ਪਤਾ ਉਦੋਂ ਚੱਲਿਆ ਜਦ ਪਰਿਵਾਰ ਦਾ ਕੋਈ ਮੈਂਬਰ ਗੁਆਂਢੀਆਂ ਦੇ ਫੋਨ ਤੋਂ ਬਾਅਦ ਘਰ ਵਾਪਸ ਪਰਤਿਆ ਤਾਂ ਕਮਰੇ ਦਾ ਦਰਵਾਜ਼ਾ ਬੰਦ ਸੀ। ਜਦ ਖਿੜਕੀ ਦੇ ਰਸਤਿਓਂ ਅੰਦਰ ਦੇਖਿਆ ਤਾਂ ਰਵੀਨਾ ਦੀ ਲਾਸ਼ ਪੱਖੇ ਨਾਲ ਝੂਲ ਰਹੀ ਸੀ। ਮਿ੍ਤਕਾ ਦੀ ਸੱਸ ਆਸ਼ਾ ਦੇਵੀ ਨੇ ਦੱਸਿਆ ਕਿ ਰੋਜ਼ ਵਾਂਗ ਘਰ ਦੇ ਸਾਰੇ ਮੈਂਬਰਾਂ ਸਮੇਤ ਉਹ ਕੰਮ ‘ਤੇ ਗਈ ਹੋਈ ਸੀ। ਘਰ ‘ਚ ਉਨ੍ਹਾਂ ਦੀ ਨੂੰਹ ਇਕੱਲੀ ਸੀ। ਉਸ ਨੂੰ ਦੁਪਹਿਰ ਦੋ ਵਜੇ ਦੇ ਕਰੀਬ ਗੁਆਂਢੀਆਂ ਦਾ ਫੋਨ ਆਇਆ ਕਿ ਉਨ੍ਹਾਂ ਦੀ ਨੂੰਹ ਕਮਰੇ ਅੰਦਰ ਬੰਦ ਹੈ ਅਤੇ ਦਰਵਾਜ਼ਾ ਨਹੀਂ ਖੋਲ੍ਹ ਰਹੀ। ਇਸ ਤੋਂ ਬਾਅਦ ਉਹ ਤੁਰੰਤ ਘਰ ਪਹੁੰਚੇ ਤੇ ਦੇਖਿਆ ਤਾਂ ਉਸ ਦੀ ਨੂੰਹ ਦੀ ਲਾਸ਼ ਪੱਖੇ ਨਾਲ ਝੂਲ ਰਹੀ ਸੀ। ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ। ਮੌਕੇ ‘ਤੇ ਥਾਣਾ ਮੁਖੀ ਹਰਦੇਵ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੇ ਅਤੇ ਲਾਸ਼ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ। ਉਨ੍ਹਾਂ ਦੱਸਿਆ ਕਿ ਮਿ੍ਤਕਾ ਦੇ ਪੇਕਿਆਂ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ, ਜਿਨ੍ਹਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।