-ਡਾ. ਸੁਖਪਾਲ ਕੌਰ ਸਮਰਾਲਾ

ਟੀਵੀ ’ਤੇ ਹੜ੍ਹਾਂ ਦੁਆਰਾ ਮਚਾਈ ਗਈ ਤਬਾਹੀ ਦੇ ਦਿ੍ਰਸ਼ ਦਿਖਾਏ ਜਾ ਰਹੇ ਸਨ। ਇਕ ਪਰਿਵਾਰ ਦਿਖਾਇਆ ਜਾ ਰਿਹਾ ਸੀ ਜੋ 1988 ਦੇ ਹੜ੍ਹਾਂ ਨੂੰ ਯਾਦ ਕਰਦਿਆਂ ਕਹਿ ਰਿਹਾ ਸੀ ਕਿ ਇਸ ਵਾਰ ਦੇ ਪਾਣੀ ਨੇ ਉਨ੍ਹਾਂ ਨੂੰ ਇਕ ਵਾਰ ਫਿਰ 88 ਦੇ ਹੜ੍ਹਾਂ ਦਾ ਮੰਜ਼ਰ ਯਾਦ ਕਰਵਾ ਦਿੱਤਾ ਹੈ। ਸੰਨ 1988 ਦੇ ਉਨ੍ਹਾਂ ਹੜ੍ਹਾਂ ਨੇ ਵੀ ਬਹੁਤ ਤਬਾਹੀ ਮਚਾਈ ਸੀ। ਉਸ ਵੇਲੇ ਨਾਲ ਜੁੜੀਆਂ ਬਹੁਤ ਸਾਰੀਆਂ ਯਾਦਾਂ ਮੇਰੇ ਜ਼ਿਹਨ ’ਚ ਵੀ ਘੁੰਮਣ ਲੱਗੀਆਂ। ਉਸ ਵੇਲੇ ਮੇਰੀ ਉਮਰ ਕੋਈ 8 ਕੁ ਸਾਲ ਦੀ ਸੀ ਤੇ ਅਸੀਂ ਜ਼ਿਲਾ ਕਪੂਰਥਲਾ ਦੇ ਪਿੰਡ ਤਲਵੰਡੀ ਚੌਧਰੀਆਂ ਵਿਚ ਰਹਿੰਦੇ ਸਾਂ। ਮੇਰੇ ਪਿਤਾ ਜੀ ਉੱਥੇ ਆਈਟੀਆਈ ਵਿਖੇ ਸੀਨੀਅਰ ਸਹਾਇਕ ਵਜੋਂ ਆਪਣੀ ਸੇਵਾ ਨਿਭਾ ਰਹੇ ਸਨ।

ਪਿੰਡ ਦਾ ਪ੍ਰਾਇਮਰੀ ਸਕੂਲ ਅਤੇ ਹਾਈ ਸਕੂਲ ਵੀ ਆਈਟੀਆਈ ਦੇ ਨਾਲ ਹੀ ਜੁੜੇ ਹੋਏ ਸਨ। ਲਗਾਤਾਰ ਬਾਰਿਸ਼ਾਂ ਹੋ ਰਹੀਆਂ ਸਨ। ਚਾਰੇ ਪਾਸੇ ਬਾਰਿਸ਼ਾਂ ਕਾਰਨ ਡਰ ਵਾਲਾ ਮਾਹੌਲ ਸੀ। ਬਹੁਤ ਜ਼ੋਰਦਾਰ ਬਾਰਿਸ਼ਾਂ ਕਾਰਨ ਪਿੰਡ ਵਿਚ ਵੀ ਸਹਿਮ ਵਾਲਾ ਮਾਹੌਲ ਬਣਿਆ ਹੋਇਆ ਸੀ ਕਿਉਂਕਿ ਧੁੱਸੀ ਬੰਨ੍ਹ ਪਿੰਡ ਤੋਂ ਜ਼ਿਆਦਾ ਦੂਰ ਨਹੀਂ ਸੀ ਪੈਂਦਾ ਅਤੇ ਹਰ ਰੋਜ਼ ਬੰਨ੍ਹ ਵਿਚ ਪਾੜ ਪੈਣ ਦੀਆਂ ਖ਼ਬਰਾਂ ਪਿੰਡ ਵਾਸੀਆਂ ਵਿਚ ਡਰ ਦਾ ਮਾਹੌਲ ਪੈਦਾ ਕਰ ਰਹੀਆਂ ਸਨ।

ਹਰ ਦਿਨ ਇਕ ਨਵਾਂ ਡਰ ਸਾਹਮਣੇ ਹੁੰਦਾ ਕਿ ਕਿਧਰੇ ਬੰਨ੍ਹ ਟੁੱਟ ਨਾ ਜਾਵੇ। ਜਿਨ੍ਹਾਂ ਦੇ ਘਰ ਵਿਚ ਅਸੀਂ ਕਿਰਾਏ ’ਤੇ ਰਹਿ ਰਹੇ ਸਾਂ, ਉਹ ਵੀ ਆਪਣੇ ਅੰਦਰਲੇ ਘਰ ਭਾਵ ਜਿਸ ਘਰ ਵਿਚ ਅਸੀਂ ਰਹਿ ਰਹੇ ਸਾਂ, ਆਪਣਾ ਜ਼ਰੂਰੀ ਸਾਮਾਨ ਲੈ ਕੇ ਉੱਥੇ ਹੀ ਆ ਗਏ ਸਨ। ਸਾਡੀ ਗਲੀ ਵਿਚ 10-12 ਘਰ ਹੀ ਸਨ ਅਤੇ ਗਲੀ ਅੱਗੇ ਜਾ ਕੇ ਬੰਦ ਹੋ ਜਾਂਦੀ ਸੀ। ਗਲੀ ਵਿਚ ਟੀਵੀ ਸਿਰਫ ਸਾਡੇ ਘਰ ਹੋਣ ਕਰਕੇ ਸ਼ਾਮ ਨੂੰ ਖ਼ਬਰਾਂ ਸੁਣਨ ਸਾਰੇ ਇਕੱਠੇ ਹੋ ਜਾਂਦੇ ਅਤੇ ਪਾਣੀ ਦੀ ਚਰਚਾ ਸ਼ੁਰੂ ਹੋ ਜਾਂਦੀ।

ਇਸ ਚਰਚਾ ਵਿਚ ਵੀ ਡਰ ਦਾ ਸਾਰਿਆ ਹਰ ਕਿਸੇ ’ਤੇ ਭਾਰੂ ਨਜ਼ਰ ਆਉਂਦਾ ਭਾਂਵੇ ਸਾਰੇ ਇਕ-ਦੂਸਰੇ ਨੂੰ ਹੌਸਲਾ ਦਿੰਦੇ ਰਹਿੰਦੇ। ਫਿਰ ਇਕ ਦਿਨ ਅਚਾਨਕ ਖ਼ਬਰ ਆਈ ਕਿ ਸਾਡੇ ਪਿੰਡ ਵਾਲੇ ਧੁੱਸੀ ਬੰਨ੍ਹ ਵਿਚ ਵੀ ਪਾੜ ਪੈ ਗਿਆ ਹੈ ਅਤੇ ਪਾਣੀ ਸਾਡੇ ਪਿੰਡ ਵੱਲ ਚੜ੍ਹ ਆਇਆ ਹੈ। ਉਸ ਵਕਤ ਸਾਨੂੰ ਬੱਚਿਆਂ ਨੂੰ ਸਿਰਫ਼ ਇੰਨਾ ਪਤਾ ਸੀ ਕਿ ਅਸੀਂ ਦਰਿਆ ਵਿਚ ਬੇੜਾ ਤਾਰਨ ਅਤੇ ਖਵਾਜੇ ਦਾ ਮੱਥਾ ਟੇਕਣ ਲਈ ਜਾਂਦੇ ਸਾਂ।

ਇਸ ਲਈ ਦਰਿਆ ਸਾਨੂੰ ਕੋਈ ਨੁਕਸਾਨ ਨਹੀ ਪਹੁੰਚਾ ਸਕਦਾ ਪਰ ਪਾਣੀ ਨੇ ਸਾਰੇ ਪਿੰਡ ਨੂੰ ਲਪੇਟ ਵਿਚ ਲੈ ਲਿਆ ਸੀ ਅਤੇ ਉਹ ਸਾਡੀ ਗਲੀ ਵਿਚ ਵੀ ਭਰਨ ਲੱਗਾ। ਸਾਡੀ ਗਲੀ ਛੋਟੀ ਅਤੇ ਅੱਗੇ ਜਾ ਕੇ ਬੰਦ ਹੋਣ ਕਰਕੇ ਗਲੀ ਦੇ ਮੁÇੰਡਆਂ ਨੇ ਉਸ ਅੱਗੇ ਬੰਨ੍ਹ ਮਾਰ ਲਿਆ ਜਿਸ ਕਾਰਨ ਪਾਣੀ ਘਰਾਂ ਵਿਚ ਜਾਣ ਤੋਂ ਬਚਾਅ ਹੋ ਗਿਆ। ਬਹੁਤ ਦਿਨ ਬਾਰਿਸ਼ਾਂ ਅਤੇ ਪਾਣੀ ਕਰ ਕੇ ਹਾਲਤ ਖ਼ਰਾਬ ਹੋ ਰਹੀ ਸੀ ਅਤੇ ਸਾਰੇ ਮਿਲ ਕੇ ਰਾਸ਼ਨ-ਪਾਣੀ ਦਾ ਪ੍ਰਬੰਧ ਕਰਦੇ ਰਹੇ। ਬਾਹਰਲੇ ਖੇਤਾਂ ਵਾਲੇ ਘਰਾਂ ਵਿਚ ਪਾਣੀ ਆਉਣ ਕਾਰਨ ਉਹ ਵੀ ਅੰਦਰ ਸਾਡੇ ਹੀ ਘਰਾਂ ਵਿਚ ਆ ਗਏ ਸਨ। ਹੌਲੀ-ਹੌਲੀ ਘਰਾਂ ਅੰਦਰਲਾ ਰਾਸ਼ਨ ਵੀ ਖ਼ਤਮ ਹੋਣ ਲੱਗਾ। ਫ਼ੌਜ ਵੱਲੋਂ ਹੈਲੀਕਾਪਟਰ ਰਾਹੀਂ ਸੱਕਾ ਰਾਸ਼ਨ ਛੱਤਾਂ ਉੱਪਰ ਸੁੱਟਿਆ ਜਾ ਰਿਹਾ ਸੀ।

ਫ਼ੌਜ ਵੱਲੋਂ ਹੈਲੀਕਾਪਟਰ ਰਾਹੀਂ ਸੁੱਟੇ ਜਾ ਰਹੇ ਬਰੈੱਡ, ਬਿਸਕੁਟ, ਭੁੱਜੇ ਛੋਲੇ ਲੈਣ ਦਾ ਚਾਅ ਸਾਨੂੰ ਬੱਚਿਆਂ ਨੂੰ ਇੰਨਾ ਜ਼ਿਆਦਾ ਸੀ ਕਿ ਅਸੀਂ ਹਰ ਵੇਲੇ ਛੱਤ ’ਤੇ ਚੜ੍ਹ ਕੇ ਹੈਲੀਕਾਪਟਰ ਦੇ ਆਉਣ ਦੀ ਉਡੀਕ ਕਰਦੇ ਰਹਿੰਦੇ। ਕੋਈ 15 ਦਿਨਾਂ ਬਾਅਦ ਪਾਣੀ ਘਟਣਾ ਸ਼ੁਰੂ ਹੋਇਆ ਅਤੇ ਫਿਰ ਹਾਲਾਤ ਆਮ ਵਰਗੇ ਹੋਣ ਲੱਗੇ। ਪਾਣੀ ਉਤਰਨ ਤੋਂ ਬਾਅਦ ਜਦੋਂ ਸਕੂਲ ਖੁੱਲੇ੍ਹ ਤਾਂ ਅਸੀਂ ਬੜੇ ਚਾਅ ਨਾਲ ਸਕੂਲ ਗਏ ਪਰ ਸਕੂਲ ਵਿਚ ਚਾਰੇ ਪਾਸੇ ਗਾਰ ਭਰੀ ਪਈ ਸੀ। ਥੋੜੇ੍ਹ ਦਿਨਾਂ ਦੀ ਧੁੱਪ ਤੋਂ ਬਾਅਦ ਉਸ ਨੂੰ ਸਕੂਲ ਦੇ ਅਧਿਆਪਕਾਂ ਵੱਲੋ ਸਾਫ਼ ਕਰਵਾਇਆ ਗਿਆ। ਇਕ ਦਿਨ ਸਾਡੇ ਪ੍ਰਾਇਮਰੀ ਸਕੂਲ ਦੇ ਅਧਿਆਪਕ ਪਿਆਰਾ ਸਿੰਘ ਨੇ ਸਾਨੂੰ ਸਾਰੇ ਬੱਚਿਆਂ ਨੂੰ ਨਾਲ ਲਾ ਕੇ ਕੁਝ ਟਰੰਕ ਚੁੱਕ ਕੇ ਬਾਹਰ ਗਰਾਊਂਡ ਵਿਚ ਰਖਵਾਏ। ਅਸੀਂ ਬੜੇ ਚਾਅ ਅਤੇ ਉਤਸ਼ਾਹ ਨਾਲ ਉਨ੍ਹਾਂ ਨੂੰ ਬਾਹਰ ਲੈ ਕੇ ਆਏ। ਜਦੋਂ ਅਸੀਂ ਉਨ੍ਹਾਂ ਨੂੰ ਖੋਲ੍ਹਿਆ ਤਾਂ ਅੰਦਰ ਪੁਸਤਕਾਂ ਸਨ। ਪਾਣੀ ਨਾਲ ਭਿੱਜੀਆਂ ਅਤੇ ਸਿੱਲ ਕਾਰਨ ਖ਼ਰਾਬ ਹੋਈਆਂ ਅਤੇ ਹੋ ਰਹੀਆਂ ਪੁਸਤਕਾਂ।

ਸਾਰੇ ਹੀ ਟਰੰਕ ਪੁਸਤਕਾਂ ਨਾਲ ਭਰੇ ਹੋਏ ਸਨ। ਸਾਨੂੰ ਕੋਈ ਅੰਦਾਜ਼ਾ ਹੀ ਨਹੀਂ ਸੀ ਕਿ ਸਾਡੇ ਸਕੂਲ ਵਿਚ ਵੀ ਇੰਨੀਆਂ ਪੁਸਤਕਾਂ ਹਨ। ਅਸੀਂ ਸਾਰੇ ਹੈਰਾਨੀ ਨਾਲ ਉਨ੍ਹਾਂ ਨੂੰ ਦੇਖਣ ਲੱਗੇ। ਸਾਨੂੰ ਇੰਜ ਜਾਪਿਆ ਜਿਵੇਂ ਸਾਡੇ ਸਾਹਮਣੇ ਇਕ ਨਵਾਂ ਸੰਸਾਰ ਖੁੱਲ੍ਹ ਗਿਆ ਹੋਵੇ। ਮਾਸਟਰ ਜੀ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਪੁਸਤਕਾਂ ਨੂੰ ਇਕ ਲੰਬੀ ਕਤਾਰ ਵਿਚ ਰੱਖਦੇ ਜਾਣਾ ਹੈ ਅਤੇ ਫਿਰ ਛੁੱਟੀ ਤੋਂ ਪਹਿਲਾਂ ਇਨ੍ਹਾਂ ਸਾਰੀਆਂ ਨੂੰ ਇਕੱਠੀਆਂ ਕਰ ਕੇ ਉਸੇ ਤਰ੍ਹਾਂ ਟਰੰਕਾਂ ਵਿਚ ਰੱਖਣਾ ਹੈ ਜਿਵੇਂ ਇਹ ਰੱਖੀਆਂ ਹੋਈਆਂ ਸਨ। ਬਸ ਫਿਰ ਸਾਨੂੰ ਤਾਂ ਜਿਵੇਂ ਕਾਰੂ ਦਾ ਖ਼ਜ਼ਾਨਾ ਮਿਲ ਗਿਆ ਹੋਵੇ। ਖ਼ਾਸ ਕਰਕੇ ਮੈਨੂੰ। ਮੈਂ ਕਈ ਵਾਰ ਕਿਸੇ ਪੁਸਤਕ ਨੂੰ ਫੜ ਕੇ ਐਸਾ ਬੈਠਦੀ ਕਿ ਬਾਕੀ ਪੁਸਤਕਾਂ ਨੂੰ ਬਾਹਰ ਕੱਢਣਾ ਈ ਭੁੱਲ ਜਾਂਦੀ। ਅਸੀਂ ਹਰ ਰੋਜ਼ ਉਨ੍ਹਾਂ ਨੂੰ ਧੁੱਪ ਲਗਵਾੳਂਦੇ ਅਤੇ ਨਾਲ ਹੀ ਇਕ ਨਵੀਂ ਪੁਸਤਕ ਪੜ੍ਹਨ ਲਈ ਚੁੱਕ ਲੈਂਦੇ। ਬਾਲ ਕਹਾਣੀਆਂ ਦੀਆਂ ਰੰਗ-ਬਰੰਗੀਆਂ ਪੁਸਤਕਾਂ, ਰੂਸੀ ਬਾਲ ਕਹਾਣੀਆਂ ਵਾਲੀਆਂ ਪੁਸਤਕਾਂ, ਰੂਸੀ ਬਾਲ ਨਾਵਲ ਸਾਨੂੰ ਇੱਦਾਂ ਜਾਪਦੇ ਸਨ ਜਿਵੇ ਕਿ ਅਸੀਂ ਕਿਸੇ ਵੱਖਰੀ ਦੁਨੀਆ ਵਿਚ ਵਿਚਰ ਰਹੇ ਹੋਈਏ।

ਗਰਾਊਂਡ ਵਿਚ ਦੂਰ ਤੱਕ ਧੁੱਪ ਲਵਾਉਣ ਲਈ ਪੁਸਤਕਾਂ ਵਿਛਾਈਆਂ ਹੁੰਦੀਆਂ ਅਤੇ ਉਨ੍ਹਾਂ ਵਿੱਚੋਂ ਆਪਣੀ ਪਸੰਦ ਦੀ ਪੁਸਤਕ ਪੜ੍ਹ ਕੇ ਅਸੀਂ ਬਹੁਤ ਖ਼ੁਸ਼ ਹੁੰਦੇ। ਇਹ ਦ੍ਰਿਸ਼ ਅੱਜ ਵੀ ਅੱਖਾਂ ਸਾਹਵੇਂ ਘੁੰਮਦਾ ਹੈ। ਨਾ ਧੁੱਪ ਦੀ ਚਿੰਤਾ ਸੀ, ਨਾ ਭੁੱਖ ਦੀ। ਬਸ ਇਸ ਤਰ੍ਹਾਂ ਲੱਗਦਾ ਸੀ ਕਿ ਆਪਣੀ ਭੁੱਖ ਅਤੇ ਪਿਆਸ ਉਨ੍ਹਾਂ ਪੁਸਤਕਾਂ ਨਾਲ ਹੀ ਖ਼ਤਮ ਕਰਨੀ ਹੋਵੇ। ਰੋਜ਼ ਇਕ ਨਵੇਂ ਸੰਸਾਰ ਵਿਚ ਵਿਚਰਦੇ। ਮੈਂ ਕਈ ਵਾਰ ਮਾਸਟਰ ਜੀ ਤੋਂ ਪੁੱਛ ਕੇ ਕੁਝ ਕਿਤਾਬਾਂ ਆਪਣੇ ਘਰ ਵੀ ਲੈ ਆਉਂਦੀ। ਮੇਰੇ ਮਾਤਾ ਜੀ ਨੂੰ ਵੀ ਪੜ੍ਹਨ ਦਾ ਬਹੁਤ ਸ਼ੌਕ ਸੀ। ਉਹ ਵੀ ਕਈ ਵਾਰ ਕੋਈ ਰੂਸੀ ਬਾਲ ਨਾਵਲ ਪੜ੍ਹਦੇ। ਰੂਸੀ ਕਹਾਣੀਆਂ ਦੇ ਉਹ ਬਰਫਾਂ ਲੱਦੇ ਦਿ੍ਰਸ਼ ਅੱਜ ਵੀ ਮੇਰੇ ਚੇਤਿਆਂ ਵਿਚ ਓਦਾਂ ਹੀ ਵਸੇ ਹੋਏ ਹਨ ਜਿਵੇਂ ਉਸ ਵੇਲੇ ਸਨ।

ਅੱਜ ਵੀ ਮਨ ਵਿਚ ਕਿੰਨੀ ਵਾਰ ਇਹ ਖ਼ਿਆਲ ਆੳਂਦਾ ਹੈ ਕਿ ਸਾਨੂੰ ਸ਼ਾਇਦ ਕਦੇ ਵੀ ਉਨ੍ਹਾਂ ਪੁਸਤਕਾਂ ਬਾਰੇ ਪਤਾ ਹੀ ਨਹੀਂ ਲੱਗਣਾ ਸੀ ਜੇਕਰ ਪਾਣੀ ਸਕੂਲ ਵਿਚ ਨਾ ਆਉਂਦਾ ਅਤੇ ਉਹ ਸ਼ਾਇਦ ਇੱਦਾਂ ਹੀ ਬਾਲ ਛੁਹ ਨੂੰ ਤਰਸਦੀਆਂ ਸਿਉਂਕ ਦੀ ਭੇਟ ਚੜ੍ਹ ਜਾਂਦੀਆਂ। ਮਨ ਵਿਚ ਪੁਸਤਕਾਂ ਪ੍ਰਤੀ ਪਿਆਰ ਅਤੇ ਪੜ੍ਹਨ ਦੀ ਰੁਚੀ ਪੈਦਾ ਹੋਣ ਦੇ ਇਹ ਉਹ ਪਲ ਸਨ ਜਿਹੜੇ ਮੈਨੂੰ ਕਿਤਾਬਾਂ ਵਾਲੇ ਰਾਹ ਤੋਰਨ ਵਿਚ ਪਹਿਲੇ ਕਦਮ ਸਨ।

ਮੌਜੂਦਾ ਸਮੇਂ ਜਦੋਂ ਵੀ ਵਿਦਿਆਰਥੀਆਂ ਦੀ ਸਿਲੇਬਸ ਤੋਂ ਬਾਹਰਲੀਆਂ ਕਿਤਾਬਾਂ ਪੜ੍ਹਨ ਦੀ ਘਟ ਰਹੀ ਰੁਚੀ ਬਾਰੇ ਕਿਸੇ ਨਾਲ ਵੀ ਚਰਚਾ ਹੁੰਦੀ ਹੈ, ਜਦੋਂ ਕਦੇ ਵੀ 1988 ਦੇ ਹੜ੍ਹਾਂ ਦੀ ਗੱਲ ਤੁਰਦੀ ਹੈ ਤਾਂ ਮੇਰੇ ਜ਼ਿਹਨ ਵਿਚ ਪਾਣੀ ਵਿਚ ਭਿੱਜੀਆਂ ਉਨ੍ਹਾਂ ਪੁਸਤਕਾਂ ਨਾਲ ਭਰੇ ਟਰੰਕ ਆ ਜਾਂਦੇ ਹਨ ਜੋ ਕਿਸੇ ਖ਼ਜ਼ਾਨੇ ਨਾਲੋਂ ਘੱਟ ਨਹੀਂ ਸਨ ਜਿਸ ਨੂੰ ਪ੍ਰਾਪਤ ਕਰ ਕੇ ਮੈਂ ਆਪਣੇ-ਆਪ ਨੂੰ ਬਹੁਤ ਖ਼ੁਸ਼ਕਿਸਮਤ ਮਹਿਸੂਸ ਕਰ ਰਹੀ ਸੀ।

-ਮੋਬਾਈਲ : 83606-83823

-response0jagran.com