ਡਿਜੀਟਲ ਡੈਸਕ, ਅਹਿਮਦਾਬਾਦ : ਗੁਜਰਾਤ ਹਾਈ ਕੋਰਟ ‘ਚ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇਕ ਪਤਨੀ ਨੇ ਆਪਣੇ ਪਤੀ ਦੀ ਪਟੀਸ਼ਨ ਨੂੰ ਚੁਣੌਤੀ ਦਿੱਤੀ ਹੈ। ਪਤਨੀ ਨੇ ਹਾਈ ਕੋਰਟ ‘ਚ ਇਹ ਮੁੱਦਾ ਉਠਾਇਆ ਹੈ ਕਿ ਕੀ ਮਹੀਨੇ ‘ਚ ਦੋ ਹਫਤੇ ਆਪਣੇ ਪਤੀ ਦੇ ਘਰ ਜਾਣਾ ਉਸ ਦੀਆਂ ਵਿਆਹੁਤਾ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਦੇ ਬਰਾਬਰ ਹੈ ਜਾਂ ਨਹੀਂ।

ਕੀ ਹੈ ਮਾਮਲਾ ?

ਦਰਅਸਲ ਮਹਿਲਾ ਦੇ ਪਤੀ ਨੇ ਫੈਮਿਲੀ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ। ਉਸ ਨੇ ਆਪਣੀ ਪਟੀਸ਼ਨ ‘ਚ ਕਿਹਾ ਸੀ ਕਿ ਉਸ ਦੀ ਪਤਨੀ ਉਸ ਨੂੰ ਪੂਰਾ ਸਮਾਂ ਨਹੀਂ ਦੇ ਰਹੀ ਹੈ, ਜਿਸ ਕਾਰਨ ਉਨ੍ਹਾਂ ਦਾ ਵਿਆਹੁਤਾ ਜੀਵਨ ਠੀਕ ਨਹੀਂ ਚੱਲ ਰਿਹਾ ਹੈ।

ਸੂਰਤ ਫੈਮਿਲੀ ਕੋਰਟ ‘ਚ ਦਾਇਰ ਕੀਤੀ ਗਈ ਸੀ ਪਟੀਸ਼ਨ

ਤੁਹਾਨੂੰ ਦੱਸ ਦੇਈਏ ਕਿ ਪਤੀ ਨੇ ਹਿੰਦੂ ਮੈਰਿਜ ਐਕਟ ਦੀ ਧਾਰਾ 9 ਦਾ ਹਵਾਲਾ ਦਿੰਦੇ ਹੋਏ ਪਿਛਲੇ ਸਾਲ ਸੂਰਤ ਫੈਮਿਲੀ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਸੀ। ਪਤੀ ਨੇ ਕਿਹਾ ਸੀ ਕਿ ਉਸਦੀ ਪਤਨੀ ਨੂੰ ਹਰ ਰੋਜ਼ ਉਸਦੇ ਕੋਲ ਆਉਣ ਤੇ ਰਹਿਣ ਦੀ ਹਦਾਇਤ ਕੀਤੀ ਜਾਵੇ। ਪਤੀ ਨੇ ਫੈਮਿਲੀ ਕੋਰਟ ਨੂੰ ਦੱਸਿਆ ਕਿ ਪਤਨੀ ਹਰ ਰੋਜ਼ ਉਸ ਨਾਲ ਨਹੀਂ ਰਹਿੰਦੀ। ਬੇਟੇ ਦੇ ਜਨਮ ਤੋਂ ਬਾਅਦ ਪਤਨੀ ਕੰਮ ਦਾ ਬਹਾਨਾ ਬਣਾ ਕੇ ਮਾਤਾ-ਪਿਤਾ ਕੋਲ ਰਹਿਣ ਚਲੀ ਗਈ।

ਵਿਆਹੁਤਾ ਅਧਿਕਾਰਾਂ ਤੋਂ ਰੱਖਿਆ ਵਾਂਝੇ

ਪਤੀ ਨੇ ਦੱਸਿਆ ਕਿ ਜਦੋਂ ਉਸ ਨੇ ਨਾਰਾਜ਼ਗੀ ਜ਼ਾਹਰ ਕੀਤੀ ਤਾਂ ਪਤਨੀ ਮਹੀਨੇ ‘ਚ ਸਿਰਫ ਦੋ ਵਾਰ ਉਸ ਨੂੰ ਮਿਲਣ ਆਉਂਦੀ ਹੈ। ਬਾਕੀ ਸਮਾਂ ਉਹ ਆਪਣੇ ਮਾਪਿਆਂ ਦੇ ਘਰ ਰਹਿੰਦੀ ਹੈ। ਪਤੀ ਨੇ ਕਿਹਾ ਕਿ ਪਤਨੀ ਨੇ ਉਸ ਨੂੰ ਵਿਆਹੁਤਾ ਅਧਿਕਾਰਾਂ ਤੋਂ ਵਾਂਝਾ ਰੱਖਿਆ। ਨਾਲ ਹੀ ਆਪਣੇ ਪੁੱਤਰ ਦੀ ਸਿਹਤ ਦੀ ਚਿੰਤਾ ਕੀਤੇ ਬਿਨਾਂ ਨੌਕਰੀ ਜਾਰੀ ਰੱਖੀ।

ਪਤਨੀ ਨੇ ਪਤੀ ਦੀ ਪਟੀਸ਼ਨ ਨੂੰ ਦਿੱਤੀ ਚੁਣੌਤੀ

ਹਾਲਾਂਕਿ, ਪਤਨੀ ਨੇ ਇਸ ਮਹੀਨੇ ਦੇ ਸ਼ੁਰੂ ‘ਚ ਆਪਣੇ ਪਤੀ ਦੀ ਪਟੀਸ਼ਨ ਨੂੰ ਹਾਈ ਕੋਰਟ ‘ਚ ਚੁਣੌਤੀ ਦਿੱਤੀ ਸੀ। ਪਤਨੀ ਨੇ ਪਟੀਸ਼ਨ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਜੇਕਰ ਉਹ ਮਹੀਨੇ ‘ਚ ਦੋ ਵੀਕਐਂਡ ਆਪਣੇ ਪਤੀ ਨਾਲ ਰਹਿ ਰਹੀ ਹੈ ਤਾਂ ਇਹ ਵਿਆਹੁਤਾ ਜ਼ਿੰਮੇਵਾਰੀਆਂ ਨਿਭਾਉਣ ਦੇ ਬਰਾਬਰ ਹੈ ਜਾਂ ਨਹੀਂ।

ਫੈਮਿਲੀ ਕੋਰਟ ਖਾਰਜ ਕੀਤੀ ਸੀ ਪਤਨੀ ਦੀ ਪਟੀਸ਼ਨ

ਪਤਨੀ ਨੇ ਫੈਮਿਲੀ ਕੋਰਟ ਨੂੰ ਦੱਸਿਆ ਕਿ ਉਹ ਮਹੀਨੇ ‘ਚ ਦੋ ਹਫਤੇ ਆਪਣੇ ਪਤੀ ਦੇ ਘਰ ਜਾਂਦੀ ਹੈ। ਪਤਨੀ ਨੇ ਕਿਹਾ ਕਿ ਪਤੀ ਵੱਲੋਂ ਜੋ ਵੀ ਦਾਅਵਾ ਕੀਤਾ ਗਿਆ ਹੈ, ਉਹ ਝੂਠਾ ਹੈ। ਹਾਲਾਂਕਿ ਫੈਮਿਲੀ ਕੋਰਟ ਨੇ ਪਤਨੀ ਦੇ ਜਵਾਬ ਨੂੰ ਰੱਦ ਕਰ ਦਿੱਤਾ ਤੇ ਕਿਹਾ ਕਿ ਮਾਮਲੇ ਦੀ ਪੂਰੀ ਸੁਣਵਾਈ ਹੋਣ ਤੱਕ ਕੋਈ ਫੈਸਲਾ ਨਹੀਂ ਲਿਆ ਜਾ ਸਕਦਾ।

ਹਾਈਕੋਰਟ ਨੇ ਪਤੀ ਤੋਂ ਮੰਗਿਆ ਜਵਾਬ

ਇਸ ਦੇ ਨਾਲ ਹੀ ਇਸ ਮਾਮਲੇ ‘ਚ ਹਾਈਕੋਰਟ ਨੇ ਪੁੱਛਿਆ ਹੈ ਕਿ ਜੇਕਰ ਕੋਈ ਪਤੀ ਆਪਣੀ ਪਤਨੀ ਨੂੰ ਆਪਣੇ ਨਾਲ ਰਹਿਣ ਲਈ ਕਹੇ ਤਾਂ ਕੀ ਗਲਤ ਹੈ। ਕੀ ਉਸ ਨੂੰ ਮੁਕੱਦਮਾ ਕਰਨ ਦਾ ਹੱਕ ਨਹੀਂ ਹੈ? ਇਨ੍ਹਾਂ ਮੁੱਦਿਆਂ ‘ਤੇ ਵਿਚਾਰ ਕਰਨ ਦੀ ਲੋੜ ਹੈ। ਫਿਲਹਾਲ ਅਦਾਲਤ ਨੇ ਪਤੀ ਨੂੰ 25 ਜਨਵਰੀ ਤਕ ਜਵਾਬ ਦਾਖਲ ਕਰਨ ਲਈ ਕਿਹਾ ਹੈ।