ਵਰਿੰਦਰ ਸ਼ਰਮਾ, ਨੂਰਮਹਿਲ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਮਹਿਲ ਦੀ ਅੱਧੀ ਅਧੂਰੀ ਇਮਾਰਤ ਨੂੰ ਪੂਰੀ ਕਰਵਾਉਣ ਸਬੰਧੀ ਕਾਮਰੇਡ ਬਾਲ ਕ੍ਰਿਸ਼ਨ ਬਾਲੀ ਵੱਲੋਂ ਪਿਛਲੇ ਚਾਰ ਦਿਨ ਤੋਂ ਚੱਲ ਰਿਹਾ ਧਰਨਾ ਪੰਜਵੇ ਦਿਨ ‘ਚ ਪ੍ਰਵੇਸ਼ ਕਰ ਗਿਆ ਹੈ। ਬਾਲੀ ਨੇ ਕਿਹਾ ਕਿ ਇਹ ਸੰਘਰਸ਼ ਸਾਲ 2006 ਤੋਂ ਲੋਕ ਰੱਖਿਆ ਕਮੇਟੀ ਪੰਜਾਬ ਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਨੂੰ ਨਾਲ ਲੈ ਕੇ ਸ਼ੁਰੂ ਕੀਤਾ ਗਿਆ ਸੀ। ਇਸ ਧਰਨੇ ‘ਚ ਹੋਰ ਵੱਖ-ਵੱਖ ਸਿਆਸੀ ਜਥੇਬੰਦੀਆਂ ਦੇ ਸਮਰਥਨ ਦੇਣ ‘ਤੇ ਇਸ ਦਾ ਨਾਂ ‘ਸਰਕਾਰੀ ਸਕੂਲ ਬਚਾਓ ਮੋਰਚਾ’ ਰੱਖ ਦਿੱਤਾ ਗਿਆ ਹੈ। ਇਸ ਦੇ ਕਨਵੀਨਰ ਕਾਮਰੇਡ ਬਾਲ ਕ੍ਰਿਸ਼ਨ ਬਾਲੀ ਨੂਰਮਹਿਲ ਹਨ। ਧਰਨੇ ਦੇ ਪੰਜਵੇਂ ਦਿਨ ‘ਚ ਪਹੁੰਚ ਜਾਣ ਦੇ ਬਾਵਜੂ ਕਿਸੇ ਵੀ ਸਿੱਖਿਆ ਅਧਿਕਾਰੀ ਤੇ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਨੇ ਵੀ ਸਾਰ ਨਹੀਂ ਲਈ। ਬਾਲੀ ਨੇ ਕਿਹਾ ਕਿ ਜਦ ਤੱਕ ਇਨਸਾਫ ਨਹੀਂ ਮਿਲਦਾ ਧਰਨਾ ਲਗਾਤਾਰ ਜਾਰੀ ਰਹੇਗਾ।

ਉੱਘੇ ਸਮਾਜ ਸੇਵੀ ਬਲਵੀਰ ਚੀਮਾ ਨੇ ਕਿਹਾ ਕਿ ਕਸਬੇ ਦੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਨਹੀਂ ਹੋਣਾ ਚਾਹੀਦਾ। ਸ਼ੋ੍ਰਮਣੀ ਅਕਾਲੀ ਦਲ (ਬ) ਵੱਲੋਂ ਇਸ ਸਕੂਲ ਦਾ ਨਿਰਮਾਣ ਸ਼ੁਰੂ ਕੀਤਾ ਗਿਆ ਸੀ ਤੇ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਇਸ ਸਕੂਲ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਮਾਨ ਸਰਕਾਰ ਨੂੰ ਇਸ ਮੁੱਦੇ ਤੇ ਧਿਆਨ ਦੇਣਾ ਚਾਹੀਦਾ ਹੈ। ਸੂਬਾ ਸਰਕਾਰ ਨੇ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਛੇਤੀ ਹੀ ਸ਼ੋ੍ਰਮਣੀ ਰੰਗਰੇਟਾ ਦਲ ਪੰਜਾਬ ਵੱਲੋਂ ਤਿੱਖਾ ਸੰਘਰਸ਼ ਵਿੱਿਢਆ ਜਾਵੇਗਾ।

ਬਾਬਾ ਆਲਮ ਸ਼ਾਹ ਦੇ ਮੁੱਖ ਸੇਵਾਦਾਰ ਬਲਬੀਰ ਸੋਂਧੀ ਨਾਲ ਸਕੂਲ ਦੇ ਨਿਰਮਾਣ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਕੂਲ ਦੇ ਬਣਨ ਨਾਲ ਕਸਬੇ ਦੇ ਨਾਲ ਲੱਗਦੇ ਪਿੰਡਾਂ ਦੇ ਬੱਚਿਆਂ ਨੂੰ ਵੀ ਕਾਫੀ ਸਹੂਲਤ ਮਿਲੇਗੀ। ਹੁਣ ਕਸਬੇ ਤੇ ਪਿੰਡਾਂ ਦੇ ਬੱਚਿਆਂ ਨੂੰ ਕਾਫੀ ਦੂਰੀ ਤਹਿ ਕਰਕੇ ਹੋਰ ਸਰਕਾਰੀ ਸਕੂਲਾਂ ਚ ਪੜ੍ਹਨ ਜਾਣਾ ਪੈਂਦਾ ਹੈ ਜਿਸ ਨਾਲ ਮੌਸਮ ਦੀ ਮਾਰ ਦੇ ਨਾਲ-ਨਾਲ ਸਮੇਂ ਦੀ ਬਰਬਾਦੀ ਵੀ ਹੁੰਦੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਦਾ ਨਿਰਮਾਣ ਛੇਤੀ ਹੀ ਸ਼ੁਰੂ ਕੀਤਾ ਜਾਵੇ।