ਇਸ ਤਰ੍ਹਾਂ ਕਿਉਂ ਂ ਜਾਪਦਾ ਨੀਵਾਂ ਹੈ ਅੰਬਰ ਹੋ ਗਿਆ।
ਮਿਲਣ ਆਇਆ ਧਰਤ ਨੂੰ ਮਿਲ ਕੇ ਬਰਾਬਰ ਹੋ ਗਿਆ।
ਮਾਰ ਕੇ ਆਵਾਜ਼ ਮਗਰੋਂ ਤੂੰ ਸੀ ਮੈਨੂੰ ਕੀ ਕਿਹਾ,
ਯਾਦ ਨਹੀਂ ਪਰ ਵੇਖ ਲੈ ਇਹ ਦਿਲ ਤਾਂ ਕਾਫ਼ਰ ਹੋ ਗਿਆ।
ਝੜ ਗਏ ਪੱਤੇ ਪੁਰਾਣੇ ਫਿਰ ਪੁੰਗਾਰਾ ਪੁੰਗਰਿਆ,
ਕੋਂਪਲਾਂ ਦਾ ਬਦਨ ਹੀ ਰੱਬ ਦਾ ਪੈਗੰਬਰ ਹੋ ਗਿਆ।
ਅੱਥਰੂ ਜਦ ਅੱਖ ਅੰਦਰ ਸੀ ਤਾਂ ਤੁਪਕੇ ਵਾਂਗ ਸੀ,
ਵਹਿ ਗਿਆ ਤਾਂ ਵੇਖ ਲੈ ਪਲ ਵਿੱਚ ਸਮੁੰਦਰ ਹੋ ਗਿਆ।
ਫੇਰ ਧੋਖਾ ਖਾਣ ਮਗਰੋਂ ਕਿਓ ਂ ਭਲਾ ਖਾਂਦਾ ਵਿਸਾਹ,
ਹੁਣ ਤਾਂ ਇਹ ਦਿਲ ਜਾਪਦੈ ਮੇਰੇ ਤੋਂ ਨਾਬਰ ਹੋ ਗਿਆ।
ਜਾਪਦੈ ਬਾਜ਼ਾਰ ਦੀ ਲੱਗੀ ਹੈ ਇਸ ਨੂੰ ਇਹ ਦੁਆ,
ਰਿਸ਼ਤਿਆਂ ਦਾ ਚਿਹਨ ਚੱਕਰ ਵੀ ਆਡੰਬਰ ਹੋ ਗਿਆ।
ਕੱਢ ਕੇ ਸ਼ੀਸ਼ਾ ਵਿਖਾਇਆ ਮੈਂ ਕਿਹਾ ਕਿ ਵੇਖ ਲਓ,
ਬਦਗੁਮਾਨਾਂ ਸਮਝਿਆ ਸਾਡਾ ਨਿਰਾਦਰ ਹੋ ਗਿਆ।