ਸੰਜੀਵ ਗੁਪਤਾ, ਜਗਰਾਓਂ : ਜਗਰਾਓਂ ਦੇ ਸੀਆਈਏ ਸਟਾਫ ਤੇ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਨੇ ਮੋਗਾ ਤੇ ਫਿਰੋਜ਼ਪੁਰ ਇਲਾਕਿਆਂ ‘ਚੋਂ ਜਗਰਾਓਂ ਦੇ ਪਿੰਡਾਂ ਤੇ ਸ਼ਹਿਰ ‘ਚ ਹੈਰੋਇਨ ਦੀ ਸਪਲਾਈ ਦੇਣ ਆਏ 6 ਵਿਅਕਤੀਆਂ ਨੂੰ ਘੇਰ ਕੇ ਗਿ੍ਫ਼ਤਾਰ ਕੀਤਾ। ਐੱਸਐੱਸਪੀ ਨਵਨੀਤ ਸਿੰਘ ਬੈਂਸ ਦੀ ਜ਼ੇਰੇ ਨਿਗਰਾਨੀ ਹੇਠ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਛੇੜੀ ਗਈ ਮੁਹਿੰਮ ਤਹਿਤ ਜਗਰਾਓਂ ਸੀਆਈਏ ਸਟਾਫ ਦੇ ਥਾਣੇਦਾਰ ਲਖਵੀਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਗਸ਼ਤ ਕਰ ਰਹੀ ਸੀ। ਸਥਾਨਕ ਤਹਿਸੀਲ ਚੌਕ ਵਿਖੇ ਮੁਖਬਰ ਨੇ ਮੋਗਾ ਇਲਾਕੇ ਦੇ 3 ਵਿਅਕਤੀਆਂ ਵੱਲੋਂ ਮੋਟਰਸਾਈਕਲ ‘ਤੇ ਹੈਰੋਇਨ ਦੀ ਸਪਲਾਈ ਦੇਣ ਆਉਣ ਦੀ ਸੂਚਨਾ ਦਿੱਤੀ ਜਿਸ ‘ਤੇ ਪੁਲਿਸ ਨੇ ਸੂਚਨਾ ਅਨੁਸਾਰ ਸਥਾਨਕ ਟਰੱਕ ਯੂਨੀਅਨ ਦੇ ਪਿਛਲੇ ਪਾਸੇ ਕੱਚੇ ਰਸਤੇ ‘ਤੇ ਨਿਗਰਾਨੀ ਰੱਖੀ। ਇਸੇ ਦੌਰਾਨ ਇਕ ਮੋਟਰਸਾਈਕਲ ਨੰਬਰ ਪੀਬੀ29ਵਾਈ-9234 ‘ਤੇ ਆਉਂਦੇ ਤਿੰਨੋਂ ਸਵਾਰਾਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 40 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ‘ਤੇ ਸਾਗਰ ਮਸੀਹ ਉਰਫ ਬਿੱਟੂ ਵਾਸੀ ਨਾਨਕ ਨਗਰੀ ਮੋਗਾ, ਗੁਰਸੇਵਕ ਸਿੰਘ ਉਰਫ ਸੇਬੀ ਵਾਸੀ ਪੰਡੋਰੀ, ਬਲਜਿੰਦਰ ਲਾਲ ਉਰਫ ਸੋਨੂੰ ਵਾਸੀ ਬੇਦੀ ਨਗਰ ਮੋਗਾ ਨੂੰ ਗਿ੍ਫ਼ਤਾਰ ਕਰ ਲਿਆ।

ਇਸੇ ਤਰ੍ਹਾਂ ਥਾਣਾ ਸਿੱਧਵਾਂ ਬੇਟ ਦੇ ਸਬ-ਇੰਸਪੈਕਟਰ ਸਤਨਾਮ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਮੁਖਬਰ ਦੀ ਸੂਚਨਾ ‘ਤੇ ਬੱਸ ਸਟੈਂਡ ਲੋਧੀਵਾਲ ਵਿਖੇ ਨਾਕਾਬੰਦੀ ਕਰ ਕੇ ਚੈਕਿੰਗ ਮੁਹਿੰਮ ਛੇੜੀ। ਇਸੇ ਦੌਰਾਨ ਉਥੋਂ ਲੰਘ ਰਹੇ ਇਕ ਬਿਨਾਂ ਨੰਬਰੀ ਮੋਟਰਸਾਈਕਲ ਤਿੰਨ ਸਵਾਰਾਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 350 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ‘ਤੇ ਪੁਲਿਸ ਪਾਰਟੀ ਨੇ ਰਿੰਕੂ ਕੁਮਾਰ ਵਾਸੀ ਅਲੀਕੇ (ਫਿਰੋਜ਼ਪੁਰ), ਮਲਕੀਤ ਸਿੰਘ, ਬੂਟਾ ਸਿੰਘ ਵਾਸੀ ਕਿਲਚੇ (ਫਿਰੋਜ਼ਪੁਰ) ਨੂੰ ਗਿ੍ਫ਼ਤਾਰ ਕਰ ਲਿਆ। ਪੁੱਛਗਿੱਛ ‘ਚ ਸਾਹਮਣੇ ਆਇਆ ਕਿ ਉਕਤ ਤਿੰਨੋਂ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ। ਬੇਟ ਇਲਾਕੇ ‘ਚ ਇਹ ਆਪਣੇ ਗਾਹਕਾਂ ਨੂੰ ਉਕਤ ਸਪਲਾਈ ਦੇਣ ਆ ਰਹੇ ਸਨ।