ਜਸਪਾਲ ਸਿੰਘ ਹੇਰਾਂ
ਅਸੀਂ ਲੰਬੇ ਸਮੇਂ ਤੋਂ ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਇਕ ਚਿਤਾਵਨੀ ਦਿੰਦੇ ਆ ਰਹੇ ਹਾਂ ਕਿ ”ਨਾਗਪੁਰੀ ਤਖ਼ਤ” ਨੇ ਇਸ ਦੇਸ਼ ਨੂੰ ”ਹਿੰਦੂ ਰਾਸ਼ਟਰ” ਬਨਾਉਣ ਦੇ ਮਨਸੂਬੇ ਘੜ ਲਏ ਹਨ ਅਤੇ ਉਨਾਂ ਮਨਸੂਬਿਆਂ ਨੂੰ ਸਿਰੇ ਚੜਾਉਣ ਲਈ ਆਪਣੇ ਖ਼ਤਰਨਾਕ ਯਤਨ ਵੀ ਆਰੰਭ ਦਿੱਤੇ ਹਨ। ਹਿੰਦੂਤਵ ਦੇ ਨਾਮ ਤੇ ਦੇਸ਼ ਦੇ ਹਿੰਦੂਆਂ ਨੂੰ ਇਕਜੁਟ ਕਰਨ ਦੀ ਮੁਹਿੰਮ ਚੱਲ ਰਹੀ ਹੈ ਅਤੇ ਯੂ.ਪੀ. ਚੋਣਾਂ ਦੇ ਨਤੀਜਿਆਂ ਨਾਲ ਇਨਾਂ ਯਤਨਾਂ ਨੂੰ ਬੂਰ ਵੀ ਪਿਆ ਹੈ। ਅਸੀਂ ਇਹ ਚਿਤਾਵਨੀ ਵੀ ਦਿੱਤੀ ਸੀ ਕਿ ਹਿੰਦੂਤਵ ਦਾ ਏਜੰਡਾ ਦੇਸ਼ ਦੀਆਂ ਘੱਟ ਗਿਣਤੀਆਂ ਵਿਰੁੱਧ ਜ਼ਹਿਰ ਘੋਲ ਕੇ ਅੱਗੇ ਵਧਾਇਆ ਜਾਵੇਗਾ। ਅੱਜ ਜਦੋਂ ਕੱਟੜ ਸੋਚ ਵਾਲੇ ਜ਼ਹਿਰੀਲੇ ਹਿੰਦੂਤਵੀ ਮੰਨੇ ਜਾਂਦੇ ਆਗੂ ਪ੍ਰਵੀਨ ਤੋਗੜੀਆ ਨੇ ਘੁੰਡ ਲਾਹ ਕੇ ਸਾਫ਼ ਤੇ ਸਪਸ਼ਟ ਐਲਾਨ ਕਰ ਦਿੱਤਾ ਹੈ ਕਿ ਇਸ ਦੇਸ ਨੂੰ ‘ਹਿੰਦੂ ਰਾਸ਼ਟਰ’ ਐਲਾਨ ਦਿੱਤਾ ਜਾਵੇ ਅਤੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੋਂ ਲੈ ਕੇ ਛੋਟੇ ਅਫ਼ਸਰ ਤੱਕ ਇਹ ਸ਼ਰਤ ਲਾਗੂ ਹੋ ਜਾਵੇ ਕਿ ਇਨਾਂ ਉਚ ਅਹੁਦਿਆਂ ‘ਤੇ ਸਿਰਫ਼ ਤੇ ਸਿਰਫ਼ ਹਿੰਦੂ ਬੈਠ ਸਕੇਗਾ। ਕੱਟੜ, ਜਾਨੂੰਨੀ ਹਿੰਦੂਤਵੀ ਤੋਗੜੀਆ ਪਾਸੋਂ ਚੋਣਾਂ ਤੋਂ 2 ਸਾਲ ਪਹਿਲਾਂ ਅਜਿਹਾ ਐਲਾਨ ਕਰਵਾਕੇ ਭਾਜਾਪਾ ਹਿੰਦੂਤਵੀ ਮਾਹੌਲ ਦੀ ਸਿਰਜਣਾ ਨੂੰ ਆਰੰਭ ਕਰਨ ਦੀ ਖੇਡ, ਖੇਡੀ ਜਾ ਰਹੀ ਹੈ। ਦੇਸ਼ ਦੀ ਬਹੁਗਿਣਤੀ ਦੇ ਮਨਾਂ ‘ਚ ਯੂ.ਪੀ. ਵਾਗੂੰ ਫ਼ਿਰਕੂ ਜ਼ਹਿਰ ਭਰਨ ਦੀ ਆਰੰਭਤਾ ਹੋ ਚੁੱਕੀ ਹੈ।
ਹਿੰਦੂ ਬਹੁ ਗਿਣਤੀ ਦੇ ਮਨ ‘ਚ ਇਹ ਬਿਠਾਇਆ ਜਾ ਰਿਹਾ ਹੈ ਕਿ ਮੁਸਲਮਾਨ ਤੇ ਹੋਰ ਘੱਟ ਗਿਣਤੀਆਂ ਦੇਸ਼ ਦੀ ਬਹੁਗਿਣਤੀ ਹਿੰਦੂਆਂ, ਜਿੰਨਾਂ ਦਾ ਇਹ ਦੇਸ਼ ਹੈ, ਉਨਾਂ ਦੇ ਹੱਕ ਮਾਰ ਰਹੀਆਂ ਹਨ, ਖਾਹ ਰਹੀਆਂ ਹਨ। ਇਨਾਂ ਘੱਟ ਗਿਣਤੀਆਂ ਨੇ ਜੇ ਇਸ ਦੇਸ਼ ‘ਚ ਰਹਿਣਾ ਹੈ ਤਾਂ ਹਿੰਦੂਆਂ ਦੇ ਗੁਲਾਮ ਬਣ ਕੇ ਰਹਿਣਾ ਸਿੱਖ ਲੈਣ ਨਹੀਂ ਤਾਂ ਕਿਨਾਰਾ ਕਰਨ। ਅਜਿਹਾ ਮਾਹੌਲ 2018 ‘ਚ ਪੂਰੀ ਤਰਾਂ ਗਰਮਾ ਦਿੱਤਾ ਜਾਵੇਗਾ। ਸਾਨੂੰ ਤਾਂ ਇਹ ਵੀ ਖਦਸ਼ਾ ਹੈ ਕਿ 2018 ‘ਚ ਗੈਰ ਭਾਜਪਾ ਤੇ ਗੈਰ ਕਾਂਗਰਸ ਸਰਕਾਰ ਵਾਲੇ ਸੂਬਿਆਂ ‘ਚ ਫਿਰਕੂ ਦੰਗੇ ਵੀ ਕਰਵਾਏ ਜਾ ਸਕਦੇ ਹਨ ਤਾਂ ਕਿ ਇਨਾਂ ਸੂਬਿਆਂ ‘ਚ ਹਿੰਦੂ ਵੀ ਭਾਜਪਾ ਦੇ ਪਿਛੇ ਇਕਜੁਟ ਹੋ ਜਾਵੇ। ਤੋਗੜੀਆ ਦੇ ਬਿਆਨ ਨੇ ਸਾਡੀ ਉਸ ਭਵਿੱਖ ਬਾਣੀ ‘ਤੇ ਮੋਹਰ ਲਾ ਦਿੱਤੀ ਹੈ ਕਿ 2018 ‘ਚ ਭਾਜਪਾ ਪਾਕਿਸਤਾਨੀ ਵਿਰੋਧੀ ਨਫ਼ਰਤ ਤੇ ਜਾਨੂੰਨੀ ਹਨੇਰੀ ਪੈਦਾ ਕਰਕੇ 400 ਤੋਂ ਵੀ ਵੱਧ ਸੀਟਾਂ ਜਿੱਤ ਸਕਦੀ ਹੈ ਅਤੇ ਇਸ ਤੋਂ ਬਾਅਦ ਦੇਸ਼ ਨੂੰ ਹਿੰਦੂ ਰਾਸ਼ਟਰ ਐਲਾਨਿਆ ਜਾਵੇਗਾ। ਦੇਸ਼ ਦੀਆਂ ਘੱਟ ਗਿਣਤੀਆਂ ਲਈ ਆਏ ਦਿਨ ਵਾਪਰ ਰਹੀਆਂ ਘਟਨਾਵਾਂ ਚਾਹੇ ਉਹ ਗੳੂ ਮਾਸ ਨੂੰ ਲੈ ਕੇ ਹੋਵੇ, ਚਾਹੇ ਧਰਮ ਬਦਲੀ ਦੇ ਬਹਾਨੇ ਵਾਲੀਆਂ ਹੋਣ ਤੇ ਚਾਹੇ ਰਾਸ਼ਟਰਵਾਦ ਦੇ ਬਹਾਨੇ ਮੁਸਲਮਾਨ ਵਿਦਿਆਰਥੀਆਂ ਦੇ ਕਤਲ ਦੀਆਂ ਹੋਣ ਤੇ ਚਾਹੇ ਹੁਣ ਤੋਗੜੀਆ ਵਰਗਿਆਂ ਵਲੋਂ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਐਲਾਨੇ ਜਾਣ ਦੀਆਂ ਹੋਣ।
ਸਿਰਫ਼ ਚਿੰਤਾ ਕਰਨ ਵਾਲੀਆਂ ਨਹੀਂ ਸਗੋਂ ਹਲਾਤਾਂ ਦਾ ਮੁਕਾਬਲਾ ਕਰਨ ਲਈ ਇਕਜੁਟ ਹੋ ਕੇ ਸਾਂਝੀ ਰਣਨੀਤੀ ਘੜਨ ਦੀਆਂ ਹਨ। ਦੇਸ਼ ਦੀਆਂ ਬਹੁਗਿਣਤੀ, ਹਿੰਦੂਵਾਦ ਦੇ ਭਗਵੇਂ ਝੰਡੇ ਥੱਲੇ ਬਾਕੀ ਸਾਰੀਆਂ ਵਿਚਾਰਧਾਰਾਵਾਂ ਨੂੰ ਛੱਡ ਕੇ ਇਕਜੁਟ ਹੋ ਗਈ ਹੈ। ਉਹ ਦੇਸ਼ ਦੀਆਂ ਘੱਟਗਿਣਤੀਆਂ ਨੂੰ ਹੜੱਪਣ ਦੇ ਲਈ ਕਾਹਲੀ ਹੋ ਗਈ ਹੈ। ਜਿਸ ਦੇਸ਼ ਨੂੰ ਧਰਮ ਨਿਰਪੱਖ ਦੇਸ਼ ਆਖਿਆ ਜਾਂਦਾ ਸੀ ਅੱਜ ਉਸ ਦੇਸ਼ ‘ਚ ਜੇ ਧਰਮ ਨਿਰਪੱਖਤਾ ਦਾ ਭੋਗ ਪਾ ਕੇ ਦੇਸ਼ ਨੂੰ ਸ਼ਰੇਆਮ ‘ਹਿੰਦੂ ਰਾਸ਼ਟਰ’ ਐਲਾਨੇ ਜਾਣ ਦੇ ਬਿਆਨ ਦਾਗੇ ਜਾਣ ਲੱਗੇ ਹਨ ਤਾਂ ਸਾਫ਼ ਹੈ ਕਿ ਪਾਣੀ ਸਿਰ ਤੋਂ ਉਚਾ ਹੋ ਗਿਆ ਹੈ। ਜੇ ਅੱਜ ਦੇਸ਼ ਦੀਆਂ ਘੱਟ ਗਿਣਤੀਆਂ ਨੇ ਸਿਰ ‘ਤੇ ਮੰਡਰਾ ਰਹੇ ਖ਼ਤਰੇ ਨੂੰ ਭਾਂਪਦਿਆਂ ਇਸ ਦੇ ਮੁਕਾਬਲੇ ਇਕੱਠੇ ਹੋ ਕੇ ਖੜੇ ਹੋਣ ਦਾ ਯਤਨ ਨਾ ਕੀਤਾ ਤਾਂ ਦੇਸ਼ ਦਾ ਤਿਰੰਗਾ ਕਦੇ ਵੀ ਭਗਵੇਂ ਝੰਡੇ ‘ਚ ਬਦਲ ਸਕਦਾ ਹੈ, ਇਸ ਸਥਿਤੀ ਲਈ ਤਿਆਰ ਰਹਿਣ।