ਵਿਨੀਤ ਤ੍ਰਿਪਾਠੀ, ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਇਕ ਮਹੱਤਵਪੂਰਨ ਫ਼ੈਸਲੇ ’ਚ ਕਿਹਾ ਹੈ ਕਿ ਪਿਤਾ ਦੀ ਜਾਇਦਾਦ ’ਤੇ ਕੁਆਰੀ ਜਾਂ ਵਿਧਵਾ ਧੀ ਦਾ ਤਾਂ ਦਾਅਵਾ ਹੈ ਪਰ ਤਲਾਕਸ਼ੁਦਾ ਧੀ ਇਸ ਦੀ ਹੱਕਦਾਰ ਨਹੀਂ ਹੈ। ਖ਼ਰਚਾ ਲੈਣ ਦਾ ਦਾਅਵਾ ਐੱਚਏਐੱਮਏ ਦੀ ਧਾਰਾ 21 ਤਹਿਤ ਕੀਤਾ ਗਿਆ ਹੈ, ਜਿਸ ਵਿਚ ਉਨ੍ਹਾਂ ਆਸ਼ਰਿਤਾਂ ਲਈ ਵਿਵਸਥਾ ਹੈ ਜਿਹੜੇ ਖ਼ਰਚ ਲੈਣ ਦਾ ਦਾਅਵਾ ਕਰ ਸਕਦੇ ਹਨ। ਅਦਾਲਤ ਨੇ ਸਪੱਸ਼ਟ ਕੀਤਾ ਕਿ ਇਸ ਵਿਚ ਰਿਸ਼ਤੇਦਾਰਾਂ ਦੀਆਂ ਨੌਂ ਸ਼੍ਰੇਣੀਆਂ ਹਨ ਪਰ ਇਨ੍ਹਾਂ ’ਚ ਤਲਾਕਸ਼ੁਦਾ ਧੀ ਸ਼ਾਮਲ ਨਹੀਂ ਹੈ।

ਤਲਾਕਸ਼ੁਦਾ ਔਰਤ ਦੀ ਪਟੀਸ਼ਨ ਖ਼ਾਰਜ ਕਰਦਿਆਂ ਜਸਟਿਸ ਸੁਰੇਸ਼ ਕੁਮਾਰ ਕੈਤ ਤੇ ਨੀਨਾ ਬਾਂਸਲ ਕ੍ਰਿਸ਼ਨਾ ਦੇ ਬੈਂਚ ਨੇ ਕਿਹਾ ਕਿ ਕੁਆਰੀ ਜਾਂ ਵਿਧਵਾ ਧੀ ਨੂੰ ਮਿ੍ਰਤਕ ਦੀ ਜਾਇਦਾਦ ’ਚ ਦਾਅਵਾ ਕਰਨ ਲਈ ਮਾਨਤਾ ਦਿੱਤੀ ਗਈ ਹੈ ਪਰ ਤਲਾਕਸ਼ੁਦਾ ਧੀ ਖ਼ਰਚ ਦੇ ਹੱਕਦਾਰ ਆਸ਼ਰਿਤਾਂ ਦੀ ਸ਼੍ਰੇਣੀ ’ਚ ਸ਼ਾਮਲ ਨਹੀਂ ਹੈ। ਔਰਤ ਨੇ ੁਫੈਮਿਲੀ ਕੋਰਟ ਦੇ ਉਸ ਫ਼ੈਸਲੇ ਨੂੰ ਚੁਣੌਤੀ ਦਿੱਤੀ ਸੀ, ਜਿਸ ਵਿਚ ਮਾਂ ਤੇ ਭਰਾ ਨੂੰ ਜਾਇਦਾਦ ਦਾ ਹੱਕਦਾਰ ਬਣਨ ਦੇ ਦਾਅਵੇ ਨੂੰ ਖ਼ਾਰਜ ਕਰ ਦਿੱਤਾ ਗਿਆ ਸੀ। ਔਰਤ ਦੇ ਪਿਤਾ ਦੀ 1999 ’ਚ ਮੌਤ ਹੋ ਗਈ ਸੀ। ਉਸ ਦਾ ਕਹਿਣਾ ਸੀ ਕਿ ਉਸ ਨੂੰ ਕਾਨੂੰਨੀ ਵਾਰਿਸ ਵਜੋਂ ਕੋਈ ਹਿੱਸਾ ਨਹੀਂ ਦਿੱਤਾ ਗਿਆ। ਮਾਂ ਤੇ ਭਰਾ ਉਸ ਨੂੰ ਇਸ ਭਰੋਸੇ ’ਤੇ ਗੁਜ਼ਾਰਾ ਭੱਤਾ ਦੇ ਰੂਪ ’ਚ ਹਰ ਮਹੀਨੇ 45 ਹਜ਼ਾਰ ਰੁਪਏ ਦੇਣ ’ਤੇ ਸਹਿਮਤ ਹੋਏ ਕਿ ਉਹ ਜਾਇਦਾਦ ’ਚ ਆਪਣੇ ਹਿੱਸੇ ਲਈ ਦਬਾਅ ਨਹੀਂ ਪਾਵੇਗੀ। ਉਸ ਨੂੰ ਨਵੰਬਰ, 2014 ਤੱਕ ਨਿਯਮਤ ਰੂਪ ’ਚ ਖ਼ਰਚਾ ਦਿੱਤਾ ਗਿਆ ਪਰ ਬਾਅਦ ’ਚ ਇਸ ਨੂੰ ਨਹੀਂ ਦਿੱਤਾ ਗਿਆ। ਔਰਤ ਨੇ ਕਿਹਾ ਕਿ ਸਤੰਬਰ, 2001 ’ਚ ਪਤੀ ਨੇ ਉਸ ਨੂੰ ਤਲਾਕ ਦੇ ਦਿੱਤਾ ਸੀ। ਉਸ ਦਾ ਪਤਾ ਨਹੀਂ ਲੱਗ ਰਿਹਾ, ਇਸ ਲਈ ਉਹ ਉਸ ਤੋਂ ਕੋਈ ਗੁਜ਼ਾਰਾ ਭੱਤਾ ਜਾਂ ਖ਼ਰਚ ਨਹੀਂ ਮੰਗ ਸਕਦੀ। ਹਾਈ ਕੋਰਟ ਨੇ ਔਰਤ ਦੀ ਦਲੀਲ ਨੂੰ ਖ਼ਾਰਜ ਕਰਦਿਆਂ ਕਿਹਾ ਕਿ ਭਾਵੇਂ ਕਿੰਨੇ ਵੀ ਮੁਸ਼ਕਲ ਹਾਲਾਤ ਕਿਉਂ ਨਾ ਹੋਣ ਪਰ ਐੱਚਏਐੱਮਏ ਤਹਿਤ ਉਹ ਆਸ਼ਰਿਤ ਨਹੀਂ ਹੈ। ਇਸ ਤਰ੍ਹਾਂ ਉਹ ਆਪਣੀ ਮਾਂ ਤੇ ਭਰਾ ਤੋਂ ਖ਼ਰਚਾ ਲੈਣ ਦਾ ਦਾਅਵਾ ਕਰਨ ਦੀ ਹੱਕਦਾਰ ਨਹੀਂ ਹੈ।