ਜਸਪਾਲ ਸਿੰਘ ਹੇਰਾਂ
ਪੰਜਾਬ ਵਿੱਚ “ਗੋਲੀਬਾਰੀ ਕਰਕੇ ਗੁਰਦੁਆਰਾ ਓਮਰਾਨਾ ਸਾਹਿਬ ਦਾ ਕਬਜ਼ਾ ਲਿਆ” ਅਖ਼ਬਾਰਾਂ ‘ਚ ਇਹ ਖ਼ਬਰ ਮੋਟੀ ਸੁਰਖ਼ੀ ਨਾਲ ਛਪੀ ਹੋਈ ਹੈ। ਇੱਕ ਬਾਬੇ ਨੇ ਦੂਜੇ ਬਾਬੇ ਤੋਂ ਗੁਰੂ ਘਰ ਦਾ ਪ੍ਰਬੰਧ ਖੋਹਣ ਲਈ ਸਰਕਾਰੀ ਸਰਪ੍ਰਸਤੀ ਹੇਠ ਗੋਲੀਆਂ ਚਲਾ ਕੇ ਆਪਣੀ ਦਹਿਸ਼ਤ ਪੈਦਾ ਕੀਤੀ। ਪੁਲਿਸ ਨੇ ਉਸਦਾ ਸਾਥ ਦਿੱਤਾ, ਕਿਉਂਕਿ ਵਰਤਮਾਨ ਵਿਧਾਇਕ ਦਾ ਬੰਦਾ ਹੈ। ਇਸ ਲਈ ਪਹਿਲਾਂ ਵਾਲਾ ਬਾਬਾ ਗੁਰੂ ਘਰ ਛੱਡ ਕੇ ਦੌੜ ਗਿਆ। ਇਹ ਸ਼ਰਮਨਾਕ ਘਟਨਾ ਅਲੋਕਾਰੀ ਨਹੀਂ ਰਹਿ ਗਈ ਅਜਿਹੀ ਦੁਖਦਾਈ ਅਤੇ ਸ਼ਰਮਨਾਕ ਘਟਨਾਵਾਂ ਆਏ ਦਿਨ ਗੁਰੂ ਘਰ ਦੇ ਪ੍ਰਬੰਧਾਂ ਨੂੰ ਲੈ ਕੇ ਵਾਪਰਦੀਆਂ ਰਹਿੰਦੀਆ ਹਨ। ਵਿਦੇਸ਼ਾਂ ਦੀ ਧਰਤੀ ਤੇ ਵੀ ਆਏ ਦਿਨ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆ ਹਨ, ਜਿਸ ਕਾਰਣ ਉਹਨਾਂ ਦੇਸ਼ਾਂ ਦੀ ਪੁਲਿਸ ਨੂੰ ਗੁਰਦੁਆਰਿਆਂ ਵਿੱਚ ਦਾਖ਼ਲ ਹੋ ਕੇ ਝਗੜੇ ਮਿਟਾਉਣੇ ਪੈਦੇ ਹਨ । ਗੁਰੂ ਘਰਾਂ ਜਾਂ ਗੁਰਦੁਆਰਿਆਂ ਤੇ ਕਬਜ਼ਾ ਇਹ ਦੋਵੇਂ ਸ਼ਬਦ ਇਕੱਠੇ ਆਉਣੇ ਕੌਮ ਲਈ ਨਮੋਸ਼ੀਜਨਕ ਹੈ ਤੇ ਸਿੱਖੀ ਸਿਧਾਤਾਂ ਦਾ ਕਤਲੇਆਮ ਹੈ। ਗੁਰੂ ਘਰ ਸਿੱਖੀ ਦੇ ਪ੍ਰਚਾਰ ਤੇ ਪ੍ਰਾਸਾਰ ਦਾ ਕੇਂਦਰ ਹੈ।
ਇਥੋਂ ਸਿੱਖੀ ਸਿਧਾਤਾਂ ਦਾ ਪਾਠ ਹਰ ਸਿੱਖ ਨੂੰ ਪ੍ਰਪੱਕ ਕਰਵਾਇਆ ਜਾਂਦਾ ਹੈ। ਚੌਵੀ ਘੰਟੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਂਦੀ ਹੈ। ਜੇ ਉਸ ਧਾਰਮਿਕ ਅਸਥਾਨ ਦੇ ਪ੍ਰਬੰਧ ਨੂੰ ਕਬਜ਼ਾ ਆਖਿਆ ਤੇ ਮੰਨਣ ਲੱਗ ਪਿਆ ਜਾਵੇ ਤਾਂ ਸਮਝੋ ਸਿੱਖੀ ਸਿਧਾਂਤ, ਸਿੱਖੀ ਦੇ ਮੁੱਢਲੇ ਕੇਂਦਰ ਤੋਂ ਉੱਡ-ਪੁੱਡ ਗਏ ਹਨ, ਫਿਰ ਸਿੱਖੀ ਦੀ ਹੋਂਦ ਕਿਵੇਂ ਸੁਰੱਖਿਅਤ ਰਹਿ ਸਕਦੀ ਹੈ। ਗੁਰੂ ਘਰ ਸੇਵਾ ਸਿਮਰਨ ਦੇ ਅਭਿਆਸ ਕੇਂਦਰ ਵੀ ਹਨ, ਜਿਸ ਘਰ ਤੋਂ ਸੇਵਾ ਦੀ ਸਿੱਖਿਆ ਮਿਲਣੀ ਹੈ, ਜਿਸ ਘਰ ‘ਚ ਹਰ ਵੇਲੇ ਸੇਵਾ ‘ਚ ਜੁੜੇ ਰਹਿਣਾ ਸਿਖਾਇਆ ਜਾਂਦਾ ਹੋਵੇ, ਜੇ ਉਸ ਘਰ ਤੇ ਹੀ ਕਬਜ਼ੇ ਵਰਗੀ ਹੰਕਾਰੀ ਪ੍ਰਵਿਰਤੀ ਭਾਰੂ ਹੋ ਜਾਵੇ, ਫਿਰ ਸੇਵਾ ਤੇ ਸਿਮਰਨ ਦੀ ਗੱਲ ਖ਼ਤਮ ਹੋ ਜਾਂਦੀ ਹੈ। ਗੁਰੂ, ਗੁਰਬਾਣੀ ਤੇ ਗੁਰੂ ਘਰ ਹਰ ਮਨੁੱਖ ਨੂੰ ਨਿਮਰਤਾ ਦਾ ਪਾਠ ਪੜਾਉਂਦੇ ਹਨ ਅਤੇ ਜੇ ਇਨਾਂ ਗੁਰੂ ਘਰਾਂ ਦੇ ਪ੍ਰਬੰਧ ਲਈ ਹਊਮੈ, ਹੰਕਾਰ ‘ਚ ਅੰਨੇ ਹੋ ਕੇ ਗੋਲੀਆਂ ਚਲਾਉਣ ਦੀ ਨੌਬਤ ਆ ਜਾਵੇ ਤਾਂ ਸਿੱਖੀ ਨੂੰ ਨਿਮਰਤਾ ਦਾ ਮਾਰਗ ਕੌਣ ਪ੍ਰਵਾਨ ਕਰੇਗਾ? ਚੌਧਰ ਤੇ ਲੋਭ-ਲਾਲਸਾ ਦੀ ਭੁੱਖ ਨੇ ਸਾਡੀਆਂ ਅੱਖਾਂ ਤੇ ਅਜਿਹੀ ਪੱਟੀ ਬੰਨ ਦਿੱਤੀ ਹੈ ਕਿ ਅਸੀਂ ਗੁਰੂ ਘਰ ਦਾ ਸਤਿਕਾਰ ਵੀ ਭੁੱਲ ਵਿਸਰ ਗਏ ਹਾਂ। ਜਿਵੇਂ ਟਰੱਕ ਯੂਨੀਅਨ ਦੀ ਪ੍ਰਧਾਨਗੀ ਲਈ ਗੋਲੀਆਂ ਚੱਲਦੀਆਂ ਹਨ, ਜੇ ਉਵੇਂ ਹੀ ਗੁਰੂ ਘਰਾਂ ਦੀ ਸੇਵਾ ਲਈ ਗੋਲੀਆਂ ਚੱਲਣਗੀਆਂ ਤਾਂ ਫਿਰ ਅਸੀਂ ਕਿਸੇ ਨੂੰ ਸਿੱਖੀ ‘ਚ ਸੇਵਾ ਸਭ ਤੋਂ ਮਹਾਨ ਹੈ ਦਾ ਪਾਠ ਕਿਵੇਂ ਪੜਾ ਸਕਦੇ ਹਾਂ।
ਕਬਜ਼ਾ, ਨਿੱਜਵਾਦ, ਹਉਂਮੈਂ, ਧੌਂਸ ਤੇ ਹੰਕਾਰ ਨੂੰ ਪ੍ਰਗਾਟਾਉਂਦਾ ਹੈ। ਸੇਵਾ, ਨਿਮਰਤਾ ਦਾ ਸਬਕ ਸਿਖਾਉਂਦੀ ਹੈ। ਹੁਣ ਜਦੋਂ ਸਿੱਖਾਂ ‘ਚ ਤਖ਼ਤ ਸਾਹਿਬਾਨ ਤੇ ਕਬਜ਼ੇ, ਸ਼੍ਰੋਮਣੀ ਕਮੇਟੀ ਤੇ ਕਬਜ਼ਾ, ਗੁਰਦੁਆਰਿਆਂ ਤੇ ਕਬਜ਼ਾ, ਆਮ ਪ੍ਰਚਲਿਤ ਸ਼ਬਦ ਹੋ ਗਏ ਹਨ, ਫ਼ਿਰ ਸਿੱਖੀ ਦੀ ਮਹਾਨਤਾ, ਸਿੱਖੀ ਸਿਧਾਂਤ, ਹਲੀਮੀ ਕਿਥੇ ਗਈ? ਸਿੱਖੀ ਜੇ ਸੇਵਾ ਤੋਂ ਕਬਜ਼ੇ ਤੱਕ ਆ ਗਈ ਹੈ ਫਿਰ ਇਸਦੀ ਹੋਂਦ ਨੂੰ ਖ਼ਤਰੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜਿਸ ਕੌਮ ਨੇ ਧਾਰਮਿਕ ਫੋਕਟ ਕਰਮ ਕਾਂਡ ਤੇ ਧਰਮ ਦੇ ਨਾਮ ਤੇ ਹੁੰਦੀ ਲੁੱਟ ਨੂੰ ਆਪਣਾ ਪਹਿਲਾ ਅਤੇ ਅਹਿਮ ਨਿਸ਼ਾਨਾ ਬਣਾਇਆ ਹੋਵੇ, ਜੇ ਉਸ ਕੌਮ ਦੇ ਧਾਰਮਿਕ ਕੇਂਦਰਾਂ ਨੂੰ ਹੱਟੀਆਂ ਸਮਝ ਕੇ ਉਨਾਂ ਤੇ ਕਬਜ਼ੇ ਤੇ ਲਹੂ-ਭਿੱਜੇ ਯਤਨ ਲੱਗੇ ਹੋਣ ਤਾਂ ਇਸ ਤੋਂ ਵੱਡਾ ਨਿਘਾਰ ਹੋਰ ਕੀ ਹੋ ਸਕਦਾ ਹੈ? ਅਸੀਂ ਕੌਮ ਨੂੰ ਜਗਾਉਣ ਲਈ ਸਿੱਖੀ ਸਿਧਾਂਤ ਦੀ ਰਾਖੀ ਤੇ ਗੁਰੂ ਘਰਾਂ ਦੀ ਪਹਿਰੇਦਾਰੀ ਕਰਨ ਲਈ ‘ਹੋਕਾ’ ਜ਼ਰੂਰ ਨਿਰੰਤਰ ਦਿੰਦੇ ਰਹਾਂਗੇ, ਜਾਗਣਾ ਨਾ ਜਾਗਣਾ ਇਹ ਕੌਮ ਦੀ ਮਰਜ਼ੀ!