ਪੀਟੀਆਈ, ਸਿੰਗਾਪੁਰ : ਸਿੰਗਾਪੁਰ ਦੀ ਇੱਕ ਅਦਾਲਤ ਨੇ ਵਿਦਿਆਰਥਣ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ ਇੱਕ ਭਾਰਤੀ ਨਾਗਰਿਕ ਨੂੰ 16 ਸਾਲ ਦੀ ਸਜ਼ਾ ਸੁਣਾਈ ਹੈ। ਇਸ ਨਾਲ ਹੀ ਅਦਾਲਤ ਨੇ ਭਾਰਤੀ ਨਾਗਰਿਕ ਨੂੰ 12 ਕੋੜੇ ਮਾਰਨ ਦੀ ਸਜ਼ਾ ਵੀ ਸੁਣਾਈ ਹੈ।
ਯੂਨੀਵਰਸਿਟੀ ਦੀ ਵਿਦਿਆਰਥਣ ਨਾਲ ਕੀਤਾ ਸੀ ਬਲਾਤਕਾਰ
ਮੀਡੀਆ ਰਿਪੋਰਟਾਂ ਅਨੁਸਾਰ 26 ਸਾਲਾ ਚਿਨੈਯਾ ਨੇ ਯੂਨੀਵਰਸਿਟੀ ਦੀ ਵਿਦਿਆਰਥਣ ਦਾ ਪਿੱਛਾ ਕੀਤਾ ਸੀ ਜਦੋਂ ਉਹ ਰਾਤ ਨੂੰ ਬੱਸ ਸਟਾਪ ਜਾ ਰਹੀ ਸੀ। ਇਸ ਤੋਂ ਬਾਅਦ ਉਸ ਨੇ ਵਿਦਿਆਰਥਣ ਨੂੰ ਗ਼ਲਤ ਇਸ਼ਾਰੇ ਕੀਤੇ ਤੇ ਫਿਰ ਪੀੜਤਾ ਨਾਲ ਹੱਥੋਪਾਈ ਕੀਤੀ। ਦੋਸ਼ ਹੈ ਕਿ 26 ਸਾਲਾ ਚਿਨੈਯਾ ਪੀੜਤਾ ਨੂੰ ਘਸੀਟ ਕੇ ਜੰਗਲੀ ਇਲਾਕੇ ‘ਚ ਲੈ ਗਿਆ ਤੇ ਉਸ ਨਾਲ ਬਲਾਤਕਾਰ ਕੀਤਾ। ਇਸ ਝਗੜੇ ‘ਚ ਪੀੜਤਾ ਦਾ ਚਿਹਰਾ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜਿਸ ਕਾਰਨ ਲੜਕੀ ਦੇ ਦੋਸਤ ਵੀ ਉਸ ਨੂੰ ਪਛਾਣ ਨਹੀਂ ਸਕੇ।
4 ਮਈ 2019 ਨੂੰ ਹੋਇਆ ਸੀ ਪੀੜਤਾ ਨਾਲ ਬਲਾਤਕਾਰ
ਦੱਸ ਦੇਈਏ ਕਿ ਪੀੜਤਾ ਨਾਲ 4 ਮਈ 2019 ਨੂੰ ਬਲਾਤਕਾਰ ਹੋਇਆ ਸੀ। ਅਦਾਲਤ ਨੂੰ ਦੱਸਿਆ ਗਿਆ ਕਿ ਮਾਮਲੇ ਨੂੰ ਸਾਹਮਣੇ ਆਉਣ ‘ਚ ਚਾਰ ਸਾਲ ਲੱਗ ਗਏ ਕਿਉਂਕਿ ਦੋਸ਼ੀ ਚਿਨੈਯਾ ਦੀ ਮਾਨਸਿਕ ਸਥਿਤੀ ਦੀ ਜਾਂਚ ਕੀਤੀ ਗਈ ਸੀ।
ਡਿਪਟੀ ਪਬਲਿਕ ਪ੍ਰੌਸੀਕਿਊਟਰ ਕਯਾਲ ਪਿੱਲਈ ਨੇ ਕਿਹਾ ਕਿ ਚਿਨੈਯਾ ਨੇ ਵਿਦਿਆਰਥਣ ਦਾ ਜਿਨਸੀ ਸ਼ੋਸ਼ਣ ਕੀਤਾ ਸੀ ਪਰ ਇਸ ਦੌਰਾਨ ਪੀੜਤਾ ਨੇ ਵਿਰੋਧ ਕੀਤਾ ਤੇ ਦੋਸ਼ੀ ਦਾ ਹੱਥ ਆਪਣੇ ਚਿਹਰੇ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ। ਪਿੱਲਈ ਨੇ ਦੱਸਿਆ ਕਿ ਮੁਲਜ਼ਮ ਨੇ ਵਿਦਿਆਰਥਣ ਨੂੰ ਕੱਸ ਕੇ ਫੜਿਆ ਹੋਇਆ ਸੀ ਜਿਸ ਕਾਰਨ ਉਸ ਨੂੰ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਪੀੜਤਾਂ ਨੂੰ ਦਿੱਤੀ ਸੀ ਧਮਕੀ
ਪਿੱਲਈ ਨੇ ਕਿਹਾ ਕਿ ਉਸ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਨੂੰ ਚੁੱਪ ਰਹਿਣ ਲਈ ਕਿਹਾ ਗਿਆ ਤੇ ਧਮਕੀ ਦਿੱਤੀ ਗਈ ਕਿ ਕੋਈ ਉਸ ਦੀ ਗੱਲ ਨਹੀਂ ਸੁਣੇਗਾ। ਹਾਲਾਂਕਿ ਬਾਅਦ ‘ਚ ਉਸ ਨੇ ਆਪਣੇ ਦੋਸਤ ਨਾਲ ਸੰਪਰਕ ਕੀਤਾ ਜਿਸ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ। ਡੀਪੀਪੀ ਨੇ ਦੱਸਿਆ ਕਿ ਪੁਲਿਸ ਦੇ ਆਉਣ ਤੋਂ ਬਾਅਦ ਵਿਦਿਆਰਥਣ ਨੂੰ ਮੈਡੀਕਲ ਲਈ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸ ਦੀ ਗਰਦਨ ‘ਤੇ ਗਲਾ ਘੁੱਟਣ ਦੇ ਨਿਸ਼ਾਨ ਪਾਏ ਗਏ।
5 ਮਈ 2019 ਨੂੰ ਗ੍ਰਿਫ਼ਤਾਰ ਹੋਇਆ ਸੀ ਦੋਸ਼ੀ
ਜ਼ਿਕਰਯੋਗ ਹੈ ਕਿ ਚਿਨੈਯਾ ਨੂੰ 5 ਮਈ 2019 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਅਭਿਯੋਜਨ ਪੱਖ ਨੇ ਦੋਸ਼ੀ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਸੀ। ਡੀਪੀਪੀ ਯਵੋਨ ਪੂਨ ਨੇ ਵੀ ਕਿਹਾ ਕਿ ਹਮਲਾ ਅਚਾਨਕ ਨਹੀਂ ਹੋਇਆ ਸੀ।



