ਜਗਸੀਰ ਸਿੰਘ ਸੰਧੂ ਦੀ ਵਿਸ਼ੇਸ਼ ਰਿਪੋਰਟ
ਅਚਨਚੇਤ ਹੀ ਪੰਜਾਬ ਪੁਲਸ ਵੱਲੋਂ ਹਰ ਰੋਜ ਖਾਲਿਸਤਾਨੀ ਖਾੜਕੂਆਂ ਨੂੰ ਗ੍ਰਿਫਤਾਰ ਕਰਨ ਦਾਅਵੇ ਕਈ ਤਰਾਂ ਦੇ ਸਵਾਲਾਂ ਨੂੰ ਜਨਮ ਦੇ ਰਹੇ ਹਨ। ਹੁਣ ਜਦੋਂ 6 ਜੂਨ ਨੂੰ ਸਿੱਖ ਕੌਮ ਸਾਕਾ ਦਰਬਾਰ ਸਾਹਿਬ ਦੇ ਸਹੀਦਾਂ ਨੂੰ ਯਾਦ ਸਰਧਾਂਜ਼ਲੀਆਂ ਭੇਟ ਕਰਨ ਦੀ ਤਿਆਰੀ ਕਰ ਰਹੀ ਹੈ ਤਾਂ ਪੰਜਾਬ ਪੁਲਸ ਨੇ ਅਚਾਨਕ ਹੀ ਕਦੇ ‘ਖਾਲਿਸਤਾਨ ਜਿੰਦਾਬਾਦ ਫੋਰਸ ਅਤੇ ਕਦੇ ‘ਬੱਬਰ ਖਾਲਸਾ’ ਦੇ ਖਾੜਕੂਆਂ ਨੂੰ ਫੜਨਾ ਸੁਰੂ ਕਰ ਦਿੱਤਾ ਹੈ। ਅਚਾਨਕ ਹੀ ਖਾਲਿਸਤਾਨੀ ਸਰਗਰਮੀ ਬਾਰੇ ਪੁਲਸ ਅਤੇ ਭਾਰਤੀ ਮੀਡੀਆ ਵੱਲੋਂ ਕੀਤੇ ਜਾ ਰਹੇ ਧੂੰਆਂਧਾਰ ਪ੍ਰਚਾਰ ਦੇ ਪਿਛੇ ਅਸਲ ਕੀ ਕਾਰਨ ਹਨ? ਇਸ ਸਵਾਲ ਨੇ ਅੱਜ ਹਰ ਜਾਗਰੂਕ ਪੰਜਾਬੀ ਅਤੇ ਦੁਨੀਆਂ ਭਰ ਵਿੱਚ ਵਸਦੇ ਸਿੱਖਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਇਥੇ ਇਹ ਗੱਲ ਵੀ ਵਿਚਾਰਯੋਗ ਹੈ ਕਿ ਫੜੇ ਜਾ ਰਹੇ ਖਾੜਕੂਆਂ ਪ੍ਰਤੀ ਪੰਜਾਬ ਪੁਲਸ ਵੱਲੋਂ ਤਕਰੀਬਨ ਇਕੋ ਜਿਹੇ ਦਾਅਵੇ ਹੀ ਕੀਤੇ ਜਾ ਰਹੇ ਹਨ ਕਿ ਇਹ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀਆਂ ਦਾ ਬਦਲਾ ਲੈਣਾ ਚਾਹੁੰਦੇ ਸਨ ਅਤੇ ਨਵੰਬਰ ਚੌਰਾਸੀ ਦੇ ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ ਟਾਇਟਲਰ ਅਤੇ ਸੱਜਣ ਕੁਮਾਰ ਵਰਗਿਆਂ ਨੂੰ ਮਾਰਨਾ ਚਾਹੁੰਦੇ ਸੀ। ਪੁਲਸ ਦੇ ਇਹਨਾਂ ਦਾਅਵਿਆਂ ‘ਤੇ ਇਹ ਸਵਾਲ ਪੈਦਾ ਹੁੰਦਾ ਹੈ ਕਿ ਇੱਕ ਸੌ ਤੋਂ ਵੱਧ ਹੋਈਆਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਮੌਕੇ ਬੇਅਦਬੀ ਕਰਨ ਦੀ ਤਿਆਰੀ ਕਰਦਾ ਇੱਕ ਵਿਅਕਤੀ ਪੰਜਾਬ ਪੁਲਸ ਦੇ ਹੱਥ ਕਿਉਂ ਨਹੀਂ ਆਇਆ, ਹੋਰ ਤਾਂ ਹੋਰ ਬੇਅਦਬੀਆਂ ਘਟਨਾਵਾਂ ਹੋਣ ਤੋਂ ਬਾਅਦ ਵੀ ਜੇਹੜੀ ਪੰਜਾਬ ਪੁਲਸ ਇੱਕ ਵੀ ਦੋਸ਼ੀ ਨੂੰ ਫੜ ਨਹੀਂ ਸਕੀ, ਉਹੀ ਪੁਲਸ ਹੁਣ ਬੇਅਦਬੀਆਂ ਦਾ ਬਦਲਾ ਲੈਣ ਵਾਲੇ ਸਿੱਖਾਂ ਨੂੰ ਫੜਨ ਲਈ ਬੜੀ ਮੁਸਤੈਦ ਹੋ ਗਈ ਹੈ।
ਪੰਜਾਬ ਵਿੱਚ ਸ੍ਰੀ ਗੁਰੂ ਗਰੰਥ ਸਾਹਿਬ ਦੀਆਂ ਬੇਅਦਬੀਆਂ, ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ‘ਤੇ ਹੋਏ ਹਮਲੇ, ਨਾਮਧਾਰੀ ਮਾਤਾ ਚੰਦ ਕੌਰ ਦਾ ਕਤਲ, ਆਰ.ਐਸ.ਐਸ ਦੇ ਆਗੂ ਗਗਨੇਜਾ ਦਾ ਕਤਲ ਸਮੇਤ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਹੋ ਚੁੱਕੀਆਂ ਹਨ, ਜਿਹਨਾਂ ਸਬੰਧੀ ਪੰਜਾਬ ਪੁਲਸ ਅਜੇ ਵੀ ਹਨੇਰੇ ਵਿੱਚ ਹੱਥ ਪੈਰ ਮਾਰ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ ਭਿਆਨਕ ਰੂਪ ਧਾਰ ਚੁੱਕੀ ਗੈਂਗਵਾਰ ਰੋਕਣ ਲਈ ਪੰਜਾਬ ਪੁਲਸ ਬੇਵੱਸ ਹੋਈ ਨਜਰ ਆ ਰਹੀ ਹੈ, ਪਰ ਬਾਕੀ ਦੇ ਸਾਰੇ ਮਾਮਲੇ ਛੱਡ ਕੇ ਪੰਜਾਬ ਪੁਲਸ ਦਾ ਸਾਰਾ ਜੋਰ ਅਚਾਨਕ ਖਾਲਿਸਤਾਨੀ ਖਾੜਕੂਆਂ ਨੂੰ ਫੜਨ ਅਤੇ ਪ੍ਰਚਾਰਨ ‘ਤੇ ਹੀ ਕਿਉਂ ਲਗਾ ਰਹੀ ਹੈ? ਇਹਨਾਂ ਸਵਾਲਾਂ ਦਾ ਜਵਾਬ ਲਭਦਿਆਂ ਕਈ ਕਾਰਨ ਸਾਹਮਣੇ ਆਉਂਦੇ ਹਨ। ਸਭ ਤੋਂ ਪਹਿਲਾਂ ਕਾਰਨ ਤਾਂ ਇਹ ਲੱਗ ਰਿਹਾ ਹੈ ਕਿ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਬਹੁਤ ਵੱਡੇ ਵੱਡੇ ਵਾਅਦੇ ਕਰਕੇ ਪੰਜਾਬ ਵਿੱਚ ਸਰਕਾਰ ਤਾਂ ਬਣਾ ਲਈ ਹੈ, ਪਰ ਪੰਜਾਬ ਸਰਕਾਰ ਦੀ ਮਾਲੀ ਹਾਲਤ ਕਾਰਨ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੀ ਵਜਾਰਤ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤਾ ਇੱਕ ਵੀ ਵਾਅਦਾ ਪੂਰਾ ਕਰਨ ਦੀ ਹਾਲਤ ਵਿੱਚ ਨਹੀਂ ਹੈ। ਇਸ ਲਈ ਪੰਜਾਬ ਸਰਕਾਰ ਖੁਦ ਹੀ ਪੰਜਾਬ ਦੇ ਲੋਕਾਂ ਦਾ ਧਿਆਨ ਕੀਤੇ ਵਾਅਦਿਆਂ ਤੋਂ ਭਟਕਾਉਣ ਪੰਜਾਬ ਅੰਦਰ ਇਹੋ ਜਿਹਾ ਡਰ ਦਾ ਮਾਹੌਲ ਪੈਦਾ ਕਰਨਾ ਚਾਹੁੰਦੀ ਹੈ ਕਿ ਪੰਜਾਬ ਦੇ ਲੋਕ ਹਰ ਪਰਵਾਰ ਨੂੰ ਨੌਕਰੀ, ਕਿਸਾਨਾਂ ਦਾ ਕਰਜਾ ਮੁਆਫੀ, ਸਮਾਰਟ ਫੋਨ ਅਤੇ ਹੋਰ ਲੁਭਾਵਣੇ ਵਾਅਦਿਆਂ ਨੂੰ ਭੁੱਲ ਕੇ ਸਿਰਫ ਅਮਨ ਕਾਨੂੰਨ ਦੀ ਸਥਿਤੀ ਬਾਰੇ ਹੀ ਸੋਚਣ ਲਈ ਮਜਬੂਰ ਹੋ ਜਾਣ।
ਦੂਸਰਾ ਵੱਡਾ ਕਾਰਨ ਇਹ ਵੀ ਹੈ ਕਿ ਲੋਕ ਆਵਾਜ ਨੂੰ ਦੇਖਦਿਆਂ ਵੀ. ਆਈ. ਪੀ ਕਲਚਰ ਦਾ ਖਾਤਮਾ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਬਣਦਿਆਂ ਹੀ ਲੀਡਰਾਂ ਦੀ ਸਿਕਾਉਰਟੀ ਵਾਪਸ ਲੈ ਲਈ ਹੈ, ਪਰ ਬਹੁਤੇ ਕਾਂਗਰਸੀ ਲੀਡਰ ਗੰਨਮੈਨ ਰੱਖਣ ਦੇ ਸੌਕੀਨ ਹਨ, ਇਸ ਲਈ ਜੇਕਰ ਪੰਜਾਬ ਦਾ ਮਾਹੌਲ ਕੁਝ ਖਰਾਬ ਹੁੰਦਾ ਦਿਸਦਾ ਹੈ ਤਾਂ ਪੰਜਾਬ ਪੁਲਸ ਦੀ ਅਫਸਰਸਾਹੀ ਦੀ ਮਿਲੀਭੁਗਤ ਨਾਲ ਗੰਨਮੈਨ ਕਲਚਰ ਬਣਿਆ ਰਹਿ ਸਕਦਾ ਹੈ। ਇਹਨਾਂ ਸਾਰਿਆਂ ਤੋਂ ਵੱਡਾ ਕਾਰਨ ਇਹ ਹੈ ਕਿ ਭਾਰਤ ਏਜੰਸੀਆਂ ਸਿੱਖ ਕੌਮ ਦੀ ਕਨੇਡਾ, ਅਮਰੀਕਾ, ਇੰਗਲੈਂਡ ਅਤੇ ਹੋਰ ਯੂਰਪੀਨ ਦੇਸਾਂ ਵਿੱਚ ਦਿਨੋਂ ਦਿਨ ਹੋ ਰਹੀ ਚੜਤ ਤੋਂ ਭਾਰੀ ਚਿੰਤਾ ਵਿੱਚ ਹਨ ਅਤੇ ਪੰਜਾਬ ਦਾ ਮਾਹੌਲ ਨੂੰ ਮੁੜ ਖਰਾਬ ਕਰਕੇ ਸਿੱਖ ਕੌਮ ਨੂੰ ਦੁਨੀਆਂ ਭਰ ਵਿੱਚ ਬਦਨਾਮ ਦੀ ਸਾਜਿਸ ਵੀ ਭਾਰਤੀ ਏਜੰਸੀਆਂ ਦੀ ਉਸੇ ਚਿੰਤਾ ਦਾ ਸਿੱਟਾ ਹੋ ਸਕਦੀ ਹੈ। ਦੂਸਰੇ ਪਾਸੇ ਜੂਨ ਚੌਰਾਸੀ ਦੇ ਘੱਲੂਘਾਰੇ ਦੀ ਬਰਸੀ ਮੌਕੇ ਜਿਸ ਤਰਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ �ਿਪਾਲ ਸਿੰਘ ਬਡੂੰਗਰ ਵੱਲੋਂ ਸਿਮਰਨਜੀਤ ਸਿੰਘ ਮਾਨ ਨਾਲ ਮਿਲਕੇ ਸਾਂਝੇ ਤੌਰ ‘ਤੇ ਸਮਾਗਮ ਕਰਵਾਉਣ ਲਈ ਯਤਨ ਕੀਤੇ ਜਾ ਰਹੇ ਹਨ, ਉਹਨਾਂ ਨੂੰ ਦੇਖਦਿਆਂ ਵੀ ਭਾਰਤੀ ਏਜੰਸੀਆਂ ਘੱਲੂਘਾਰੇ ਹਫਤੇ ਤੋਂ ਪਹਿਲਾਂ ਜਾਂ ਘੱਲੂਘਾਰੇ ਹਫਤੇ ਦੇ ਦੌਰਾਨ ਹੀ ਕੋਈ ਨਾ ਕੋਈ ਅਜਿਹੀ ਵਾਰਦਾਤ ਕਰਵਾ ਸਕਦੀਆਂ ਹਨ, ਜਿਸ ਨਾਲ ਭਾਰਤੀ ਮੀਡੀਆ ਸਿੱਖ ਕੌਮ ਦੀ ਦੁਨੀਆਂ ਭਰ ਵਿੱਚ ਭੰਡੀ ਪ੍ਰਚਾਰ ਕਰ ਸਕੇ।