ਸਰੀ, ਬੀ.ਸੀ. – ਫੋਕਸ ਨਿਊਟਨ ਐਕਸ਼ਨ ਪਲੈਨ (Focus Newton Action Plan)ਦੀਨਿਰੰਤਰ ਸਫਲਤਾ ਦੇ ਆਧਾਰ ‘ਤੇ, ਸਰੀ ਸ਼ਹਿਰ ਨਿਊਟਨ ਭਾਈਚਾਰੇ ਨੂੰ ਮੁੜ ਸੁਰਜੀਤ ਕਰਨ, ਸੁੰਦਰ ਬਣਾਉਣ ਅਤੇ ਵਧਾਉਣ ਦੇ ਨਾਲ ਕੌਂਸਲ ਦੀ ਵਚਨਬੱਧਤਾ ਨੂੰ ਅਗਾਂਹ ਲੈਜਾਣ ਲਈ ਪਰਿਵਾਰ-ਅਨੁਕੂਲ ਗਰਮੀਆਂ ਦੇ ਸਮਾਗਮਾਂ ਅਤੇ ਪ੍ਰੋਗਰਾਮਾਂ ਦੀ ਇੱਕ ਲੜੀ ਸ਼ੁਰੂ ਕਰ ਰਿਹਾ ਹੈ। ਪਰਿਵਾਰਾਂ ਅਤੇ ਆਂਢ- -ਗੁਆਂਢ ਨੂੰ ਗਰਮੀਆਂ ਭਰ ਮੁਫ਼ਤ ‘ਚ ਦਿਖਾਈਆਂ ਜਾਣ ਵਾਲੀਆਂ ਫਿਲਮਾਂ, ਸੰਗੀਤ ਸਮਾਰੋਹਾਂ ਅਤੇ ਕਮਿਊਨਿਟੀ ਪਿਕਨਿਕਾਂ ਤੋਂ ਲੈ ਕੇ ਪੌਪ-ਅੱਪ ਗੇਮਾਂ ਅਤੇ ਗਤੀਵਿਧੀਆਂ ਨਾਲ ਲੈਸ, ਮਨੋਰੰਜਨ ਲਈ ਕੁਝ ਨਾ ਕੁਝ ਹੋਵੇਗਾ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਮੈਨੂੰ ਇਹਨਾਂ ਮੁਫ਼ਤ ਕਮਿਊਨਿਟੀ ਸਮਾਗਮਾਂ ਦੀ ਸ਼ੁਰੂਆਤ ਕਰਨ ‘ਤੇ ਮਾਣ ਹੈ, ਜੋ ਨਿਵਾਸੀਆਂ ਨੂੰ ਇਕੱਠੇ ਕਰਨ ਅਤੇ ਨਿਊਟਨ ਵਿੱਚ ਮਾਣ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਦੀ ਸਾਡੀ ਵਚਨਬੱਧਤਾ ਨੂੰ ਉਜਾਗਰ ਕਰਦੇ ਹਨ। ਇਹ ਗਤੀਵਿਧੀਆਂ ਕੌਂਸਲ ਦੁਆਰਾ ਨਿਊਟਨ ਨੂੰ ਇੱਕ ਖੁਸ਼ਹਾਲ, ਰੌਣਕਮਈ ਖੇਤਰ ਬਣਾਉਣ ਲਈ ਕੀਤੇ ਗਏ ਮਹੱਤਵਪੂਰਨ ਨਿਵੇਸ਼ਾਂ ‘ਤੇ ਅਧਾਰਿਤ ਹਨ। ਭਾਵੇਂ ਇਹ 7.5 ਮਿਲੀਅਨ ਡਾਲਰ ਦੀ ਲਾਗਤ ਨਾਲ ਹਾਲ ਹੀ ਵਿੱਚ ਪੂਰਾ ਹੋਇਆ 148 ਸਟਰੀਟ ਦਾ ਰੋਡ ਸੁਧਾਰ ਪ੍ਰੋਜੈਕਟ ਹੋਵੇ, ਜਾਂ ਨਿਊਟਨ ਕਮਿਊਨਿਟੀ ਸੈਂਟਰ ‘ਤੇ 310.6 ਮਿਲੀਅਨ ਡਾਲਰ ਖਰਚਣ ਦੀ ਵਿਕਾਸ ਯੋਜਨਾ, ਸਾਡਾ ਧਿਆਨ ਸਕਾਰਾਤਮਕ ਤਬਦੀਲੀ ਅਤੇ ਕਮਿਊਨਿਟੀ-ਅਧਾਰਿਤ ਵਿਕਾਸ ‘ਤੇ ਰਹਿੰਦਾ ਹੈ।”
ਫੋਕਸ ਨਿਊਟਨ ਐਕਸ਼ਨ ਪਲਾਨ, ਨਿਊਟਨ ਨੂੰ ਇੱਕ ਖੁਸ਼ਹਾਲ ਅਤੇ ਰੌਣਕਮਈ ਇਲਾਕੇ ਵਜੋਂ ਵਧਾਉਣ ਲਈ ਸਮਰਪਿਤ ਹੈ ਜੋ ਸਾਰੇ ਨਿਵਾਸੀਆਂ ਵਿੱਚ ਮਾਣ ਨੂੰ ਉਤਸ਼ਾਹਿਤ ਕਰਦਾ ਹੈ। ਯੋਜਨਾ ਬਾਰੇ ਭਾਈਚਾਰੇ ਦੇ ਹੁੰਗਾਰੇ ਦੇ ਆਧਾਰ ‘ਤੇ, ਪਰਿਵਾਰ-ਅਨੁਕੂਲ ਗਤੀਵਿਧੀਆਂ ਦੀ ਗਿਣਤੀ ਵਧਾਉਣ ਨੂੰ ਇੱਕ ਤਰਜੀਹ ਵਜੋਂ ਪਛਾਣਿਆ ਗਿਆ ਸੀ, ਨਾਲ ਹੀ ਨਿਊਟਨ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰਨ ‘ਚ ਦਿਲਚਸਪੀ ਰੱਖਣ ਵਾਲੇ ਨਿਵਾਸੀਆਂ ਦੀ ਹਮਾਇਤ ਕੀਤੀ ਗਈ ਸੀ।
ਯੋਜਨਾਬੱਧ ਪਰਿਵਾਰ-ਅਨੁਕੂਲ ਗਤੀਵਿਧੀਆਂ ਦੇ ਨਾਲ, ਸ਼ਹਿਰ ਵਲੋਂ ਨਿਵਾਸੀਆਂ ਨੂੰ ਸਥਾਨਕ ਪਾਰਕਾਂ ਵਿਚਲੇ ਸਫ਼ਾਈ ਸਮਾਗਮਾਂ ਅਤੇ ਸਥਾਨਕ ਵਾਤਾਵਰਣ ਪ੍ਰਣਾਲੀਆਂ ਨੂੰ ਬਿਹਤਰ ਬਣਾਉਣ ਅਤੇ ਬਹਾਲ ਕਰਨ ਵਿੱਚ ਸਹਾਇਤਾ ਲਈ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਵੀ ਸੱਦਾ ਦੇ ਰਿਹਾ ਹੈ। ਸ਼ਹਿਰ ਇਵੈਂਟ ਕਿੱਟਾਂ ਅਤੇ ਸਫਾਈ ਕਿੱਟਾਂ ਪ੍ਰਦਾਨ ਕਰਦਾ ਹੈ ਜੋ ਨਿਵਾਸੀਆਂ ਦੁਆਰਾ ਆਪਣੇ ਭਾਈਚਾਰਕ ਸਮਾਗਮਾਂ ਅਤੇ ਗਤੀਵਿਧੀਆਂ ਲਈ ਉਧਾਰ ਲਏ ਜਾ ਸਕਦੇ ਹਨ ਅਤੇ ਆਂਢ-ਗੁਆਂਢ ਦੀਆਂ ਸੁਧਾਰ-ਗਤੀਵਿਧੀਆਂ ਨੂੰ ਸਹਾਇਤਾ ਦੇਣ ਲਈ ਗ੍ਰਾਂਟਾਂ ਦੀ ਪੇਸ਼ਕਸ਼ ਵੀ ਕਰਦਾ ਹੈ।
ਫੋਕਸ ਨਿਊਟਨ ਟਾਸਕ ਫੋਰਸ ਦੇ ਚੇਅਰਪਰਸਨ ਕੌਂਸਲਰ ਹੈਰੀ ਬੈਂਸ ਨੇ ਕਿਹਾ, “ਨਿਵਾਸੀ ਸਾਡੇ ਪਾਰਕਾਂ ਅਤੇ ਜਨਤਕ ਸਥਾਨਾਂ ‘ਤੇ ਮਾਣ ਕਰਦੇ ਹਨ, ਅਤੇ ਅਸੀਂ ਫੋਕਸ ਨਿਊਟਨ ਐਕਸ਼ਨ ਪਲੈਨ ਦੇ ਹਿੱਸੇ ਵਜੋਂ ਬਹੁਤ ਸਾਰੀਆਂ ਮਜ਼ੇਦਾਰ ਅਤੇ ਸਿੱਖਣਯੋਗ ਗਤੀਵਿਧੀਆਂ ਦੀ ਮੇਜ਼ਬਾਨੀ ਕਰਨ ਲਈ ਉਤਸ਼ਾਹਿਤ ਹਾਂ। ਮੈਂ ਸਾਰਿਆਂ ਨੂੰ ਇਨ੍ਹਾਂ ਗਰਮੀਆਂ ਵਿੱਚ ਨਾ ਸਿਰਫ਼ ਇਹਨਾਂ ਗਤੀਵਿਧੀਆਂ ਦਾ ਆਨੰਦ ਲੈਣ ਲਈ ਉਤਸ਼ਾਹਿਤ ਕਰਦਾ ਹਾਂ, ਸਗੋਂ ਕੁਝ ਉਪਲਬਧ ਸਰੋਤਾਂ ਨਾਲ ਆਪੋ-ਆਪਣੇ ਤਰੀਕੇ ਨਾਲ ਯੋਗਦਾਨ ਪਾਉਣ ਲਈ ਵੀ ਉਤਸ਼ਾਹਿਤ ਕਰਦਾ ਹਾਂ। ਇਕੱਠੇ ਮਿਲ ਕੇ ਅਸੀਂ ਇੱਕ ਅਜਿਹੇ ਰੌਣਕਮਈ ਭਾਈਚਾਰੇ ਦੇ ਨਿਰਮਾਣ ਵਿੱਚ ਯੋਗਦਾਨ ਪਾ ਸਕਦੇ ਹਾਂ ,ਜਿਸ ‘ਤੇ ਅਸੀਂ ਸਾਰੇ ਮਾਣ ਕਰ ਸਕੀਏ।”
ਇਸ ਸਾਲ ਦੇ ਫੋਕਸ ਨਿਊਟਨ ਸਮਾਗਮਾਂ ਦੀ ਪੂਰੀ ਸੂਚੀ, ਅਤੇ ਫੋਕਸ ਨਿਊਟਨ ਐਕਸ਼ਨ ਪਲਾਨ ਬਾਰੇ ਹੋਰ ਵੇਰਵਿਆਂ ਲਈ, Surrey.ca/focusnewton ‘ਤੇ ਜਾਓ ।
