ਸਰੀ, ਬੀ.ਸੀ.- ਸਰੀ ਸ਼ਹਿਰ ਵਧੇਰੇ ਘਰਾਂ ਨੂੰ ਵਾਟਰ ਮੀਟਰ ਲਗਵਾਉਣ ਲਈ ਉਤਸ਼ਾਹਿਤ ਕਰ ਰਿਹਾ ਹੈ, ਜਿਸ ਤਹਿਤ ਵਾਟਰ ਮੀਟਰ ਲਗਵਾਉਣ ਲਈ $850 ਦੀ ਰਕਮ ਰੀਬੇਟ (incentive offer) ਵਜੋਂ ਦਿੱਤੀ ਜਾਵੇਗੀ । ਇਹ ਪ੍ਰੋਤਸਾਹਨ ਸ਼ਹਿਰ ਦੇ ਵਾਟਰ ਮੀਟਰ ਰਿਬੇਟ ਪਾਇਲਟ ਪ੍ਰੋਗਰਾਮ (Water Meter Rebate Pilot Program ) ਦਾ ਹਿੱਸਾ ਹੈ ਤੇ 2026 ਦੇ ਅੰਤ ਤੱਕ ਪਹਿਲੇ 1,000 ਸਿੰਗਲ-ਫੈਮਿਲੀ ਜਾਂ ਡੁਪਲੈਕਸ ਘਰਾਂ ਦੇ ਮਾਲਕਾਂ ਨੂੰ ਦਿੱਤਾ ਜਾਵੇਗਾ । ਇਹ ਪ੍ਰੋਗਰਾਮ ਇਸ ਤਰਾਂ ਤਿਆਰ ਕੀਤਾ ਗਿਆ ਹੈ ਤਾਂ ਜੋ ਲੰਬੇ ਸਮੇਂ ਤੱਕ ਪਾਣੀ ਦੀ ਸਾਂਭ-ਸੰਭਾਲ ਅਤੇ ਸਿਸਟਮ ਦੀ ਕਾਰਜ-ਕੁਸ਼ਲਤਾ ਨੂੰ ਉਤਸ਼ਾਹਿਤ ਕਰਨ ਦੇ ਨਾਲ ਨਾਲ, ਯੂਟਿਲਟੀ ਬਿੱਲ ਘਟਾਉਣ ‘ਚ ਨਿਵਾਸੀਆਂ ਨੂੰ ਮਦਦ ਮਿਲੇ।
ਮੇਅਰ ਬਰੈਂਡਾ ਲੌਕ ਨੇ ਕਿਹਾ,“ਪਾਣੀ ਦੇ ਮੀਟਰ ਲਾਉਣਾ ਸਾਡੇ ਨਿਵਾਸੀਆਂ ਅਤੇ ਸ਼ਹਿਰ ਦੋਵਾਂ ਲਈ ਚੰਗਾ ਨਿਵੇਸ਼ ਹੈ। ਇਹ ਅਸਲ ਵਿੱਚ ਹੁੰਦੀ ਵਰਤੋਂ ਦੇ ਅਧਾਰ ‘ਤੇ ਨਿਰਪੱਖ ਬਿਲਿੰਗ ਨੂੰ ਯਕੀਨੀ ਬਣਾਉਂਦਾ ਹੈ, ਪਾਣੀ ਲੀਕ ਹੋਣ ਦਾ ਛੇਤੀ ਪਤਾ ਲਾਉਣ ਵਿੱਚ ਸਹਾਇਤਾ ਕਰਦਾ ਹੈ ਅਤੇ ਪਾਣੀ ਦੀ ਖ਼ਪਤ ਜ਼ਿੰਮੇਵਾਰੀ ਨਾਲ ਕਰਨ ਨੂੰ ਉਤਸ਼ਾਹਿਤ ਕਰਦਾ ਹੈ। ਮੈਟਰੋ ਵੈਨਕੂਵਰ ਵਲੋਂ ਨੌਰਥ ਸ਼ੋਰ ਵੇਸਟਵਾਟਰ ਟਰੀਟਮੈਂਟ ਪਲਾਂਟ ਨੂੰ ਫੰਡ ਦੇਣ ਲਈ ਖੇਤਰੀ ਜਲ-ਨਿਕਾਸ ਟੈਕਸ (Reginal Sewer Levy) ਵਧਾਉਣ ਦੇ ਸਿੱਟੇ ਵਜੋਂ ਸਰੀ ਦੇ ਬਿਨਾਂ ਮੀਟਰ ਵਾਲੇ ਘਰਾਂ ‘ਤੇ 293.57 ਡਾਲਰ ਵਾਧੂ ਜਲ-ਨਿਕਾਸ ਕਰ ਦਾ ਖਰਚ ਆਉਂਦਾ ਹੈ ਅਤੇ ਹੁਣ ਬਿਲਕੁਲ ਢੁਕਵਾਂ ਸਮਾਂ ਹੈ, ਜਦੋਂ ਸਰੀ ਨਿਵਾਸੀ ਮੀਟਰ ਵਾਲੇ ਬਿੱਲਾਂ ਦਾ ਰਾਹ ਚੁਣਨ ਅਤੇ ਔਸਤ ਉਪਯੋਗਤਾ ਬਿੱਲ ‘ਤੇ ਪ੍ਰਤੀ ਸਾਲ ਅੰਦਾਜ਼ਨ 1467 ਡਾਲਰ ਦੀ ਬਚਤ ਕਰਨ। ਇਹ ਸਾਲਾਨਾ ਲਗਭਗ 47% ਬਚਤ ਹੈ-ਉਹ ਪੈਸਾ ਜਿਹੜਾ ਸਿੱਧਾ ਪਰਿਵਾਰਾਂ ਦੀਆਂ ਜੇਬਾਂ ਵਿੱਚ ਰਹਿਣਾ ਹੈ।”
ਪਾਇਲਟ ਪ੍ਰੋਗਰਾਮ ਦੇ ਤਹਿਤ , ਨਿਵਾਸੀਆਂ ਦੀ ਪਹੁੰਚ ਵਿੱਚ ਹੋਵੇਗਾ:
- ਪਹਿਲੇ 1,000 ਯੋਗ ਸਿੰਗਲ-ਫੈਮਿਲੀ ਜਾਂ ਡੂਪਲੇਕਸ ਘਰਾਂ ਲਈ ਕੁੱਲ 850 ਡਾਲਰ ਦੀ ਪ੍ਰੋਤਸਾਹਨਾ: ਜਿਸ ਵਿੱਚ 450 ਡਾਲਰ ਦੀ ਮੁਫ਼ਤ ਮੀਟਰ ਅਤੇ ਸੈੱਟਅੱਪ ਸੇਵਾ, ਨਾਲ ਹੀ ਮੀਟਰ ਲਾਉਣ (Installation) ਲਈ400 ਡਾਲਰ ਦੀ ਰੀਬੇਟ ਸ਼ਾਮਲ ਹੈ।
- 15 ਜਾਂ ਵੱਧ ਇਕਾਈਆਂ (ਯੂਨਿਟਾਂ) ਵਾਲੇ ਮਲਟੀ-ਫੈਮਿਲੀ ਸਟਰੈਟਾ (strata) ਲਈ 1500 ਡਾਲਰ ਤੱਕ ਦੀ ਛੋਟ, ਇਹ ਪਹਿਲੀਆਂ 30 ਸਟਰੈਟਾ ਪ੍ਰਾਪਰਟੀਆਂ ਲਈ ਉਪਲਬਧ ਹੈ।
ਹਾਲਾਂਕਿ ਘਰ ਮਾਲਕਾਂ ਨੂੰ ਮੀਟਰ ਲਗਵਾਉਣ ਸਮੇਂ ਖ਼ਰਚ ਆਉਂਦਾ ਹੈ, ਸਿਟੀ ਦਾ ਅੰਦਾਜ਼ਾ ਹੈ ਕਿ ਮੀਟਰ ਵਾਲੇ ਪਹਿਲੇ ਬਿੱਲ ਤੋਂ ਤੁਰੰਤ ਬਚਤ ਸ਼ੁਰੂ ਹੋ ਜਾਣ ਨਾਲ ਜ਼ਿਆਦਾਤਰ ਨਿਵਾਸੀ ਦੋ ਤੋਂ ਚਾਰ ਸਾਲਾਂ ਦੇ ਅੰਦਰ ਇਨ੍ਹਾਂ ਲਾਗਤਾਂ ਦੇ ਖ਼ਰਚ ਨੂੰ ਵਸੂਲ ਲੈਣਗੇ।
ਡਾਇਰੈਕਟਰ ਆਫ਼ ਯੂਟਿਲਿਟੀਜ਼ ਡੇਵਿਡ ਮਾਤਸੁਬਾਰਾ ਨੇ ਕਿਹਾ, “ਜੇ ਤੁਸੀਂ ਮੀਟਰ ਨਹੀਂ ਲਗਵਾਇਆ ਹੋਇਆ ਤਾਂ ਤੁਸੀਂ ਸਿਰਫ਼ ਆਪਣੇ ਪਾਣੀ ਲਈ ਭੁਗਤਾਨ ਨਹੀਂ ਕਰ ਰਹੇ ਹੋ-ਤੁਸੀਂ ਉਨ੍ਹਾਂ ਘਰਾਂ ਦੀ ਲਾਗਤ ਨੂੰ ਪੂਰਾ ਕਰਨ ਵਿੱਚ ਮਦਦ ਕਰ ਰਹੇ ਹੋ ਜਿਹੜੇ ਪੂਰੇ ਸਿਸਟਮ ਵਿੱਚ ਬਹੁਤ ਜ਼ਿਆਦਾ ਪਾਣੀ ਅਤੇ ਲੀਕ ਹੁੰਦੇ ਪਾਣੀ ਦੀ ਵਰਤੋਂ ਕਰਦੇ ਹਨ। ਇਹੀ ਇੱਕ ਕਾਰਨ ਹੈ ਕਿ ਫਲੈਟ ਰੇਟ ਬਿੱਲ ਇੰਨੇ ਜ਼ਿਆਦਾ ਕਿਉਂ ਹਨ। ਮੀਟਰਾਂ ਦਾ ਵਿਸਤਾਰ ਕਰਨ ਨਾਲ ਸਾਨੂੰ ਨੁਕਸਾਨਾਂ ਨੂੰ ਨਿਰਧਾਰਤ ਕਰਨ ਅਤੇ ਘਟਾਉਣ ਵਿੱਚ ਮਦਦ ਮਿਲਦੀ ਹੈ, ਜੋ ਆਖ਼ਰਕਾਰ ਹਰ ਕਿਸੇ ਲਈ ਲਾਗਤਾਂ ਨੂੰ ਘਟਾਉਂਦਾ ਹੈ।”
ਇਸ ਤਬਦੀਲੀ ਨੂੰ ਸੌਖਾ ਕਰਨ ਲਈ ਸ਼ਹਿਰ ਸਿੰਗਲ ਫੈਮਿਲੀ ਅਤੇ ਡੁਪਲੈਕਸ ਘਰਾਂ ਲਈ ਇੱਕ ਸਾਲ ਦੀ ਸੁਰੱਖਿਆ ਯੋਜਨਾ (One year protection plan for single-family and duplex homes) ਵੀ ਪੇਸ਼ ਕਰ ਰਿਹਾ ਹੈ: ਜੇਕਰ ਨਵਾਂ ਮੀਟਰ ਵਾਲਾ ਉਪਯੋਗਤਾ ਬਿੱਲ, ਪਹਿਲਾਂ ਕਿਸੇ ਅਣਪਛਾਤੇ ਲੀਕ ਕਾਰਨ ਫਲੈਟ ਰੇਟ ਵਾਲੇ ਪਹਿਲੇ ਬਿੱਲ ਦੇ ਮੁਕਾਬਲੇ ਵੱਧ ਹੋ ਜਾਂਦਾ ਹੈ ਤਾਂ ਸਿਟੀ ਇਕ-ਵਾਰ ਕ੍ਰੈਡਿਟ ਪ੍ਰਦਾਨ ਕਰੇਗਾ।
ਵਰਤਮਾਨ ਵਿੱਚ, ਸਰੀ ਦੇ 78% ਸਿੰਗਲ-ਫੈਮਿਲੀ ਘਰਾਂ ‘ਤੇ ਪਹਿਲਾਂ ਹੀ ਮੀਟਰ ਲੱਗੇ ਹੋਏ ਹਨ, ਜੋ ਕਿ ਖੇਤਰ ਵਿੱਚ ਸਭ ਤੋਂ ਵੱਧ ਦਰਾਂ ਵਿੱਚ ਇੱਕ ਹੈ। ਇਹ ਪਾਇਲਟ ਪ੍ਰੋਗਰਾਮ ਸਰੀ ਦੇ ਕਿਫਾਇਤੀ, ਸਥਿਰਤਾ ਅਤੇ ਸਮਾਰਟ ਬੁਨਿਆਦੀ ਢਾਂਚੇ ਪ੍ਰਤੀ ਵੱਚਨਬੱਧਤਾ ਦਾ ਹਿੱਸਾ ਹੈ, ਕਿਉਂ ਕਿ ਸ਼ਹਿਰ ਦਾ ਵਿਕਾਸ ਜਾਰੀ ਹੈ।
ਸਿਟੀ ਰਿਬੇਟ ਪ੍ਰੋਗਰਾਮ ਨੂੰ ਉਤਸ਼ਾਹਿਤ ਕਰਨ ਲਈ ਇੱਕ ਮਜ਼ਬੂਤ ਸੂਚਨਾ-ਸੰਚਾਰ ਯੋਜਨਾ ਸ਼ੁਰੂ ਕਰੇਗਾ, ਜਿਸ ਵਿੱਚ ਲਗਭਗ 16750 ਉਨ੍ਹਾਂ ਸਿੰਗਲ ਫੈਮਿਲੀ ਘਰਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ, ਜਿਨ੍ਹਾਂ ਵਿੱਚ ਮੀਟਰ ਨਹੀਂ ਹਨ। ਸਟਾਫ਼ 2025 ਅਤੇ 2026 ਦੇ ਅੰਤ ਵਿੱਚ ਪ੍ਰੋਗਰਾਮ ਦੇ ਵਾਧੇ ਤੇ ਕਿਸੇ ਵੀ ਪ੍ਰਸਤਾਵਿਤ ਸਿਫ਼ਾਰਿਸ਼ ‘ਤੇ ਕੀਤੇ ਅੱਪਡੇਟ ਦੇ ਨਾਲ ਕੌਂਸਿਲ ਨੂੰ ਵਾਪਸ ਰਿਪੋਰਟ ਕਰੇਗਾ।
ਵਾਟਰ ਮੀਟਰ ਰਿਬੇਟ ਪਰੋਗਰਾਮ ਬਾਰੇ ਹੋਰ ਜਾਣਕਾਰੀ ਲਈ surrey.ca/watermeterprogram‘ਤੇ ਜਾਓ।