ਸਰੀ ਦਾ ਪਹਿਲਾ ਮੁਫ਼ਤ ਆਊਟਡੋਰ ਸਕੇਟਿੰਗ ਰਿੰਕ ਸਿਵਿਕ ਪਲਾਜ਼ਾ ਵਿਖੇ ਖੁੱਲ੍ਹ ਰਿਹਾ ਹੈ
ਤੁਰੰਤ ਰਿਲੀਜ਼: ਨਵੰਬਰ 20, 2025
ਸਰੀ, ਬੀ.ਸੀ. – ਸਰੀ ਟਰੀ ਲਾਈਟਿੰਗ ਫੈਸਟੀਵਲ ਵਿੱਚ 1 ਦਸੰਬਰ ਨੂੰ ਇੱਕ ਢੱਕੇ ਹੋਏ ਆਊਟਡੋਰ ਰਿੰਕ ਤੇ ਪਹਿਲੀ ਵਾਰ ਖੁੱਲ੍ਹਣ ਸਾਰ ‘ਸਕੇਟਿੰਗ ਐਟ ਸਿਵਿਕ ਪਲਾਜ਼ਾ’ (Skating At Civic Plaza) ਦੀ ਅਧਿਕਾਰਤ ਸ਼ੁਰੂਆਤ ਨਾਲ ਸਰੀ ਸਿਵਿਕ ਪਲਾਜ਼ਾ (Surrey Civic Plaza) ਸਰਦੀਆਂ ਦੇ ਇੱਕ ਪ੍ਰਮੁੱਖ ਟਿਕਾਣੇ ਵਿੱਚ ਤਬਦੀਲ ਹੋ ਰਿਹਾ ਹੈ। ਸਿਵਿਕ ਪਲਾਜ਼ਾ ਵਿੱਚ ਸਕੇਟਿੰਗ ਨਿਵਾਸੀਆਂ ਅਤੇ ਸੈਲਾਨੀਆਂ ਨੂੰ 16 ਫਰਵਰੀ, 2026 ਫ਼ੈਮਿਲੀ ਡੇਅ ਤੱਕ ਮੁਫ਼ਤ ਆਊਟਡੋਰ ਸਕੇਟਿੰਗ ਅਤੇ ਹੋਰ ਪਰਿਵਾਰ-ਅਨੁਕੂਲ ਗਤੀਵਿਧੀਆਂ ਅਤੇ ਤਜਰਬਿਆਂ ਨਾਲ ਭਰਪੂਰ ਇੱਕ ਤਿਉਹਾਰੀ ਅਨੁਭਵ ਪ੍ਰਦਾਨ ਕਰੇਗਾ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਸਕੇਟਿੰਗ ਐਟ ਸਿਵਿਕ ਪਲਾਜ਼ਾ ਦਾ ਮਕਸਦ ਇੱਕ ਆਨੰਦਦਾਇਕ, ਰੌਣਕਮਈ ਸਥਾਨ ਸਿਰਜਣਾ ਹੈ, ਜਿੱਥੇ ਲੋਕ ਇਕੱਠੇ ਹੋ ਕੇ ਮਿਲ-ਜੁਲ ਸਕਣ ਅਤੇ ਮੌਸਮ ਦਾ ਆਨੰਦ ਮਾਣ ਸਕਣ। ਇਹ ਦਿਲਚਸਪ ਪਾਇਲਟ ਪ੍ਰੋਜੈਕਟ ਇੱਕ ਮੁਫ਼ਤ, ਸਰਬ-ਸਾਂਝਾ ਸਥਾਨ ਪ੍ਰਦਾਨ ਕਰਦਾ ਹੈ, ਜਿੱਥੇ ਹਰ ਕੋਈ ਆਨੰਦ ਮਾਣ ਸਕਦਾ ਹੈ। ਇਸ ਤਰ੍ਹਾਂ ਦੇ ਪ੍ਰੋਜੈਕਟ ਸਰੀ ਵਿੱਚ ਇੱਕ ਰੌਣਕ ਭਰਪੂਰ ਡਾਊਨਟਾਊਨ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹਨ।”
ਸਰੀ ਟਰੀ ਲਾਇਟਿੰਗ ਫੈਸਟੀਵਲ ਦੌਰਾਨ, ਰਿੰਕ ‘ਤੇ ਮੁਫ਼ਤ ਸਕੇਟ ਅਤੇ ਹੈਲਮਿਟ ਕਿਰਾਏ ‘ਤੇ ਮਿਲਣਗੇ, ਅਤੇ ਇੱਕ ਸਮੇਂ ਵਿੱਚ ਸੀਮਤ ਗਿਣਤੀ ਲੋਕਾਂ ਦੀ ਆਗਿਆ ਹੋਵੇਗੀ। ਪਹਿਲਾਂ ਆਓ–ਪਹਿਲਾਂ ਪਾਓ ਦੇ ਅਧਾਰ ‘ਤੇ ਰਿਸਟਬੈਂਡ ਨਾਲ ਟਾਈਮਸਲਾਟ ਦਿੱਤੇ ਜਾਣਗੇ, ਜਿੱਥੇ ਪ੍ਰਤੀ ਵਿਅਕਤੀ ਨੂੰ ਇੱਕ ਸਮੇਂ ਦੀ ਸੀਮਾ ਹੋਵੇਗੀ।
ਸਰੀ ਟਰੀ ਲਾਈਟਿੰਗ ਫੈਸਟੀਵਲ ਤੋਂ ਬਾਅਦ, ਬਾਹਰੀ ਰਿੰਕ ਅਤੇ ਟੈਂਟ 24–28 ਨਵੰਬਰ ਤੱਕ ਬੰਦ ਰਹੇਗਾ ਤਾਂ ਜੋ ਸਟਾਫ਼ 1 ਦਸੰਬਰ ਨੂੰ ਸ਼ੁਰੂ ਹੋਣ ਵਾਲੇ ਪੂਰੇ ‘ਸਕੇਟਿੰਗ ਐਟ ਸਿਵਿਕ ਪਲਾਜ਼ਾ’ ਪ੍ਰੋਗਰਾਮ ਦੀ ਤਿਆਰੀ ਕਰ ਸਕੇ। ਸੈਲਾਨੀਆਂ ਲਈ ਮੌਸਮੀ ਗਤੀਵਿਧੀਆਂ, ਇੱਕ ਕੈਫੇ ਅਤੇ ਆਰਾਮਦਾਇਕ ਬੈਠਕ ਖੇਤਰ ਉਪਲਬਧ ਹੋਣਗੇ, ਜਿਸ ਨਾਲ ਇਹ ਥਾਂ ਪਰਿਵਾਰਾਂ, ਵਿਦਿਆਰਥੀਆਂ ਅਤੇ ਬਜ਼ੁਰਗਾਂ ਲਈ ਸਕੇਟਿੰਗ ਅਤੇ ਤਿਉਹਾਰੀ ਮਜ਼ੇ ਦਾ ਸੁਆਗਤੀ ਕੇਂਦਰ ਬਣੇਗੀ। ਸਕੇਟ ਕਿਰਾਏ ‘ਤੇ 1 ਦਸੰਬਰ ਤੋਂ $5 ਪ੍ਰਤੀ ਜੋੜੇ ਦੇ ਹਿਸਾਬ ਨਾਲ ਉਪਲਬਧ ਹੋਣਗੇ। ਸਕੂਲ ਸਮੂਹ 2 ਦਸੰਬਰ ਤੋਂ ਮੰਗਲਵਾਰ ਅਤੇ ਬੁੱਧਵਾਰ ਸਵੇਰ ਦੇ ਸਮੇਂ ਰਿੰਕ ਲਈ ਰਾਖਵਾਂ ਸਮਾਂ ਬੁੱਕ ਕਰ ਸਕਣਗੇ ਜਦਕਿ ਪ੍ਰਾਈਵੇਟ ਸਮੂਹ 6 ਦਸੰਬਰ ਤੋਂ ਸ਼ਨੀਵਾਰ ਸਵੇਰੇ ਦੀਆਂ ਬੁਕਿੰਗ ਕਰ ਸਕਣਗੇ।
ਪਹਿਲੀ ਦਸੰਬਰ ਤੋਂ, ਸਰੀ ਸਿਵਿਕ ਪਲਾਜ਼ਾ ਵਿਖੇ ਸਕੇਟਿੰਗ ਰਿੰਕ ਅਤੇ ਟੈਂਟ ਦੇ ਹੇਠਾਂ ਹੋਰ ਗਤੀਵਿਧੀਆਂ ਰੋਜ਼ਾਨਾ ਦੁਪਹਿਰ 1 ਵਜੇ ਤੋਂ ਰਾਤ 8 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ, ਸਿਵਾਏ 24, 25, 26, 31 ਅਤੇ 1 ਜਨਵਰੀ ਦੇ, ਉਦੋਂ ਇਹ ਦੁਪਹਿਰ 1 ਵਜੇ ਤੋਂ ਸ਼ਾਮ 4 ਵਜੇ ਤੱਕ ਖੁੱਲ੍ਹਾ ਰਹੇਗਾ। ਸਕੇਟਰਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਕਿ ਉਹ ਰਿੰਕ ‘ਤੇ ਆਪਣੇ ਉਪਕਰਣ ਲਿਆਉਣ, ਪਰ ਸੀਮਤ ਗਿਣਤੀ ਵਿੱਚ ਸਕੇਟ ਅਤੇ ਹੈਲਮੇਟ ਕਿਰਾਏ ‘ਤੇ ਉਪਲਬਧ ਹੋਣਗੇ। ਹਫ਼ਤੇ ਦੇ ਅੰਤ ਅਤੇ ਸ਼ਾਮਾਂ ਵਿਅਸਤ ਹੋਣ ਦੀ ਉਮੀਦ ਹੈ, ਇਸ ਲਈ ਸਕੇਟਰਾਂ ਨੂੰ ਜਲਦੀ ਪਹੁੰਚਣ ਦੀ ਸਿਫ਼ਾਰਿਸ਼ ਕੀਤੀ ਜਾਂ ਦੀ ਹੈ।
ਸਰੀ ਟਰੀ ਲਾਇਟਿੰਗ ਫੈਸਟਿਵਲ ਬਾਰੇ ਤਾਜ਼ਾ ਜਾਣਕਾਰੀ ਲਈ surreytreelighting.ca ‘ਤੇ ਜਾਓ। ਸਕੇਟਿੰਗ ਐਟ ਸਿਵਿਕ ਪਲਾਜ਼ਾ ਬਾਰੇ ਅਪਡੇਟਾਂ, ਜਿਸ ਵਿੱਚ ਘੰਟੇ, ਕਿਰਾਏ, ਸਮੂਹ ਬੁਕਿੰਗ ਅਤੇ ਆਉਣ ਵਾਲੀਆਂ ਗਤੀਵਿਧੀਆਂ ਬਾਰੇ ਜਾਣਨ ਲਈ surrey.ca/plazaskating ‘ਤੇ ਜਾਓ।



