ਅਮਰੀਕੀ ਆਗੂ ਜਦੋਂ ਪਾਕਿ ਹੋਣਗੇ ਤਾਂ ਕੁੱਝ ਹੋਰ ਜਦ ਭਾਰਤ ਹੋਣਗੇ ਤਾਂ ਕੁੱਝ ਹੋਰ ਬਿਆਨ ਦੇਣਗੇ
ਇਸਲਾਮਾਬਾਦ:-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾ- ਸ਼ਰੀਫ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜੀਜ ਨੇ ਅਮਰੀਕੀ ਵਿਦੇਸ਼ ਮੰਤਰੀ ਜਾਨ ਕੈਰੀ ਵੱਲੋਂ ਭਾਰਤ ਵਿੱਚ ਅੱਤਵਾਦ ਨੂੰ ਲੈ ਕੇ ਦਿੱਤੇ ਬਿਆਨਾਂ ‘ਤੇ ਸਖਤ ਟਿੱਪਣੀ ਕਰਦੇ ਹੋਏ ਕਿਹਾ ਕਿ ਅੱਤਵਾਦ ਦੇ ਮਾਮਲੇ ਵਿੱਚ ਅਮਰੀਕਾ ਸਮਾਂ ਅਤੇ ਸਥਿਤੀ ਦੇਖ ਕੇ ਆਪਣਾ ਪਾਸਾ ਬਦਲਦਾ ਰਹਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਉਹ ਉੱਧਰ ਹੋਣਗੇ ਤਾਂ ਕੁੱਝ ਹੋਰ ਬਿਆਨ ਦੇਣਗੇ ਅਤੇ ਜਦ ਇੱਥੇ ਹੋਣਗੇ ਤਾਂ ਕੁੱਝ ਹੋਰ ਬਿਆਨ ਦੇਣਗੇ। ਅਜੀਜ ਦੇ ਕਹਿਣ ਦਾ ਭਾਵ ਕਿ ਜਦੋਂ ਅਮਰੀਕਾ ਦੇ ਹੁਕਮਰਾਨ ਭਾਰਤ ਵਿੱਚ ਜਾਂ ਭਾਰਤੀ ਨੇਤਾਵਾਂ ਨਾਲ ਹੋਰ ਕਿਤੇ ਮਿਲਦੇ ਹਨ ਤਾਂ ਉਨ੍ਹਾਂ ਦੀ ਬੋਲੀ ਕੁੱਝ ਹੋਰ ਹੁੰਦੀ ਹੈ ਅਤੇ ਜਦੋਂ ਅਮਰੀਕਾ ਦੇ ਇਹ ਨੇਤਾ ਪਾਕਿਸਤਾਨ ਆਉਂਦੇ ਹਨ ਜਾਂ ਪਾਕਿਸਤਾਨੀ ਨੇਤਾਵਾਂ ਨੂੰ ਵਿਦੇਸ਼ਾਂ ਵਿੱਚ ਮਿਲਦੇ ਹਨ ਤਾਂ ਇਨ੍ਹਾਂ ਦੀ ਬੋਲੀ ਹੋਰ ਹੁੰਦੀ ਹੈ। ਸਰਤਾਜ ਨੇ ਬੀ.ਬੀ.ਸੀ.ਉਰਦੂ ਨੂੰ ਦਿੱਤੇ ਗਈ ਇੱਕ ਇੰਟਰਵਿਊ ਵਿੱਚ ਕਿਹਾ ਕਿ ਕੇਰੀ ਦੇ ਬਿਆਨਾਂ ਨਾਲ ਪਾਕਿਸਤਾਨ ਦੀ ਕੋਈ ਬਦਨਾਮੀ ਨਹੀਂ ਹੋਈ ਹੈ, ਕਿਉਂਕਿ ਅਮਰੀਕਾ ਸਮੇਤ ਪੂਰਾ ਵਿਸ਼ਵ ਇਸ ਗੱਲ ਨੂੰ ਜਾਣਦਾ ਹੈ ਕਿ ਪਿਛਲੇ ਤਿੰਨ ਸਾਲਾਂ ਵਿੱਚ ਪਾਕਿਸਤਾਨ ਨੇ ਅੱਤਵਾਦ ਦੇ ਖਿਲਾਫ ਕਿੰਨੀਆਂ ਵੱਡੀਆਂ ਲੜਾਈਆਂ ਲੜੀਆਂ ਹਨ।ਭਾਰਤ ਅਮਰੀਕਾ ਸਬੰਧਾਂ ਦੇ ਬਾਰੇ ਵਿੱਚ ਪੁੱਛੇ ਜਾਣ ਤੇ ਸਰਤਾਜ ਨੇ ਕਿਹਾ ਕਿ ਅਮਰੀਕੀ ਨੀਤੀ ਦਾ ਉਦੇਸ਼ ਚੀਨ ਦੇ ਵੱਧਦੇ ਪ੍ਰਭਾਵ ਨੂੰ ਰੋਕਣਾ ਹੈ ਅਤੇ ਭਾਰਤ ਇਸ ਮੁਹਿੰਮ ਵਿੱਚ ਅਮਰੀਕਾ ਦੇ ਵਧੇਰੇ ਫਿੱਟ ਬੈਠਦਾ ਹੈ। ਭਾਰਤ ਅਤੇ ਅਮਰੀਕਾ ਵਿੱਚ ਸਹਿਯੋਗ ਵੱਧ ਰਿਹਾ ਹੈ। ਰੱਖਿਆ ਸਮਝੌਤੇ ਹੋਏ ਹਨ, ਲੇਕਿਨ ਇੱਕ ਤਰ੍ਹਾਂ ਦਾ ਰਣਨੀਤਕ ਗੱਠਜੋੜ ਬਣ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਦੂਸਰੀ ਤਰਫ ਚੀਨ ਅਤੇ ਹੋਰ ਖੇਤਰੀ ਦੇਸ਼ਾਂ ਨੇ ਸ਼ਿੰਘਾਈ ਗੱਠਜੋੜ ਬਣਾਇਆ ਹੈ ਅਤੇ ਪਾਕਿਸਤਾਨ ਵੀ ਖੇਤਰੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਨ੍ਹਾਂ ਦੇਸ਼ਾਂ ਦੇ ਸਬੰਧਾਂ ਵਿੱਚ ਸੁਧਾਰ ਦੀ ਨੀਤੀ ਦੇ ਨਾਲ-ਨਾਲ ਅਮਰੀਕਾ ਨਾਲ ਵੀ ਉਸੇ ਤਰ੍ਹਾਂ ਆਪਣੀ ਆਪਣੇ ਰਿਸ਼ਤੇ ਬਣਾਈ ਰੱਖਣਾ ਚਾਹੁੰਦਾ ਹੈ, ਕਿਉਂਕਿ ਪਾਕਿਸਤਾਨ ਤਾਂ 40 ਸਾਲਾਂ ਤੋਂ ਅਮਰੀਕਾ ਦਾ ਸਹਿਯੋਗੀ ਰਿਹਾ ਹੈ। ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਨੇ ਇਸ ਗੱਲ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਕਿ ਪਾਕਿਸਤਾਨ ਵਿਸ਼ਵ ਵਿੱਚ ਅਲੱਗ-ਥਲੱਗ ਪੈ ਰਿਹਾ ਹੈ।