ਮੁੰਬਈ (ਏਜੰਸੀ) : ਮਹਾਰਾਸ਼ਟਰ ਦੇ ਰਤਨਾਗਿਰੀ ਜ਼ਿਲ੍ਹੇ ਵਿਚ ਗਣਪਤੀਪੁਲੇ ਸਮੁੰਦਰ ਤੱਟ ’ਤੇ ਆ ਕੇ ਫਸੇ 35 ਫੁੱਟ ਲੰਮੇ ਵ੍ਹੇਲ ਦੇ ਬੱਚੇ ਨੂੰ 40 ਘੰਟਿਆਂ ਦੀ ਮਸ਼ੱਕਤ ਤੋਂ ਬਾਅਦ ਵਾਪਸ ਸਮੁੰਦਰ ਵਿਚ ਛੱਡ ਦਿੱਤਾ ਗਿਆ। ਉਸ ਦਾ ਵਜ਼ਨ ਤਕਰੀਬਨ ਚਾਰ ਟਨ ਸੀ। ਉਹ ਸੋਮਵਾਰ ਨੂੰ ਤੱਟ ਦੇ ਕੋਲ ਪੁੱਜਾ ਸੀ। ਤੇਜ਼ ਲਹਿਰ ਨਾ ਹੋਣ ਕਰ ਕੇ ਵਾਪਸ ਸਮੁੰਦਰ ਵਿਚ ਨਹੀਂ ਜਾ ਸਕਿਆ ਸੀ। ਵੇਲ੍ਹੇ ਦੇ ਬੱਚੇ ਨੂੁੰ ਬਚਾਉਣ ਦੀ ਮੁਹਿੰਮ ਵਿਚ ਜ਼ਿਲ੍ਹਾ ਪ੍ਰਸ਼ਾਸਨ, ਤੱਟ ਰਾਖੇ, ਨਿੱਜੀ ਕੰਪਨੀ, ਸਮੁੰਦਰੀ ਮਾਮਲਿਆਂ ਦੇ ਮਾਹਰ ਤੇ ਸਥਾਨਕ ਲੋਕਾਂ ਨੇ ਮਿਹਨਤ ਕੀਤੀ ਹੈ।
ਉਥੇ ਪੁੱਜੇ ਸੈਲਾਨੀਆਂ ਤੇ ਸਥਾਨਕ ਲੋਕਾਂ ਨੇ ਸਭ ਤੋਂ ਪਹਿਲਾਂ ਉਸ ਨੂੰ ਵੇਖਿਆ ਤੇ ਇਸ ਦੀ ਸੂਚਨਾ ਰਤਨਾਗਿਰੀ ਪੁਲਿਸ ਸਟੇਸ਼ਨ ਤੇ ਕੋਸਟ ਗਾਰਡ ਨੂੰ ਦਿੱਤੀ। ਇਸ ਤੋਂ ਬਾਅਦ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ ਹੈ। ਸ਼ੁਰੂਆਤ ਵਿਚ ਫਾਇਰ ਬਿ੍ਰਗੇਡ ਕਾਮਿਆਂ, ਪੁਲਿਸ ਤੇ ਸਥਾਨਕ ਲੋਕਾਂ ਨੇ ਵੇ੍ਹਲ ਦੇ ਬੱਚੇ ਨੂੰ ਸਮੁੰਦਰ ਵਿਚ ਧੱਕਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕੇ। ਬਚਾਅ ਕਾਮਿਆਂ ਨੇ ਸਭ ਤੋਂ ਪਹਿਲਾਂ ਉਸ ’ਤੇ ਸਮੁੰਦਰ ਦਾ ਪਾਣੀ ਪਾਉਣਾ ਸ਼ੁਰੂ ਕੀਤਾ। ਕੁਝ ਸਮੇਂ ਬਾਅਦ ਵੈਟਰਨਰੀ ਡਾਕਟਰਾਂ ਦੀ ਟੀਮ ਉਥੇ ਪੁੱਜੀ ਤੇ ਵੇਲ੍ਹ ਦੇ ਬੱਚੇ ਨੂੰ ਤਰਲ ਪਦਾਰਥ ਦਿੱਤਾ ਗਿਆ। ਉਸ ਨੂੰ ਵੱਡੀ ਬੈਲਟ ਨਾਲ ਬੰਨ੍ਹ ਕੇ ਸਮੁੰਦਰ ਵਿਚ ਭੇਜਣ ਦਾ ਯਤਨ ਕੀਤਾ ਪਰ ਇਸ ਨਾਲ ਉਸ ਨੂੰ ਕੁਝ ਸੱਟਾਂ ਲੱਗੀਆਂ, ਇਸ ਮਗਰੋਂ ਇਸ ਨੂੰ ਰੋਕ ਦਿੱਤਾ ਗਿਆ। ਬੁੱਧਵਾਰ ਤੜਕੇ ਜਾਲ ਵਿਚ ਬੰਨ੍ਹ ਕੇ ਕਈ ਘੰਟਿਆਂ ਦੀ ਮਿਹਨਤ ਮਗਰੋਂ ਵੱਡੀ ਕਿਸ਼ਤੀ ਨਾਲ ਖਿੱਚ ਕੇ ਵੇਲ੍ਹ ਦੇ ਬੱਚੇ ਨੂੰ ਪਾਣੀ ਵਿਚ ਲੈ ਕੇ ਗਏ। ਉਥੇ ਪੁੱਜਣ ਮਗਰੋਂ ਜਾਲ ਤੋੜ ਕੇ ਉਹ ਸਮੁੰਦਰ ਵੱਲ ਚਲਾ ਗਿਆ।


