ਸਟੇਟ ਬਿਊਰੋ, ਕੋਲਕਾਤਾ : ਬੰਗਾਲ ਸਰਕਾਰ ਨੇ ਸੂਬੇ ਵਿਚ ਫੁੱਟਬਾਲ ਦੇ ਵਿਕਾਸ ਲਈ ਸਪੇਨ ਦੀ ਵਿਸ਼ਵ ਪ੍ਰਸਿੱਧ ਫੁੱਟਬਾਲ ਲੀਗ ਲਾ ਲੀਗਾ ਨਾਲ ਸਮਝੌਤਾ ਕੀਤਾ ਹੈ। ਸਪੇਨ ਦੌਰੇ ’ਤੇ ਗਈ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਲਾ ਲੀਗਾ ਦੇ ਪ੍ਰਧਾਨ ਜੇਵੀਅਰ ਟੇਬਾਸ ਦੀ ਮੌਜੂਦਗੀ ’ਚ ਸਮਝੌਤੇ ’ਤੇ ਹਸਤਾਖਰ ਹੋਏ। ਇਸ ਮੌਕੇ ਟੀਮ ਇੰਡੀਆ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਵੀ ਮੌਜੂਦ ਸਨ, ਜੋ ਫੁੱਟਬਾਲ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ। ਸਮਝੌਤੇ ਤੋਂ ਬਾਅਦ ਜ਼ੇਵੀਅਰ ਨੇ ਕਿਹਾ ਕਿ ਭਾਰਤ ’ਚ ਫੁੱਟਬਾਲ ਨੂੰ ਲੈ ਕੇ ਸਭ ਤੋਂ ਜ਼ਿਆਦਾ ਉਤਸ਼ਾਹ ਬੰਗਾਲ ’ਚ ਹੀ ਦੇਖਣ ਨੂੰ ਮਿਲ ਰਿਹਾ ਹੈ। ਬੰਗਾਲ ਨੇ ਦੇਸ਼ ਨੂੰ ਕਈ ਮਸ਼ਹੂਰ ਫੁੱਟਬਾਲਰ ਦਿੱਤੇ ਹਨ। ਲਾ ਲੀਗਾ ਬੰਗਾਲ ਵਿਚ ਫੁੱਟਬਾਲ ਦੇ ਵਿਕਾਸ ਲਈ ਪੂਰਾ ਸਹਿਯੋਗ ਦੇਵੇਗਾ। ਇਸ ਦੌਰਾਨ ਮੁੱਖ ਮੰਤਰੀ ਮਮਤਾ ਬੈਨਰਜੀ ਬੰਗਾਲ ਵਿਚ ਲਾ ਲੀਗਾ ਅਕੈਡਮੀ ਖੋਲ੍ਹਣਾ ਚਾਹੁੰਦੀ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਦੇ ਸਪੇਨ ਦੌਰੇ ਦਾ ਇਕ ਟੀਚਾ ਬੰਗਾਲ ਵਿਚ ਫੁੱਟਬਾਲ ਵਿਚ ਸੁਧਾਰ ਅਤੇ ਆਧੁਨਿਕੀਕਰਨ ਕਰਨਾ ਸੀ। ਬੰਗਾਲ ਦੇ ਮੁੱਖ ਮੰਤਰੀ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਸਪੈਨਿਸ਼ ਫੁੱਟਬਾਲ ਲੀਗ ਦੇ ਅਧਿਕਾਰੀਆਂ ਨੇ ਮੈਡਰਿਡ ਵਿਚ ਲਾ ਲੀਗਾ ਦੇ ਪ੍ਰਧਾਨ ਜੇਵੀਅਰ ਟੇਬਾਸ ਨਾਲ ਮੁਲਾਕਾਤ ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ।