ਤਰਲੋਚਨ ਸਿੰਘ ਦੁਪਾਲਪੁਰ
ਸਰਹਿੰਦ ਵਿੱਚ ਵਾਪਰੇ ਛੋਟੇ ਸਾਹਿਬਜ਼ਾਦਿਆਂ ਦੇ ਖ਼ੂਨੀ ਸਾਕੇ ਨੂੰ ਭਾਵੇਂ ਤਿੰਨ ਸਦੀਆਂ ਤੋਂ ਕੁਝ ਸਾਲ ਉੱਤੇ ਬੀਤ ਗਏ ਹਨ, ਫਿਰ ਵੀ ਸਿੱਖ ਇਤਿਹਾਸ ਬਾਬਤ ਥੋੜ੍ਹੀ ਬਹੁਤ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਅੱਗੇ ਜਦੋਂ ਇਸ ਸ਼ਹਿਰ ਦਾ ਜ਼ਿਕਰ ਹੋਵੇ ਤਾਂ ਉਸ ਦੇ ਦਿਲ ਦਿਮਾਗ਼ ਵਿੱਚ ਸੁੱਤੇ ਹੀ ਸਰਹਿੰਦ ਦੀਆਂ ਖ਼ੂਨੀ ਨੀਹਾਂ ਆ ਜਾਂਦੀਆਂ ਹਨ ਅਤੇ ਉੱਥੇ ਹੋਏ ਘੋਰ ਜ਼ੁਲਮ ਵਿਰੁੱਧ ਰੋਹ ਦੀਆਂ ਚਿਣਗਾਂ ਵੀ ਫੁੱਟਣ ਲੱਗ ਪੈਂਦੀਆਂ ਹਨ। ਵਧੇ ਹੋਏ ਆਵਾਜਾਈ ਸਾਧਨਾਂ ਸਦਕਾ ਬੇਸ਼ੱਕ ਫਤਹਿਗੜ੍ਹ ਸਾਹਿਬ ਦੇ ਅਸਥਾਨ ਉੱਤੇ ਜੁੜਦੇ ਸ਼ਹੀਦੀ ਜੋੜ ਮੇਲ ਵਿੱਚ ਸੰਗਤਾਂ ਦੇ ਪਹਿਲੇ ਸਮਿਆਂ ਨਾਲੋਂ ਵੱਧ ਇਕੱਠ ਜੁੜਦੇ ਹਨ, ਫਿਰ ਵੀ ਜਿੱਥੇ ਸਾਡੇ ‘ਚ ਸ਼ਰਧਾ ਤੇ ਜਜ਼ਬਾ ਘਟਦੇ ਜਾ ਰਹੇ ਹਨ, ਉੱਥੇ ਸੀਨਾ ਬਸੀਨਾ ਤੁਰੀਆਂ ਆ ਰਹੀਆਂ ਰੀਤਾਂ ਰਵਾਇਤਾਂ ਤੋਂ ਵੀ ਅਸੀਂ ਅਣਜਾਣ ਹੁੰਦੇ ਜਾ ਰਹੇ ਹਾਂ।
ਦਸੰਬਰ ਦਾ ਸ਼ਹੀਦੀ ਹਫ਼ਤਾ ਸ਼ੁਰੂ ਹੁੰਦਿਆਂ ਹੀ ਮੇਰੇ ਜ਼ਿਹਨ ਵਿੱਚ ਸਰਹਿੰਦ ਪ੍ਰਤੀ ਗੁੱਸੇ ਦੀ ਇੱਕ ਅੱਖੀਂ ਦੇਖੀ ਮਿਸਾਲ ਘੁੰਮਣ ਲੱਗ ਪੈਂਦੀ ਹੈ। ਅੰਦਾਜ਼ਨ, 1970- 71 ਤੋਂ ਪਹਿਲੇ ਕਿਸੇ ਦਸੰਬਰ ਮਹੀਨੇ ਦੀ ਗੱਲ ਹੈ। ਮੈਂ ਆਪਣੇ ਭਾਈਆ ਜੀ ਨਾਲ ਸਾਈਕਲ ‘ਤੇ ਬਹਿ ਕੇ ਸਰਹਿੰਦ ਦੇ ਸ਼ਹੀਦੀ ਜੋੜ ਮੇਲ ਵਿੱਚ ਸ਼ਾਮਲ ਹੋਇਆ ਸਾਂ। ਸਭਾ ਦੀ ਸਮਾਪਤੀ ਉਪਰੰਤ ਜਦੋਂ ਅਸੀਂ ਸ਼ਹਿਰ ‘ਚੋਂ ਥੋੜ੍ਹਾ ਜਿਹਾ ਬਾਹਰ ਨਿਕਲੇ ਤਾਂ ਭਾਈਆ ਜੀ ਨੇ ਵਿਹਲੇ ਜਿਹੇ ਥਾਂ ਸਾਈਕਲ ਖੜਾ ਕੀਤਾ। ਦੂਰੋਂ ਝੂਲਦੇ ਦਿਖਾਈ ਦੇ ਰਹੇ ਸ਼ਹੀਦੀ ਅਸਥਾਨ ਦੇ ਨਿਸ਼ਾਨ ਸਾਹਿਬ ਵੱਲ ਤੱਕਦਿਆਂ ਉਨ੍ਹਾਂ ਦਿਲ ਹੀ ਦਿਲ ਵਿੱਚ ਅਰਦਾਸ ਕੀਤੀ। ਫਿਰ ਲਾਗੇ ਪਏ ਮਲ਼ਬੇ ਵਿੱਚੋਂ ਇੱਕ ਦੋ ਨਿੱਕੀਆਂ ਇੱਟਾਂ ਚੁੱਕੀਆਂ ਅਤੇ ਥੋੜ੍ਹਾ ਝਾੜ ਕੇ ਹੈਂਡਲ ਨਾਲ ਟੰਗੇ ਝੋਲੇ ਵਿੱਚ ਪਾ ਲਈਆਂ। ਇੰਜ ਮਿੱਟੀ ਘੱਟੇ ਵਿੱਚੋਂ ਦੋ ਇੱਟਾਂ ਝੋਲੇ ‘ਚ ਪਾਉਣ ਤੋਂ ਮੈਂ ਹੈਰਾਨ ਤਾਂ ਹੋਇਆ, ਪਰ ਸਾਰੀ ਵਾਟ ਉਨ੍ਹਾਂ ਤੋਂ ਪੁੱਛਣ ਦਾ ਹੀਆ ਨਾ ਕਰ ਸਕਿਆ।
ਮੇਰੇ ਲਈ ਭੇਤ ਬਣੀ ਹੋਈ ਇਸ ਗੱਲ ਦਾ ਰਾਜ਼ ਦਰਿਆ ਸਤਲੁਜ ‘ਤੇ ਆ ਕੇ ਖੁੱਲ੍ਹਿਆ ਜਿੱਥੇ ਅਸੀਂ ਰਾਹੋਂ ਵੱਲ ਨੂੰ ਆਉਣ ਲਈ ਬੇੜੀ ਰਾਹੀਂ ਦਰਿਆ ਪਾਰ ਕਰਨਾ ਸੀ। ਪਿੰਡ ਈਸਾਪੁਰ ਦੇ ਪੱਤਣ ਤੋਂ ਅਸੀਂ ਬੇੜੀ ਵਿੱਚ ਬੈਠ ਗਏ। ਸਤਲੁਜ ਦੇ ਕਲ ਕਲ ਵਗਦੇ ਉਦੋਂ ਨੀਲੇ ਸ਼ਫਾਕ ਠੰਢੇ ਯੱਖ ਪਾਣੀ ਵਿੱਚ ਜਦੋਂ ਬੇੜੀ ਅੱਧ ਵਿਚਕਾਰ ਪਹੁੰਚੀ ਤਾਂ ਭਾਈਆ ਜੀ ਨੇ ਰੋਹ ਵਿੱਚ ‘ਬੋਲੇ ਸੋ ਨਿਹਾਲ’ ਦਾ ਜੈਕਾਰਾ ਛੱਡਿਆ ਤੇ ਨਾਲੇ ਝੋਲ਼ੇ ਵਿੱਚੋਂ ਉਹ ਦੋਵੇਂ ਇੱਟਾਂ ਕੱਢ ਕੇ ਪਾਣੀ ‘ਚ ਵਗਾਹ ਮਾਰੀਆਂ। ਫਿਰ ਉਨ੍ਹਾਂ ਨੇ ਕੁੰਠਿਤ ਗ਼ਲੇ ਨਾਲ ਵੈਰਾਗ਼ਮਈ ਸ਼ਬਦਾਵਲੀ ਵਿੱਚ ਦੱਸਿਆ ਕਿ ਪੁਰਾਤਨ ਸਿੰਘ ਸਰਹਿੰਦ ਵਿੱਚ ਵਾਪਰੇ ਸਾਹਿਬਜ਼ਾਦਿਆਂ ਦੇ ਦਰਦਨਾਕ ਖ਼ੂਨੀ ਸਾਕੇ ਦੇ ਰੋਸ ਵਿੱਚ ਸਰਹਿੰਦ ਨੂੰ ਉਜਾੜਨ ਦੇ ਪ੍ਰਤੀਕ ਵਜੋਂ ਇੱਕ ਇੱਕ ਦੋ ਦੋ ਇੱਟਾਂ ਇੰਜ ਚੁੱਕ ਲਿਆਇਆ ਕਰਦੇ ਸਨ। ਮੈਨੂੰ ਯਾਦ ਹੈ ਕਿ ਬੇੜੀ ਵਿੱਚ ਹੱਥ ਜੋੜੀ ਬੈਠੀਆਂ ਹੋਰ ਸਵਾਰੀਆਂ ਨੇ ਬੜੀ ਸ਼ਿੱਦਤ ਤੇ ਨਿਹਚੇ ਨਾਲ ਭਾਈਆ ਜੀ ਦੇ ਮੂੰਹੋਂ ਬਿਰਤਾਂਤ ਸੁਣਿਆ ਸੀ !
ਸਮੇਂ ਬਦਲ ਗਏ। ਨਾ ਉਹ ਸ਼ਰਧਾ ਰਹੀ, ਨਾ ਉਹ ਜਜ਼ਬਾ ਰਿਹਾ। ਸਾਡੇ ਵਡਾਰੂ ਪੈਦਲ ਜਾਂ ਸਾਈਕਲ ‘ਤੇ ‘ਸਭਾ’ ਦੇ ਨਾਮ ਹੇਠ ਜੁੜਦੇ ਇਨ੍ਹਾਂ ਜੋੜ ਮੇਲਾਂ ਵਿੱਚ ਬਿਨਾਂ ਨਾਗਾ ਹਾਜ਼ਰੀਆਂ ਭਰਦੇ ਰਹੇ। ਅੱਜ ਸਾਡੇ ਕੋਲ ਤੇਜ਼ ਤਰਾਰ ਸਾਧਨ ਹੋ ਗਏ ਹਨ, ਪਰ ਆਸਥਾ ਦੀ ਪਰਤ ਮਹੀਨ ਹੋ ਚੁੱਕੀ ਹੈ। ਚਲੋ, ਹੁਣ ਘੁੱਗ ਵਸਦੇ ਸ਼ਹਿਰ ਸਰਹਿੰਦ ਤੋਂ ਇੱਟਾਂ ਚੁੱਕ ਕੇ ਲਿਆਉਣ ਦੀ ਬਜਾਏ ਆਪਣੇ ਦਿਲਾਂ ਵਿੱਚ ਪਈਆਂ ਨਫ਼ਰਤ, ਸਾੜੇ, ਅਗਿਆਨਤਾ, ਅੰਧ ਵਿਸ਼ਵਾਸ ਅਤੇ ਖੁਦਗਰਜ਼ੀ ਦੀਆਂ ਮਲੀਨ ਇੱਟਾਂ ਨੂੰ ਬਾਹਰ ਵਗਾਹ ਮਾਰਦਿਆਂ ਸ਼ਹੀਦਾਂ ਨੂੰ ਸਿਜਦਾ ਕਰੀਏ।