ਸਟੇਟ ਬਿਊਰੋ, ਚੰਡੀਗੜ੍ਹ : ਪੰਜਾਬ ਦੇ ਅਸਲਾਖਾਨਿਆਂ ’ਚ ਜਮ੍ਹਾਂ ਕੀਤੇ ਗਏ 13 ਹਥਿਆਰ ਗਾਇਬ ਹਨ ਪਰ ਇਹ ਕੌਣ ਲੈ ਗਿਆ ਤੇ ਫਿਲਹਾਲ ਕਿੱਥੇ ਹਨ, ਇਸ ਦਾ ਕੋਈ ਪਤਾ ਨਹੀਂ। ਪੰਜਾਬ ਪੁਲਿਸ ਇਸ ਦੀ ਜਾਂਚ ਕਰਨ ਦਾ ਦਾਅਵਾ ਕਰ ਰਹੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਇਸ ਬਾਰੇ ਲਿਖਤੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਜੋ ਕਿ ਹਾਈ ਕੋਰਟ ਨੂੰ ਸੌਂਪੀ ਜਾਵੇਗੀ।
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਤਰਨਤਾਰਨ ਨਿਵਾਸੀ ਦਲਜੀਤ ਸਿੰਘ ਵੱਲੋਂ ਦਾਖ਼ਲ ਇਕ ਪਟੀਸ਼ਨ ’ਤੇ ਸੁਣਵਾਈ ਦੌਰਾਨ ਪੰਜਾਬ ਪੁਲਿਸ ਤੋਂ ਥਾਣਿਆਂ ’ਚੋਂ ਗਾਇਬ ਹੋਏ ਹਥਿਆਰਾਂ ਦੀ ਜਾਣਕਾਰੀ ਤਲਬ ਕੀਤੀ ਸੀ। ਸੂਬਾ ਪੱਧਰੀ ਵਿਸ਼ੇਸ਼ ਜਾਂਚ ਟੀਮ ਦੇ ਪੁਲਿਸ ਸੁਪਰਡੈਂਟ ਕਰਨਵੀਰ ਸਿੰਘ ਨੇ ਹਾਈ ਕੋਰਟ ’ਚ ਇਕ ਹਲਫ਼ਨਾਮਾ ਦਾਖ਼ਲ ਕਰ ਕੇ ਦੱਸਿਆ ਕਿ ਸੀ ਪੰਜਾਬ ਦੇ ਅਸਲਾਖਾਨਿਆਂ ’ਚੋਂ 14 ਹਥਿਆਰ ਗਾਇਬ ਹੋਏ ਜਿਸ ’ਚੋਂ ਇਕ ਬਰਾਮਦ ਕਰ ਲਿਆ ਗਿਆ ਹੈ। ਹਾਲਾਂਕਿ ਹਾਈ ਕੋਰਟ ਨੇ ਇਸ ’ਤੇ ਸਖ਼ਤ ਰੁਖ਼ ਅਪਣਾਉਂਦੇ ਹੋਏ ਕਿਹਾ ਸੀ ਕਿ ਇਹ ਜਾਣਕਾਰੀ ਅਧੂਰੀ ਹੈ ਤੇ ਕੋਰਟ ਦੇ ਹੁਕਮ ਮੁਤਾਬਕ ਜਵਾਬ ਦਾਖ਼ਲ ਨਹੀਂ ਕੀਤਾ ਜਾ ਰਿਹਾ। ਕੋਰਟ ਨੇ ਇਸ ਮਾਮਲੇ ’ਚ ਚਾਰ ਹਫ਼ਤੇ ਦਾ ਸਮਾਂ ਦਿੱਤਾ ਸੀ। ਕੋਰਟ ਨੇ ਪੁਲਿਸ ਕੋਲੋਂ ਗਾਇਬ ਹਥਿਆਰਾਂ ਦਾ ਵੇਰਵਾ, ਉਨ੍ਹਾਂ ਦੇ ਗਾਇਬ ਹੋਣ ਦੀ ਤਰੀਕ ਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕੀਤੀ ਗਈ ਕਾਰਵਾਈ ਦੀ ਜਾਣਕਾਰੀ ਤਲਬ ਕੀਤੀ ਸੀ। ਹੁਣ ਜੇ ਪੁਲਿਸ ਇਹ ਜਾਣਕਾਰੀ ਨਹੀਂ ਦਿੰਦੀ ਤਾਂ ਡੀਜੀਪੀ ਦਫ਼ਤਰ ਨੂੰ ਪੰਜਾਹ ਹਜ਼ਾਰ ਰੁਪਏ ਦਾ ਜੁਰਮਾਨਾ ਹਾਈ ਕੋਰਟ ਦੀ ਕਾਨੂੰਨੀ ਸੇਵਾ ਕਮੇਟੀ ਕੋਲ ਜਮ੍ਹਾਂ ਕਰਵਾਉਣਾ ਪਵੇਗਾ।
ਇਸ ਤਰ੍ਹਾਂ ਉਜਾਗਰ ਹੋਇਆ ਮਾਮਲਾ
6 ਜਨਵਰੀ, 1965 ਨੂੰ ਵਰਵਾਲ, ਖਡੂਰ ਸਾਹਿਬ ਨਿਵਾਸੀ ਸੂਬੇਦਾਰ ਮੇਜਰ ਮਾਲਵਾ ਸਿੰਘ ਨੂੰ ਸੀਓਡੀ ਜਬਲਪੁਰ ਵੱਲੋਂ .30 ਐੱਮ1 ਕਾਰਬਾਈਨ ਜਾਰੀ ਹੋਈ ਸੀ। 18 ਜੂਨ 1984 ਨੂੰ ਮਾਲਵਾ ਸਿੰਘ ਨੇ ਕਾਰਬਾਈਨ ਸ਼ਹਿਰ ਤਰਨਤਾਰਨ ਥਾਣੇ ’ਚ ਜਮ੍ਹਾਂ ਕਰਵਾ ਦਿੱਤੀ। 11 ਜੁਲਾਈ 1985 ਨੂੰ ਮਾਲਵਾ ਸਿੰਘ ਦਾ ਦੇਹਾਂਤ ਹੋ ਗਿਆ। ਮਾਲਵਾ ਸਿੰਘ ਦੇ ਉਨ੍ਹਾਂ ਦੇ ਪਰਿਵਾਰ ਨੇ ਆਪਣੇ ਕਰੀਬੀ ਰਿਸ਼ਤੇਦਾਰ ਦਲਜੀਤ ਸਿੰਘ ਨੂੰ ਥਾਣੇ ’ਚ ਜਮ੍ਹਾਂ ਹਥਿਆਰ ਆਪਣੇ ਨਾਂ ਤਬਦੀਲ ਕਰਨ ਲਈ ਅਧਿਕਾਰ ਦੇ ਦਿੱਤਾ। ਜਦੋਂ ਇਸ ਸਬੰਧੀ ਪੁਲਿਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਿਆ ਕਿ ਉਕਤ ਹਥਿਆਰ ਪੁਲਿਸ ਕੋਲ ਨਹੀਂ। ਪੜਤਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਪੁਲਿਸ ਨੇ ਉਹ ਕਾਰਾਬਈਨ ਬਖ਼ਸ਼ੀਸ਼ ਸਿੰਘ ਨੂੰ ਜਾਰੀ ਕੀਤੀ ਸੀ। ਬਖ਼ਸ਼ੀਸ਼ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਕਾਰਬਾਈਨ ਪੁਲਿਸ ਨੂੰ ਵਾਪਸ ਕਰ ਦਿੱਤੀ ਸੀ। ਇਸ ਤਰ੍ਹਾਂ ਨਾ ਤਾਂ ਹਥਿਆਰ ਪੁਲਿਸ ਕੋਲ ਸੀ ਤੇ ਨਾ ਹੀ ਬਖ਼ਸ਼ੀਸ਼ ਸਿੰਘ ਕੋਲ।
ਦਲਜੀਤ ਸਿੰਘ ਨੇ ਆਪਣੇ ਵਕੀਲ ਐੱਸਐੱਸ ਸਾਲਾਰ ਰਾਹੀਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ। ਉਨ੍ਹਾਂ ਆਪਣੇ ਰਿਸ਼ਤੇਦਾਰ ਮਾਲਵਾ ਸਿੰਘ ਦੀ ਮਲਕੀਅਤ ਵਾਲੀ ਕਾਰਬਾਈਨ ਕਬਜ਼ੇ ’ਚ ਲੈਣ ਦਾ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ। ਇਸ ਪਟੀਸ਼ਨ ’ਤੇ ਸੁਣਵਾਈ ਤੋਂ ਬਾਅਦ ਹਾਈ ਕੋਰਟ ਨੇ ਡੀਜੀਪੀ ਪੰਜਾਬ ਨੂੰ ਸੂਬੇ ਦੇ ਸਾਰੇ ਥਾਣਿਆਂ ਦੇ ਅਸਲਾਖਾਨਿਆਂ ’ਚੋਂ ਗਾਇਬ ਹਥਿਆਰਾਂ ਦੀ ਜਾਂਚ ਕਰ ਕੇ ਰਿਪੋਰਟ ਸੌਂਪਣ ਨੂੰ ਕਿਹਾ। ਹਾਈ ਕੋਰਟ ਦੇ ਹੁਕਮ ’ਤੇ ਡੀਜੀਪੀ ਨੇ ਇਕ ਐੱਸਆਈਟੀ ਦਾ ਗਠਨ ਕੀਤਾ ਸੀ। ਇਸ ਤੋਂ ਬਾਅਦ ਗਾਇਬ ਹਥਿਆਰਾਂ ਦੀ ਗਿਣਤੀ ਉਜਾਗਰ ਹੋਈ।
ਇਹ ਕਿਹਾ ਸੀ ਕੋਰਟ ਨੇ
ਹਾਈ ਕੋਰਟ ਨੇ ਦਲਜੀਤ ਸਿੰਘ ਦੀ ਪਟੀਸ਼ਨ ’ਤੇ ਪਿਛਲੀ ਸੁਣਵਾਈ ਦੌਰਾਨ ਕਿਹਾ ਸੀ ਕਿ ਮੌਜੂਦਾ ਮਾਮਲਾ ਮਾਮਲਿਆਂ ਦੀ ਜਾਂਚ ਦੀ ਖੇਦਜਨਕ ਸਥਿਤੀ ਨੂੰ ਦਰਸਾਉਂਦਾ ਹੈ। ਕੋਰਟ ਨੇ ਤਰਨਤਾਰਨ ਜ਼ਿਲ੍ਹੇ ਦੇ ਸੂਬਾਈ ਅਸਲਾਖਾਨੇ ਤੋਂ 0.30 ਐੱਮ1 ਕਾਰਬਾਈਨ ਦੇ ਗਾਇਬ ਹੋਣ ’ਤੇ ਹੈਰਾਨੀ ਪ੍ਰਗਟ ਕਰਦੇ ਹੋਏ ਕਿਹਾ ਕਿ ਤਰਨਤਾਰਨ ਪੁਲਿਸ ਵੱਲੋਂ ਦਾਖ਼ਲ ਕੀਤੀ ਗਈ ਰਿਪੋਰਟ ਸਿਰਫ਼ ਇਹ ਦਰਸਾਉਂਦੀ ਹੈ ਕਿ ਵਿਚਾਰ ਅਧੀਨ ਹਥਿਆਰ ਮੂਲ ਰੂਪ ’ਚ ਇਕ ਸੂਬੇਦਾਰ ਮੇਜਰ ਮਾਲਵਾ ਸਿੰਘ ਪੁੱਤਰ ਜਵਾਲਾ ਸਿੰਘ ਨੂੰ ਦਿੱਤਾ ਗਿਆ ਸੀ, ਜਿਹੜਾ ਬਿਨ੍ਹਾਂ ਕਿਸੇ ਵਿਵਾਦ ਦੇ ਤਰਨਤਾਰਨ ਪੁਲਿਸ ਸਟੇਸ਼ਨ ’ਚ ਜਮ੍ਹਾਂ ਕੀਤਾ ਗਿਆ ਸੀ। ਦੋਸ਼ ਇਹ ਸੀ ਕਿ ਕਿਸੇ ਬਖ਼ਸ਼ੀਸ਼ ਸਿੰਘ ਨੇ ਉਕਤ ਹਥਿਆਰ ਲੈ ਲਿਆ ਸੀ। ਇਸ ਦੀ ਰਿਪੋਰਟ ਵੀ ਦਾਖ਼ਲ ਕੀਤੀ ਗਈ ਹੈ, ਪਰ ਵਿਚਾਰ ਅਧੀਨ ਹਥਿਆਰ ਬਰਾਮਦ ਨਹੀਂ ਹੋਇਆ। ਅਧਿਕਾਰੀ ਹਥਿਆਰ ਦੀ ਬਰਾਮਦਗੀ ਲਈ ਜ਼ਰੂਰੀ ਤੇ ਬਣਦੇ ਕਦਮ ਚੁੱਕਣ ’ਚ ਨਾਕਾਮ ਰਹੇ।



