*ਜਸਪਾਲ ਸਿੰਘ ਹੇਰਾਂ
ਕਦੇ ਕਿਹਾ ਜਾਂਦਾ ਸੀ ਕਿ ਲਿਖਦਿਆਂ-ਲਿਖਦਿਆਂ ਕਾਗਜ਼ ਤੇ ਸਿਆਹੀ ਮੁੱਕ ਸਕਦੀ ਹੈ, ਪ੍ਰੰਤੂ ਲਿਖਣ ਵਾਲੀਆਂ ਮੁਸ਼ਕਿਲਾਂ, ਸਮੱਸਿਆਵਾਂ, ਲੋਕਾਂ ਦੇ ਦੁੱਖ ਤੇ ਪੀੜਾਂ ਦੀ ਦਾਸਤਾਨ ਮੁੱਕਣ ਵਾਲੀ ਨਹੀਂ। ਪ੍ਰੰਤੂ ਹੁਣ ਜਦੋਂ 21ਵੀਂ ਸਦੀ ਦੀ ਸੂਚਨਾ ਤਕਨਾਲੋਜੀ ਦੀ ਕ੍ਰਾਂਤੀ ਨੇ ਕੰਪਿੳੂਟਰ, ਲੈਪਟਾਪ ਤੋਂ ਅੱਗੇ ਫੇਸਬੁੱਕ, ਯੂ. ਟਿੳੂਬ, ਵੱਟਸ ਅੱਪ ਆਦਿ ਲੈ ਆਂਦੇ ਹਨ ਤਾਂ ਸਿਆਹੀ ਤੇ ਕਾਗਜ਼ ਦੇ ਮੁੱਕਣ ਵਾਲੀ ਗੱਲ ਵੀ ਮੁੱਕ ਗਈ ਹੈ। ਸ਼ਾਇਦ ਇਸੇ ਲਈ ਸਮੱਸਿਆਵਾਂ ਦੀ ਕਾਲੀ ਰਾਤ ਹੁਣ ਕਦੇ ਵੀ ਮੁੱਕਣ ਦਾ ਨਾ ਨਹੀਂ ਲੈ ਰਹੀ ਤੇ ਉਸ ਕਾਲੀ ਰਾਤ ਦਾ ਭਿਆਨਕ ਕਾਲਾ ਸੱਚ ਲਿਖਣ ਵਾਲੇ ਨਿਰੰਤਰ ਲਿਖੀ ਜਾ ਰਹੇ ਹਨ। ਪ੍ਰੰਤੂ ‘ਪੜ ਕੇ, ਸੁਣਕੇ, ਕਾਲੀ ਰਾਤ ਦਾ ਅੰਤ ਕਰਨ ਦੇ ਸਮਰੱਥ, ਸਮੇਂ ਦੇ ਹਾਕਮ ਕੁੰਭਕਰਨੀ ਨੀਂਦ ਸੁੱਤੇ ਪਏ ਹਨ। ਉਨਾਂ ਦੀ ਸਿਹਤ ਤੇ ਹਰ ਚੜਦੇ ਸੂਰਜ ਅਖ਼ਬਾਰਾਂ ਦੀ ਸੁਰਖੀ ਬਣਦੀ ਕਰਜ਼ੇ ਮਾਰੇ ਕਿਸਾਨ-ਮਜ਼ਦੂਰ ਦੀ ਮੌਤ, ਪੰਜਾਬ ‘ਚ ਹਰ 24 ਘੰਟਿਆਂ ‘ਚ ਤਿੰਨ ਨਸ਼ੇੜੀ ਨੌਜਵਾਨ ਮੁੰਡਿਆਂ ਦੀ ਮੌਤ, ਹਰ 4 ਦਿਨਾਂ ‘ਚ ਨਸ਼ਿਆਂ, ਪ੍ਰਦੂਸ਼ਿਤ ਪੌਣ-ਪਾਣੀ ਕਾਰਣ ਲੱਗਣ ਵਾਲੀਆਂ ਭਿਆਨਕ ਬੀਮਾਰੀਆਂ-ਕੈਂਸਰ, ਕਾਲਾ ਪੀਲੀਆ ਤੇ ਏਡਜ਼ ਆਦਿ ਕਾਰਣ 5 ਲੋਕਾਂ ਦੀ ਮੌਤ, ਹਰ ਸਾਲ ਬੇਰੁਜ਼ਗਾਰਾਂ ਦੀ ਫੌਜ ‘ਚ ਹੋ ਰਹੇ ਡੇਢ ਲੱਖ ਦੇ ਵਾਧੇ ਕਾਰਣ ਬੇਚੈਨ ਹੋ ਰਹੀ ਜੁਆਨੀ ਦੇ ਗ਼ਲਤ ਰਾਹ ਪੈਣ ਦੀਆਂ ਵੱਧਦੀਆਂ ਖ਼ਬਰਾਂ ਕੋਈ ਪ੍ਰਭਾਵ ਨਹੀਂ ਪਾ ਰਹੀਆਂ। ਭ੍ਰਿਸ਼ਟ ਆਗੂਆਂ, ਭ੍ਰਿਸ਼ਟ ਅਫ਼ਸਰਸ਼ਾਹੀ ਤੇ ਮਾਫ਼ੀਏ ਦੀ ਤਿੱਕੜੀ ਵੱਲੋਂ ਅੰਨੀ ਲੁੱਟ ਤੇ ਕੁੱਟ ਕਾਰਣ ਵੱਧਦਾ ਖੌਫ਼, ਸੋਹਣੇ ਪੰਜਾਬ ਦੀ ਇਸ ਤਬਾਹੀ ਨੂੰ ਸਮੇਂ ਦੇ ਹਾਕਮ ਆਪਣੀਆਂ ਸੁਨਹਿਰੀ ਐਨਕਾਂ ‘ਚੋਂ ਵੇਖ ਕੇ, ਖੁਸ਼ ਹੋ ਰਹੇ ਹਨ ਆਖ਼ਰ ਝੂਠੇ ਨਾਅਰਿਆਂ ਨਾਲ ਲੋਕਾਂ ਨੂੰ ਕਿੰਨਾ ਕੁ ਸਮਾਂ ਬੇਵਕੂਫ਼ ਬਣਾਇਆ ਜਾ ਸਕੇਗਾ। ਇਹ ਠੀਕ ਹੈ ਕਿ ਨੋਟ ਸ਼ਕਤੀ ਤੇ ਸੱਤਾ ਸ਼ਕਤੀ ਬਹੁਤ ਵੱਡੀਆਂ ਤਾਕਤਾਂ ਹਨ, ਪ੍ਰੰਤੂ ਲੋਕ ਰੋਹ ਅੱਗੇ ਇਹ ਝੱਟ-ਪੱਟ ਉੱਡ-ਪੁੱਡ ਜਾਂਦੀਆਂ ਹਨ।
ਕੋਈ ਕਿਹੜੀ-ਕਿਹੜੀ ਸਮੱਸਿਆ ਬਾਰੇ ਸੋਚੇ ਜਦੋਂ ਕਿ ਇਨਾਂ ਦਾ ਕਿਧਰੇ ਵੀ ਅੰਤ ਨਜ਼ਰ ਨਹੀਂ ਆਉਂਦਾ। ਪਾਣੀ ਦੇ ਨਿਕਾਸ ਪ੍ਰਬੰਧ ਨਾਲ ਪੰਜਾਬ ਦੇ ਹੀ ਅਨੇਕ ਹਿੱਸੇ ਗੰਭੀਰ, ਬਿਮਾਰੀਆਂ ਦੀ ਲਪੇਟ ਵਿੱਚ ਆ ਰਹੇ ਹਨ। ਕਮੇਟੀਆਂ ਦੇ ਕਾਰਪੋਰੇਸ਼ਨਾਂ ਤੋਂ ਸਫਾਈ ਪ੍ਰਬੰਧ ਵੀ ਨਹੀਂ ਹੁੰਦਾ। ਸੜਕਾਂ ਵਿੱਚ ਥਾਂ-ਥਾਂ ਪਏ ਹੋਏ ਟੋਏ, ਅਨੇਕ ਹਾਦਸਿਆਂ ਦਾ ਕਾਰਣ ਬਣ ਰਹੇ ਹਨ। ਸ਼ਹਿਰਾਂ ਵਿੱਚ ਅਜਿਹੇ ਗੈਂਗ ਪੈਦਾ ਹੋ ਚੁੱਕੇ ਹਨ, ਜਿਹੜੇ ਸ਼ਰੇਆਮ ਜ਼ਮੀਨਾਂ ਉਤੇ ਨਜਾਇਜ਼ ਕਬਜ਼ੇ ਕਰ ਰਹੇ ਹਨ। ਖੇਤੀ ਦਾ ਜੋ ਹਾਲ ਹੈ ਉਹਦਾ ਅੰਦਾਜ਼ਾ ਕਿਸਾਨਾਂ ਸਿਰ ਚੜੇ ਅਰਬਾਂ ਦੇ ਕਰਜ਼ੇ ਤੇ ਆਤਮ-ਹੱਤਿਆਵਾਂ ਤੋਂ ਲਾਇਆ ਜਾ ਸਕਦਾ ਹੈ। ਲੁਟੇਰੇ, ਠੱਗ, ਚੋਰ-ਉਚੱਕਿਆ ਦੀ ਗਿਣਤੀ ਹਰ ਆਏ ਦਿਨ ਵਧ ਰਹੀ ਹੈ। ਸਕੂਲਾਂ ਦੀਆਂ ਇਮਾਰਤਾਂ ਨਹੀਂ ਮਾਸਟਰ ਨਹੀਂ, ਇੱਥੋਂ ਤੱਕ ਕਿ ਬੱਚਿਆਂ ਲਈ ਤੱਪੜ ਵੀ ਨਹੀਂ। ਪਿੰਡਾਂ ਦੇ ਮੁੱਢਲੇ ਸਿਹਤ ਕੇਂਦਰ ਸੂਰਾਂ ਦੇ ਵਾੜੇ ਬਣੇ ਹੋਏ ਹਨ ਕੋਈ ਡਾਕਟਰ ਨਹੀਂ ਜਾਂਦਾ ਕੋਈ ਦਵਾਈ ਨਹੀਂ ਮਿਲਦੀ। ਪਿੰਡਾਂ ਵਿੱਚ ਰਾਜਸੀ ਪਾਰਟੀਆਂ ਦੀ ਧੜੇਬੰਦੀ ਕਾਰਨ, ਦੁਸ਼ਮਣੀਏ ਵਧ ਰਹੀਆਂ ਹਨ। ਕਿਸਾਨਾਂ ਤੇ ਦਲਿਤ ਜਾਤੀਆਂ ਵਿੱਚ ਬਖੇੜੇ ਪੈਦਾ ਹੋ ਰਹੇ ਹਨ। ਕਸਬਿਆਂ, ਮੰਡੀਆਂ, ਸ਼ਹਿਰਾਂ ਵਿੱਚ ਛੋਟੀਆਂ ਸਨਅਤਾਂ ਹੌਲੀ-ਹੌਲੀ ਖ਼ਤਮ ਹੋ ਰਹੀਆਂ ਹਨ, ਜੋ ਬਚੀਆਂ ਹਨ, ਉਨਾਂ ਨੂੰ ਬਿਜਲੀ ਨਹੀਂ ਮਿਲਦੀ। ਬਹੁਤੇ ਦੁਕਾਨਦਾਰ ਵਿਹਲੇ ਬੈਠੇ ਮੱਖੀਆਂ ਮਾਰਦੇ ਦੇਖੇ ਜਾ ਸਕਦੇ ਹਨ। ਲੇਬਰ-ਚੌਕਾਂ ਵਿੱਚ ਸੈਂਕੜੇ ਮਜ਼ਦੂਰ ਰੋਜ਼ ਮਜ਼ਦੂਰੀ ਨਾ ਮਿਲਣ ਕਰਕੇ ਨਿਰਾਸ਼ ਘਰਾਂ ਨੂੰ ਪਰਤ ਜਾਂਦੇ ਹਨ।
ਅਜਿਹੀਆਂ ਗੰਭੀਰ ਸਮੱਸਿਆਵਾਂ ਦੀ ਗਿਣਤੀ ਏਨੀ ਵਧ ਚੁੱਕੀ ਹੈ ਕਿ ਲਿਖਦਿਆਂ-ਲਿਖਦਿਆਂ ਕਾਗਜ਼ ਤੇ ਸਿਆਹੀ ਵੀ ਮੁੱਕ ਸਕਦੀ ਹੈ। ਪਰ ਕੁਝ ਲੋਕ ਅਜਿਹੇ ਆਸ਼ਾਵਾਦੀ ਵੀ ਹਨ ਜਿਹੜੇ ਕਹਿੰਦੇ ਹਨ ਕਿ ਹਰ ਮੁਸ਼ਕਿਲ ਦਾ ਹੱਲ ਲੱਭਿਆ ਜਾ ਸਕਦਾ ਹੈ। ਠੀਕ ਹੀ ਕਹਿੰਦੇ ਹੋਣਗੇ ਕਿ ਹੱਲ ਲੱਭਿਆ ਜਾ ਸਕਦਾ ਹੈ। ਪਰ ਲੱਭੇਗਾ ਕੌਣ? ਰਾਜਨੀਤਿਕ ਪਾਰਟੀਆਂ ਦੇ ਨੇਤਾ ਤੇ ਮੰਤਰੀ ਜਿਹੜੇ ਆਪ ਕੋਈ ਲਾਲਸਾ ਨਹੀਂ ਤਿਆਗ ਕਰਦੇ ਤੇ ਜਿਨਾਂ ਉਤੇ ਆਏ ਦਿਨ ਕਰੋੜਾਂ ਦੇ ਘੱਪਲਿਆਂ ਦੇ ਇਲਜ਼ਾਮ ਲੱਗਦੇ ਹਨ? ਇਹ ਅਜਿਹੀ ਦਸ਼ਾ ਹੈ ਜਿਸ ਬਾਰੇ ਸਾਡੇ ਬਜ਼ੁਰਗ ਕਦੇ ਕਿਸੇ ਵੀ ਮੁਸ਼ਕਿਲ ਸਮੇਂ ਵਿਅੰਗ ਨਾਲ ਕਹਿੰਦੇ ਹੁੰਦੇ ਸਨ, ”ਦੇਖ ਮਰਦਾਨਿਆਂ ਰੰਗ ਕਰਤਾਰ ਦੇ”। ਤੇ ਸ਼ਾਇਦ ਅੱਜ ਵੀ ਰੰਗ ਦੇਖਣ ਤੋਂ ਬਿਨਾਂ ਹੋਰ ਕੋਈ ਰਾਹ ਨਜ਼ਰ ਨਹੀਂ ਆਉਂਦਾ। ਪਰ ਕਦੋਂ ਤੱਕ? ਇਹ ਤਾਂ ਖੁਦਾ ਜਾਣੈ। ਜਦੋਂ ਤੱਕ ਪੂਰੇ ਸਮਾਜਿਕ ਰਾਜਸੀ ਹਾਲਾਤ ਅੰਦਰੋਂ ਮੂਲ ਤਬਦੀਲੀਆਂ ਨਹੀਂਂ ਆਉਂਦੀਆਂ, ਉਦੋਂ ਤੱਕ ਕੁਝ ਨਹੀਂ ਬਦਲ ਸਕਦਾ।
ਅਜਿਹੀਆਂ ਮੂਲ ਤਬਦੀਲੀਆਂ ਕਰੋੜਾਂ ਹੇਠਲੇ ਵਰਗਾਂ ਦੇ ਲੋਕਾਂ ਦੀ ਚੇਤਨਤਾ ਬਿਨਾਂ ਸੰਭਵ ਨਹੀਂ ਜਿਸਦਾ ਅਜੇ ਕਿਧਰੇ ਕੋਈ ਨੇੜਾ-ਤੇੜਾ ਨਜ਼ਰ ਨਹੀਂ ਆ ਰਿਹਾ। ਰਾਜ ਪ੍ਰਬੰਧ ਤੋਂ ਨਿਰਾਸ਼ ਹੋਏ ਲੋਕ ਕਰੋੜਾਂ ਦੀ ਗਿਣਤੀ ਵਿੱਚ ਮੱਥੇ ਰਗੜਦੇ ਫਿਰਦੇ ਹਨ-ਚੇਤਨਾ ਕਿੱਥੋਂ ਆਏਗੀ? ਇਹ ਕੋਈ ਵੀ ਸਮਝ ਸਕਦਾ ਹੈ ਕਿ ਅਜਿਹੀ ਦਸ਼ਾ ਦੇ ਪੈਦਾ ਹੁੰਦੀ ਹੈ ਜਦੋਂ ਲੋਕਾਂ ਦੀ ਸਰਕਾਰ ਤੇ ਲੋਕ, ਆਪ ਆਪਣੀਆਂ ਸਮੱਸਿਆਵਾਂ ਦੇ ਹੱਲ ਨਹੀਂ ਕਰ ਸਕਦੇ। ਅਖੀਰ ਫੇਰ ਇਹ ਕਹਿਣਾ ਪੈਦਾ ਹੈ ”ਦੇਖ ਮਰਦਾਨਿਆਂ ਰੰਗ ਕਰਤਾਰ ਦੇ”। ਪਤਾ ਨਹੀਂ ਇਹ ਰੰਗ ਅਜੇ ਕਦੋਂ ਤੱਕ ਦੇਖਣੇ ਪੈਣਗੇ?