ਕਰਮਜੀਤ ਸਿੰਘ ਆਜ਼ਾਦ, ਸ੍ਰੀ ਮਾਛੀਵਾੜਾ ਸਾਹਿਬ : ਪਿੰਡ ਹੇਡੋਂ ਬੇਟ ਦੇ ਰਹਿਣ ਵਾਲੇ ਸੁਰਿੰਦਰ ਸਿੰਘ (56) ਨੇ ਖੇਤਾਂ ‘ਚ ਜਾ ਕੇ ਦਰੱਖਤ ਨਾਲ ਗਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਜਾਣਕਾਰੀ ਮੁਤਾਬਿਕ ਸੁਰਿੰਦਰ ਸਿੰਘ ਜੋ ਕਿ ਦੁਬਈ ਵਿਖੇ ਨੌਕਰੀ ਕਰਦਾ ਸੀ ਤੇ ਹੁਣ ਕਾਫ਼ੀ ਸਮੇਂ ਤੋਂ ਆਪਣੇ ਪਿੰਡ ਰਹਿੰਦਾ ਸੀ।

ਕੁਝ ਸਾਲ ਪਹਿਲਾਂ ਉਸ ਦਾ ਐਕਸੀਡੈਂਟ ਹੋ ਗਿਆ ਸੀ ਜਿਸ ਕਾਰਨ ਉਸ ਦੇ ਸਿਰ ‘ਚ ਸੱਟ ਲੱਗੀ ਤੇ ਉਸ ਤੋਂ ਬਾਅਦ ਉਹ ਮਾਨਸਿਕ ਤੌਰ ‘ਤੇ ਪਰੇਸ਼ਾਨ ਰਹਿਣ ਲੱਗ ਪਿਆ ਸੀ। ਲੰਘੀ ਰਾਤ ਉਹ ਆਪਣੇ ਪਿੰਡ ਹੇਡੋਂ ਬੇਟ ਘਰ ਤੋਂ ਮੋਟਰਸਾਈਕਲ ‘ਤੇ ਨਿਕਲਿਆ ਤੇ ਉਸ ਨੇ ਕਾਉਂਕੇ ਪਿੰਡ ਨੇੜੇ ਜਾ ਕੇ ਖੇਤਾਂ ‘ਚ ਜਾ ਕੇ ਦਰੱਖਤ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਉੱਥੋਂ ਲੰਘਦੇ ਰਾਹਗੀਰ ਨੇ ਸਵੇਰੇ ਉਸ ਦੀ ਲਾਸ਼ ਦਰੱਖਤ ਨਾਲ ਲਟਕਦੀ ਦੇਖੀ, ਜਿਸ ‘ਤੇ ਪੁਲਿਸ ਨੂੰ ਸੂਚਿਤ ਕੀਤਾ।

ਸੂਚਨਾ ਮਿਲਦੇ ਹੀ ਥਾਣਾ ਮੁਖੀ ਭਿੰਦਰ ਸਿੰਘ ਖੰਗੂੜਾ, ਚੌਕੀ ਇੰਚਾਰਜ ਸਹਾਇਕ ਥਾਣੇਦਾਰ ਪ੍ਰਮੋਦ ਕੁਮਾਰ ਮੌਕੇ ‘ਤੇ ਪਹੁੰਚ ਗਏ। ਮਿ੍ਤਕ ਦੀ ਪਛਾਣ ਸੁਰਿੰਦਰ ਸਿੰਘ ਵਜੋਂ ਹੋਈ ਜਿਸ ‘ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਮੌਕੇ ‘ਤੇ ਬੁਲਾਇਆ ਗਿਆ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭਿਜਵਾ ਦਿੱਤਾ ਹੈ। ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਬਿਆਨ ਦਿੱਤੇ ਕਿ ਸੁਰਿੰਦਰ ਸਿੰਘ ਮਾਨਸਿਕ ਤੌਰ ‘ਤੇ ਪਰੇਸ਼ਾਨ ਸੀ ਜਿਸ ਕਾਰਨ ਉਸ ਨੇ ਅਜਿਹਾ ਕਦਮ ਚੁੱਕਿਆ। ਪੁਲਿਸ ਨੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।