ਮਾਲਵਿੰਦਰ ਸਿੰਘ ਸਿੱਧੂ , ਸੰਗਰੂਰ

ਕਿਸਾਨਾਂ ਦਾ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਦਾ ਰੁਝਾਨ ਲਗਾਤਾਰ ਘਟ ਰਿਹਾ ਹੈ। ਇਸੇ ਤਰਾਂ੍ਹ ਜ਼ਿਲ੍ਹਾ ਸੰਗਰੂਰ ਦੇ ਪਿੰਡ ਭੱਦਲਵੱਡ ਦਾ ਅਗਾਂਹਵਧੂ ਕਿਸਾਨ ਹਰਵਿੰਦਰ ਸਿੰਘ ਪਿਛਲੇ ਕਰੀਬ 18 ਸਾਲਾਂ ਤੋਂ ਆਪਣੇ ਖੇਤਾਂ ਵਿਚ ਫਸਲਾਂ ਦੀ ਰਹਿੰਦ ਖੂੰਹਦ ਸਾੜਨ ਦੀ ਬਜਾਏ ਵਾਤਾਵਰਣ ਦੇ ਰਾਖੇ ਵਜੋਂ ਹੋਰਨਾਂ ਕਿਸਾਨਾਂ ਲਈ ਚਾਨਣ ਮੁਨਾਰਾ ਬਣਿਆ ਹੋਇਆ ਹੈ। ਇਸ ਕਿਸਾਨ ਦੀ ਪੇ੍ਰਰਣਾ ਸਦਕਾ ਨੇੜਲੇ ਪਿੰਡਾਂ ਦੇ ਕਈ ਕਿਸਾਨ ਇਸੇ ਰਾਹ ‘ਤੇ ਤੁਰ ਪਏ ਹਨ ਅਤੇ ਹਰਵਿੰਦਰ ਸਿੰਘ ਸਰਕਾਰੀ ਪੱਧਰ ‘ਤੇ ਲਗਾਏ ਜਾਂਦੇ ਵੱਖ-ਵੱਖ ਕਿਸਾਨ ਮੇਲਿਆਂ ਤੇ ਅਜਿਹੇ ਹੀ ਹੋਰ ਖੇਤੀ ਪੱਖੀ ਪਲੇਟਫਾਰਮਾਂ ‘ਤੇ ਜਾ ਕੇ ਫਸਲਾਂ ਦੇ ਨਾੜ ਨੂੰ ਸਾੜਨ ਤੋਂ ਰੋਕਣ ਦੀ ਮੁਹਿੰਮ ਵਿੱਚ ਸਰਗਰਮ ਯੋਗਦਾਨ ਪਾਉਂਦਾ ਨਜ਼ਰ ਆ ਰਿਹਾ ਹੈ।

ਹਰਵਿੰਦਰ ਸਿੰਘ ਭੱਦਲਵੱਡ ਨੇ ਕਿਹਾ ਕਿ ਜ਼ਹਿਰੀਲੇ ਧੂੰਏ ਕਾਰਨ ਪਲੀਤ ਹੋ ਰਹੇ ਵਾਤਾਵਰਣ ਨੂੰ ਸੰਭਾਲਣ ਲਈ ਸਰਕਾਰ ਦੀ ਚੇਤਨਾ ਮੁਹਿੰਮ ਹਰ ਪੱਧਰ ‘ਤੇ ਢੁਕਵੇਂ ਉਪਰਾਲਿਆਂ ਦੀ ਲੜੀ ਵਿੱਚ ਅਹਿਮ ਯਤਨ ਹੈ। ਬੀਤੇ ਦਿਨੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਲੱਗੇ ਕਿਸਾਨ ਮੇਲੇ ‘ਚ ਸ਼ਾਮਲ ਹੋ ਕੇ ਪਰਤਣ ਮਗਰੋਂ ਹਰਵਿੰਦਰ ਸਿੰਘ ਨੇ ਕਿਹਾ ਕਿ ਆਧੁਨਿਕ ਖੇਤੀ ਤਕਨੀਕਾਂ ਤੇ ਮਸ਼ੀਨਾਂ ਦੀ ਵਰਤੋਂ ਕਰਕੇ ਕਿਸਾਨ ਵੀਰ ਖੇਤਾਂ ਦੀ ਸਿਹਤ ਵਿੱਚ ਵੀ ਸੁਧਾਰ ਕਰ ਸਕਦੇ ਹਨ। ਉਨਾਂ੍ਹ ਕਿਹਾ ਕਿ ਉਹ ਪਿਛਲੇ 18 ਸਾਲ ਤੋਂ ਕਣਕ ਤੇ ਝੋਨੇ ਦੇ ਨਾੜ ਨੂੰ ਅੱਗ ਨਹੀਂ ਲਗਾ ਰਿਹਾ ਅਤੇ ਇਨਾਂ੍ਹ ਵਰਿਆਂ ਵਿੱਚ ਖੇਤੀਬਾੜੀ ਵਿਭਾਗ ਤੇ ਪੀਏਯੂ ਦੇ ਮਾਹਿਰਾਂ ਤੋਂ ਸਮੇਂ-ਸਮੇਂ ‘ਤੇ ਸੇਧ ਲੈ ਕੇ ਐਮ.ਬੀ ਪਲੋਅ, ਸੁਪਰਸੀਡਰ, ਸਮਾਰਟ ਸੀਡਰ ਆਦਿ ਮਸ਼ੀਨਾਂ ਦੀ ਵਰਤੋਂ ਨਾਲ ਉਸਨੂੰ ਵੱਡਾ ਵਿੱਤੀ ਲਾਭ ਹੋਇਆ ਹੈ।

ਹਰਵਿੰਦਰ ਸਿੰਘ ਨੇ ਕਿਹਾ ਕਿ ਖੇਤਾਂ ਦੀ ਸਿਹਤ ਸੁਧਰਨ ਲਈ ਉਹ ਸਮੇਂ ਸਮੇਂ ਤੇ ਖੇਤੀਬਾੜੀ ਯੂਨੀਵਰਸਿਟੀ ਅਤੇ ਕਿਸਾਨ ਭਲਾਈ ਅਤੇ ਖੇਤੀਬਾੜੀ ਵਿਭਾਗ ਸੰਗਰੂਰ ਦੀਆਂ ਸਿਫਾਰਸ਼ਾਂ ਨੂੰ ਵੀ ਅਪਣਾਉਂਦੇ ਰਹਿੰਦੇ ਹਨ।

ਡੀਸੀ ਜਤਿੰਦਰ ਜੋਰਵਾਲ ਨੇ ਫ਼ਸਲਾਂ ਦੀ ਰਹਿੰਦ-ਖੂੰਹਦ ਨਾ ਸਾੜਨ ਵਾਲੇ ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨਾਂ ਦੇ ਵਾਤਾਵਰਨ ਪੱਖੀ ਉਪਰਾਲਿਆਂ ਦੀ ਸ਼ਲਾਘਾ ਕੀਤੀ ਹੈ। ਜਿਹੜੇ ਅਗਾਂਹਵਧੂ ਕਿਸਾਨ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ, ਮਿੱਤਰ ਕੀੜਿਆਂ ਨੂੰ ਨਸ਼ਟ ਹੋਣ ਤੋਂ ਬਚਾਉਣ ਲਈ, ਧਰਤੀ ਦੀ ਉਪਜਾਊ ਸ਼ਕਤੀ ਵਧਾਉਣ ਲਈ ਤੇ ਜ਼ਹਿਰੀਲੇ ਧੂੰਏ ਕਾਰਨ ਮਨੁੱਖਾਂ, ਜੀਵ ਜੰਤੂਆਂ ‘ਤੇ ਪੈਦਾ ਹੋਣ ਵਾਲੇ ਖ਼ਤਰਿਆਂ ਤੋਂ ਬਚਾਅ ਲਈ ਫ਼ਸਲੀ ਰਹਿੰਦ-ਖੂੰਹਦ ਦਾ ਖੇਤਾਂ ਵਿੱਚ ਹੀ ਯੋਗ ਪ੍ਰਬੰਧਨ ਕਰਨ ਵਿਚ ਸਰਗਰਮ ਭੂਮਿਕਾ ਨਿਭਾਅ ਰਹੇ ਹਨ ਉਹ ਵਧਾਈ ਦੇ ਪਾਤਰ ਹਨ ਅਤੇ ਉਨਾਂ੍ਹ ਤੋਂ ਹੋਰਨਾਂ ਕਿਸਾਨਾਂ ਨੂੰ ਵੀ ਸੇਧ ਲੈਂਦੇ ਹੋਏ ਮਨੁੱਖਤਾ ਦੀ ਸੇਵਾ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ।

ਡਾ. ਹਰਬੰਸ ਸਿੰਘ ਚਹਿਲ ਮੁੱਖ ਖੇਤੀਬਾੜੀ ਅਫਸਰ ਨੇ ਉਕਤ ਕਿਸਾਨ ਨੂੰ ਦੂਜੇ ਕਿਸਾਨਾਂ ਲਈ ਮਾਰਗਦਰਸ਼ਕ ਦੱਸਦਿਆਂ ਕਿਹਾ ਕਿ ਸਾਡੀ ਉਪਜਾਊ ਜਮੀਨ ਦੀ ਸਿਹਤ ਲਗਾਤਾਰ ਖਰਾਬ ਹੋ ਰਹੀ ਹੈ।ਫਸਲਾਂ ਦਾ ਨਾੜ ਖੇਤਾਂ ਵਿੱਚ ਵਾਹਕੇ ਜਮੀਨ ਦੀ ਉਪਜਾਊ ਸਕਤੀ ਵਧਾ ਸਕਦੇ ਹਾਂ।