ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਬੇਕਾਬੂ ਕੈਂਟਰ ਗਿੱਲ ਰੋਡ ‘ਤੇ ਲੱਗੇ ਇਕ ਬਿਜਲੀ ਦੇ ਵੱਡੇ ਖੰਭੇ ਨਾਲ ਇੰਨੀ ਬੁਰੀ ਤਰ੍ਹਾਂ ਟਕਰਾਇਆ ਕਿ ਖੰਭਾ ਹੀ ਟੇਢਾ ਹੋ ਗਿਆl ਸਿੱਟੇ ਵਜੋਂ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ ਅਤੇ ਇਲਾਕੇ ਦੀ ਬੱਤੀ ਗੁਲ ਹੋ ਗਈl ਆਲੇ ਦੁਆਲੇ ਦੇ ਲੋਕਾਂ ਦਾ ਕਹਿਣਾ ਹੈ ਕਿ ਸੀਮਟ ਮਿਕਸਰ ਕੈਂਟਰ ਦਾ ਡਰਾਈਵਰ ਨਸ਼ੇ ਵਿੱਚ ਟੱਲੀ ਸੀ l ਗੰਭੀਰ ਰੂਪ ਵਿੱਚ ਫੱਟੜ ਹੋਏ ਡਰਾਈਵਰ ਨੂੰ ਟਰੱਕ ਚੋਂ ਕੱਡ ਕੇ ਹਸਪਤਾਲ ਦਾਖਲ ਕਰਵਾਇਆ ਗਿਆl ਇਹ ਹਾਦਸਾ ਲੁਧਿਆਣਾ ਦੇ ਗਿੱਲ ਰੋਡ ਤੇ ਪੈਂਦੇ ਸਤਸੰਗ ਰੋਡ ਤੇ ਸ਼ਨਿਚਰਵਾਰ ਸਵੇਰੇ ਵਾਪਰਿਆ l
ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਡਰਾਈਵਰ ਨੇ ਨਸ਼ਾ ਕੀਤਾ ਹੋਇਆ ਸੀ ਜਿਸ ਦੇ ਚਲਦੇ ਉਸਦੇ ਟਰੱਕ ਦਾ ਸੰਤੁਲਨ ਵਿਗੜ ਗਿਆ ਤੇ ਤੇਜ਼ ਰਫਤਾਰ ਕੈਂਟਰ ਬਿਜਲੀ ਦੇ ਖੰਭੇ ਨਾਲ ਟਕਰਾ ਗਿਆ l ਸੂਚਨਾ ਤੋਂ ਬਾਅਦ ਮੌਕੇ ਤੇ ਪਹੁੰਚੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਨੇ ਖੰਬੇ ਅਤੇ ਟੁੱਟੀਆਂ ਤਾਰਾਂ ਦੀ ਰਿਪੇਅਰ ਕਰਨੀ ਸ਼ੁਰੂ ਕਰ ਦਿੱਤੀ ਹੈ। ਹਾਦਸੇ ਦੇ ਦੌਰਾਨ ਟਰੱਕ ਡਰਾਈਵਰ ਦੇ ਸਿਰ ਚਹਿਰੇ ਅਤੇ ਛਾਤੀ ਤੇ ਗੰਭੀਰ ਸੱਟਾਂ ਲੱਗੀਆਂ ਹਨ। ਫੱਟੜ ਹੋਏ ਡਰਾਈਵਰ ਨੂੰ ਲਾਗੇ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।


