ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਨੌਸਰਬਾਜ਼ ਗਿਰੋਹ ਨੇ ਲੁਧਿਆਣਾ ਦੇ ਬਾਬਾ ਦੀਪ ਸਿੰਘ ਨਗਰ ਇਲਾਕੇ ਦੇ ਰਹਿਣ ਵਾਲੇ ਇਕ ਬਜ਼ੁਰਗ ਪ੍ਰਾਪਰਟੀ ਕਾਰੋਬਾਰੀ ਨੂੰ ਨਿਸ਼ਾਨਾ ਬਣਾਉਂਦਿਆਂ ਉਨ੍ਹਾਂ ਨੂੰ ਸੰਮੋਹਿਤ ਕੀਤਾ ਤੇ ਘਰ ਵਿੱਚ ਪਏ ਸਾਢੇ ਚਾਰ ਤੋਲੇ ਸੋਨੇ ਦੇ ਗਹਿਣੇ ਅਤੇ ਡੇਢ ਲੱਖ ਰੁਪਏ ਦੀ ਨਕਦੀ ਲੁੱਟ ਲਈ। ਇਸੇ ਦੌਰਾਨ ਪ੍ਰਾਪਰਟੀ ਕਾਰੋਬਾਰੀ ਨੂੰ ਹੋਸ਼ ਆ ਗਈ ਜਿਸ ਤੋਂ ਬਾਅਦ ਨੌਸਰਬਾਜ਼ ਗਿਰੋਹ ਉਨ੍ਹਾਂ ਨੂੰ ਧੱਕਾ ਦੇ ਕੇ ਮੌਕੇ ਤੋਂ ਫਰਾਰ ਹੋ ਗਿਆ।
ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਬਾਬਾ ਦੀਪ ਸਿੰਘ ਨਗਰ ਦੇ ਵਾਸੀ ਹਰਚਰਨ ਸਿੰਘ (65) ਨੇ ਦੱਸਿਆ ਕਿ ਉਹ ਦੁਪਹਿਰ 12 ਵਜੇ ਦੇ ਕਰੀਬ ਪੈਦਲ ਹੀ ਬਾਜ਼ਾਰ ਤੋਂ ਘਰ ਵੱਲ ਆ ਰਹੇ ਸਨ ,ਜਿਵੇਂ ਹੀ ਉਹ ਘਰ ਦੀ ਗਲੀ ਵਿੱਚ ਪਹੁੰਚੇ ਤਾਂ ਸਾਧੂ ਦਾ ਭੇਸ ਧਾਰ ਕੇ ਇੱਕ ਵਿਅਕਤੀ ਆਇਆ ਜਿਸ ਨੇ ਉਨ੍ਹਾਂ ਕੋਲੋਂ ਗੁਰਦੁਆਰਾ ਦਮਦਮਾ ਸਾਹਿਬ ਦਾ ਰਸਤਾ ਪੁੱਛਿਆ। ਹਰਚਰਨ ਸਿੰਘ ਨੇ ਆਖਿਆ ਆ ਕੇ ਉਨ੍ਹਾਂ ਦੇ ਘਰ ਦੇ ਕੋਲ ਗੁਰਦੁਆਰਾ ਮੰਜੀ ਸਾਹਿਬ ਹੈ ਅਤੇ ਉਹ ਉੱਥੇ ਜਾ ਸਕਦੇ ਹਨ। ਹਰਚਰਨ ਸਿੰਘ ਦੀ ਗੱਲ ਸੁਣ ਕੇ ਵਿਅਕਤੀ ਓਥੋਂ ਚੱਲ ਪਿਆ। ਸਾਜਿਸ਼ ਦੇ ਤਹਿਤ ਇਕ ਔਰਤ ਆਪਣੇ ਸਾਥੀ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਈ ਅਤੇ ਦੋਵੇਂ ਹਰਚਰਨ ਸਿੰਘ ਦੇ ਕੋਲ ਰੁਕ ਗਏ। ਉਨ੍ਹਾਂ ਨੇ ਆਖਿਆ ਕਿ ਜੋ ਬਾਬਾ ਜੀ ਜਾ ਰਹੇ ਹਨ ਉਹ ਬਹੁਤ ਹੀ ਕਰਨੀ ਵਾਲੇ ਹਨ।
ਇਸੇ ਦੌਰਾਨ ਸਾਧੂ ਦਾ ਭੇਸ ਧਾਰਿਆ ਹੋਇਆ ਵਿਅਕਤੀ ਵੀ ਉਨ੍ਹਾਂ ਦੇ ਕੋਲ ਆ ਗਿਆ। ਪਖੰਡੀ ਸਾਧ ਨੇ 500 ਰੁਪਏ ਦੇ ਨੋਟ ਦਾ ਫੁੱਲ ਬਣਾ ਕੇ ਮੋਟਰ ਸਾਈਕਲ ਸਵਾਰ ਔਰਤ ਨੂੰ ਦੇ ਦਿੱਤਾ। ਨੋਸਰਬਾਜਾਂ ਨੇ ਹਰਚਰਨ ਸਿੰਘ ਨੂੰ ਆਖਿਆ ਕਿ ਉਨ੍ਹਾਂ ਦੇ ਘਰ ਵਿੱਚ ਵੀ ਜੇ ਕੋਈ ਮਾੜੀ ਕਮਾਈ ਹੈ ਤਾਂ ਉਹ ਬਾਬਾ ਜੀ ਨੂੰ ਦੇ ਦੇਣ । 500 ਦੇ ਨੋਟ ਦਾ ਫੁੱਲ ਬਣਾ ਕੇ ਉਨ੍ਹਾਂ ਨੇ ਹਰਚਰਨ ਸਿੰਘ ਨੂੰ ਵੀ ਦੇ ਦਿੱਤਾ। ਫੁੱਲ ਫੜਦੇ ਹੀ ਹਰਚਰਨ ਸਿੰਘ ਸੰਮੋਹਿਤ ਹੋ ਕੇ ਘਰ ਵੱਲ ਨੂੰ ਤੁਰ ਪਏ। ਬਜ਼ੁਰਗ ਨੇ ਘਰ ਦੀ ਅਲਮਾਰੀ ਚੋਂ ਸਾਢੇ ਚਾਰ ਤੋਲੇ ਸੋਨੇ ਦੇ ਗਹਿਣੇ ਅਤੇ ਡੇਢ ਲੱਖ ਰੁਪਏ ਦੀ ਨਕਦੀ ਕੱਢੀ ਅਤੇ ਨੌਕਰਬਾਜ ਗਿਰੋਹ ਦੇ ਹਵਾਲੇ ਕਰ ਦਿੱਤੀ। ਪੈਸੇ ਅਤੇ ਗਹਿਣੇ ਫੜਾਉਂਦੇ ਸਾਰ ਹੀ ਹਰਚਰਨ ਸਿੰਘ ਹੋਸ਼ ਵਿੱਚ ਆ ਗਏ ਅਤੇ ਉਨ੍ਹਾਂ ਨੇ ਪਾਖੰਡੀ ਸਾਧ ਨੂੰ ਜੱਫੀ ਪਾ ਲਈ। ਬਦਮਾਸ਼ਾਂ ਨੇ ਹਰਚਰਨ ਸਿੰਘ ਨੂੰ ਧੱਕਾ ਦਿੱਤਾ ਅਤੇ ਨਕਦੀ ਅਤੇ ਗਹਿਣੇ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ। ਉਧਰੋਂ ਇਸ ਮਾਮਲੇ ਵਿੱਚ ਕੇਸ ਦੇ ਤਫਤੀਸ਼ੀ ਅਫਸਰ ਗੁਰਚਰਨ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ੍ਰ ਮੁਲਜ਼ਮਾਂ ਦੇ ਖ਼ਿਲਾਫ਼ ਐਫ਼ ਆਈ ਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਦੀ ਫੁਟੇਜ ਕਬਜ਼ੇ ਵਿੱਚ ਲਈ ਹੈ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਪੁਲਿਸ ਪਾਰਟੀ ਕੇਸ ਤੇ ਬਿਲਕੁਲ ਨਜਦੀਕ ਹੈ।




