ਸੁਸ਼ੀਲ ਕੁਮਾਰ ਸ਼ਸ਼ੀ,ਲੁਧਿਆਣਾ: ਇੰਸਪੈਕਟਰ ਰਹਿ ਕੇ ਜਿਸ ਥਾਣੇ ਵਿੱਚ ਦੋਵੇਂ ਅਧਿਕਾਰੀ ਰੋਅਬ ਝਾੜਦੇ ਰਹੇ ਉਸੇ ਥਾਣੇ ਵਿੱਚ ਉਨ੍ਹਾਂ ਖਿਲਾਫ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ l ਦੋਵਾਂ ਚੋਂ ਇੱਕ ਇੰਸਪੈਕਟਰ ਏਸੀਪੀ ਬਣ ਕੇ ਸੇਵਾ ਮੁਕਤ ਵੀ ਹੋ ਚੁੱਕਾ ਹੈl ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲਿਸ ਨੇ ਸਾਬਕਾ ਏਸੀਪੀ ਰਣਧੀਰ ਸਿੰਘ ਅਤੇ ਇੰਸਪੈਕਟਰ ਸਤੀਸ਼ ਕੁਮਾਰ ਖਿਲਾਫ਼ ਅਸਲਾ ਐਕਟ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ l

ਇਹ ਸੀ ਮਾਮਲਾ

ਸ਼ਿਕਾਇਤਕਰਤਾ ਢੋਕਾ ਮੁਹੱਲਾ ਬਾਬਾ ਥਾਨ ਸਿੰਘ ਚੌਂਕ ਦੇ ਵਾਸੀ ਜਸਪ੍ਰੀਤ ਸਿੰਘ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ 29 ਨਵੰਬਰ 2021 ਨੂੰ ਸ਼ਿਕਾਇਤ ਦਿੰਦਿਆਂ ਦੱਸਿਆ ਕਿ ਸਾਲ 2015 ਵਿੱਚ ਰੰਜਿਸ਼ ਦੇ ਚਲਦਿਆਂ ਉਸ ਦੇ ਗੁਆਂਢੀਆਂ ਨੇ ਉਸ ਖਿਲਾਫ਼ ਹਵਾਈ ਫਾਇਰਿੰਗ ਕਰਨ ਦੇ ਸਬੰਧ ਵਿੱਚ ਇੱਕ ਬੇਬੁਨਿਆਦ ਸ਼ਿਕਾਇਤ ਦਿੱਤੀ ਸੀ। ਬਿਨਾਂ ਪੜਤਾਲ ਕੀਤੇ ਹੀ ਉਸ ਖਿਲਾਫ਼ ਥਾਣਾ ਡਿਵੀਜ਼ਨ ਨੰਬਰ ਤਿੰਨ ਵਿੱਚ ਮੁਕਦਮਾ ਦਰਜ ਕਰ ਦਿੱਤਾ ਗਿਆ l ਉਸ ਵੇਲੇ ਥਾਣੇ ਵਿੱਚ ਇੰਸਪੈਕਟਰ ਰਣਧੀਰ ਸਿੰਘ ਤਾਇਨਾਤ ਸਨ, ਜੋ ਬਾਅਦ ਵਿੱਚ ਏਸੀਪੀ ਬਣ ਗਏl ਉਨ੍ਹਾਂ ਤੋਂ ਬਾਅਦ ਥਾਣੇ ਵਿੱਚ ਇੰਸਪੈਕਟਰ ਸਤੀਸ਼ ਕੁਮਾਰ ਆਏl ਜਸਪ੍ਰੀਤ ਸਿੰਘ ਨੇ ਦੋਸ਼ ਲਗਾਇਆ ਕਿ ਰਣਧੀਰ ਸਿੰਘ ਨੇ ਉਸ ਦਾ 32 ਬੋਰ ਦਾ ਰਿਵਾਲਵਰ ਅਤੇ ਦਸ ਜ਼ਿਦਾ ਕਾਰਤੂਸ ਗੈਰ ਕਾਨੂੰਨੀ ਤਰੀਕੇ ਨਾਲ ਮਾਲਖਾਨੇ ਵਿੱਚ ਰਖਵਾ ਲਏ ਅਤੇ ਅਤੇ ਬਾਅਦ ਵਿੱਚ ਆਪਣੇ ਕੋਲ ਰੱਖ ਲਏl ਇਹ ਸਾਰਾ ਕੁਝ ਦੋਵਾਂ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਹੋਇਆ l ਕੇਸ ਖਤਮ ਹੋਣ ਦੇ ਬਾਅਦ ਵੀ ਉਸ ਨੂੰ 32 ਬੋਰ ਦਾ ਹਥਿਆਰ ਅਤੇ ਜ਼ਿੰਦਾ ਕਾਰਤੂਸ ਨਹੀਂ ਦਿੱਤੇ l ਇਸ ਮਾਮਲੇ ਵਿੱਚ ਪੜਤਾਲ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਰਣਧੀਰ ਸਿੰਘ ਅਤੇ ਸਤੀਸ਼ ਕੁਮਾਰ ਖਿਲਾਫ ਮੁਕੱਦਮਾ ਦਰਜ ਕਰਨ ਦੇ ਆਦੇਸ਼ ਦਿੱਤੇ l ਉਧਰੋਂ ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਖਿਲਾਫ ਐਫਆਈਆਰ ਦਰਜ ਕਰਨ ਤੋਂ ਬਾਅਦ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।