ਪੰਜਾਬ ਗੁਰੂਆਂ, ਪੀਰਾਂ, ਫਕੀਰਾਂ ਦੀ ਧਰਤੀ ਹੈ ਅਤੇ ਇਹ ਪੰਜਾਬ ਗੁਰੂਆਂ ਦੇ ਨਾਂ ਤੇ ਜਿੳੂਂਦਾ ਹੈ, ਜਿਸਦੀ ਰੂਹ ਗੁਰਬਾਣੀ ਹੈ, ਗੁਰਬਾਣੀ ”ਗੁਰਦੇਵ ਮਾਤਾ, ਗੁਰਦੇਵ ਪਿਤਾ” ਦਾ ਸੰਦੇਸ਼ ਦਿੰਦੀ ਹੈ। ਜਿਸ ਪੰਜਾਬ ਦੀਆਂ ਫਿਜ਼ਾਵਾਂ ‘ਚ ਅਜਿਹੀ ਗੁੜਤੀ ਘੁਲੀ ਹੋਵੇ, ਉਸ ਪੰਜਾਬ ਦੇ ਇਸ਼ਕ ‘ਚ ਅੰਨੇ ਹੋਏ ਗੱਭਰੂ ਜੇ ਆਪਣੇ ਮਾਂ-ਬਾਪ ਨੂੰ ਸਿਰਫ਼ ਇਸ ਲਈ ਜ਼ਹਿਰ ਦੇ ਕੇ ਮਾਰਨ ਲੱਗ ਪੈਣ ਕਿ ਉਹ ਉਸਨੂੰ ਇਸ਼ਕ ‘ਚ ਅੰਨਾ ਹੋ ਕੇ ਨਹੀਂ, ਸਗੋਂ ਜ਼ਮੀਨੀ ਹਕੀਕਤਾਂ ਨੂੰ ਸਮਝ ਕੇ ਅੱਖਾਂ ਖੋਲ ਕੇ ਜਿੳੂਣ ਲਈ ਆਖਦੇ ਹਨ, ਤਾਂ ਪੰਜਾਬ ਵਾਸੀਆਂ ਲਈ ਗੰਭੀਰ ਚਿੰਤਾ ਕਰਨ ਦਾ ਸਮਾਂ ਆ ਚੁੱਕਾ ਮੰਨ ਲਿਆ ਜਾਣਾ ਚਾਹੀਦਾ ਹੈ। ਅਜਿਹੀਆਂ ਘਟਨਾਵਾਂ ਅੱਜ ਆਏ ਦਿਨ ਵਾਪਰ ਰਹੀਆਂ ਹਨ। ਪਦਾਰਥਵਾਦ ਤੇ ਨਿੱਜਵਾਦ ਨੇ ਮਨੁੱਖ ਤੋਂ ਨੈਤਿਕ ਕਦਰਾਂ ਕੀਮਤਾਂ ਖੋਹ ਲਈਆਂ ਹਨ, ਜਿਸ ਕਾਰਣ ਮਨੁੱਖੀ ਰਿਸ਼ਤੇ ਤਾਰ-ਤਾਰ ਹੋ ਗਏ ਹਨ ਅਤੇ ਮਨੁੱਖ ਸਿਰਫ਼ ਨਿੱਜ ਤੱਕ ਸੀਮਤ ਹੋ ਗਿਆ ਹੈ। ਆਪਣਾ ਨਿੱਜੀ ਲਾਭ ਤੇ ਸੁਆਰਥ ਹੀ ਉਸ ਲਈ ਸਾਰਾ ਕੁਝ ਬਣ ਗਿਆ ਹੈ। ਸਦਾਚਾਰਕ ਕੀਮਤਾਂ ਦੇ ਮਨੁੱਖੀ ਜੀਵਨ ‘ਚੋਂ ਮਨਫ਼ੀ ਹੋਣ ਕਾਰਣ ਮਨੁੱਖ ਭੋਗ ਵਿਲਾਸ ਦੇ ਰਾਹ ਤੁਰ ਪਿਆ ਹੈ, ਜਿਸਦਾ ਵੱਡਾ ਕਾਰਣ ਪੱਛਮੀ ਦੁਨੀਆ ਦੀਆਂ ਭੋਗਵਾਦੀ ਰੁਚੀਆਂ ਦਾ ਸਾਡੇ ਤੇ ਹਾਵੀ ਹੋਣਾ ਹੈ ਅਤੇ ਉਸ ਲਈ ਵੱਡਾ ਜ਼ਰੀਆ ਬਣਿਆ ਹੈ, ਟੀ. ਵੀ. ਕਲਚਰ, ਟੀ. ਵੀ. ਜਿਸਨੂੰ ਕਿਸੇ ਸਮੇਂ ”ਬੁੱਧੂ-ਬਕਸਾ” ਆਖਿਆ ਜਾਂਦਾ ਸੀ, ਉਸਨੇ ਅੱਜ ਸੱਚੀ ਮੁੱਚੀ ਸਾਡੇ ਤੋਂ ਸਾਡੀ ਸੋਚਣ ਸ਼ਕਤੀ ਖੋਹ ਲਈ ਹੈ ਅਤੇ ਅਸੀਂ ਪੂਰੀ ਤਰਾਂ ਉਸਦੇ ਗੁਲਾਮ ਹੋ ਗਏ ਹਾਂ।
ਅੱਜ ਵੱਡੀ ਗਿਣਤੀ ਟੀ. ਵੀ. ਚੈਨਲ ਲੱਚਰਤਾ, ਅਸ਼ਲੀਲਤਾ ਪਰੋਸ ਰਹੇ ਹਨ, ਜਿਸਨੇ ਇਸ ਨੂੰ ਚਰਿੱਤਰਹੀਣ ਬਕਸੇ ਬਣਾ ਦਿੱਤਾ ਹੈ, ਜਿਹੜਾ ਨੈਤਿਕ ਕਦਰਾਂ ਕੀਮਤਾਂ ਦਾ ਘਾਣ ਕਰ ਰਿਹਾ ਹੈ। ਟੀ. ਵੀ. ਚੈਨਲਾਂ ਤੇ ਚੱਲ ਰਹੇ ਸੀਰੀਅਲ ਮਨੁੱਖੀ ਰਿਸ਼ਤਿਆਂ ਨੂੰ ਤਾਰ-ਤਾਰ ਹੀ ਨਹੀਂ ਕਰ ਰਹੇ ਸਗੋਂ ਔਰਤਾਂ ਨੂੰ ਅਪਰਾਧਾਂ ਤੇ ਚਰਿੱਤਰਹੀਣਤਾ ਦਾ ਪਾਠ ਪੜਾ ਰਹੇ ਹਨ, ਜਿਸ ਕਾਰਣ ਮਾਂ-ਬਾਪ, ਬੱਚਿਆਂ ਲਈ ਬੋਝ ਜਾਂ ਰਸਤੇ ਦਾ ਰੋੜਾ ਸਮਝੇ ਜਾਣ ਲੱਗ ਪਏ ਹਨ। ਅੱਜ ਮਨੁੱਖੀ ਖੂਨ ਸੱਚੀ ਮੁੱਚੀ ਸਫੈਦ ਹੋ ਗਿਆ ਹੈ, ਕਿਉਂਕਿ ਮੋਹ ਦੀਆਂ ਤੰਦਾਂ ਸੁਆਰਥ ‘ਚ ਬਦਲ ਗਈਆਂ ਹਨ, ਜਿਸ ਕਾਰਣ ਮਨੁੱਖੀ ਰਿਸ਼ਤੇ-ਨਾਤੇ ਹੁਣ ਬੇਮਾਅਨੇ ਹੋ ਚੁੱਕੇ ਹਨ, ਸਿਰਫ਼ ਸੁਆਰਥ ਪੂਰਤੀ ਹੀ ਜੀਵਨ ਮਨੋਰਥ ਬਣ ਗਈ ਹੈ ਅਤੇ ਇਨਸਾਨ ਐਨਾ ਲੋਭੀ-ਲਾਲਚੀ ਹੋ ਗਿਆ ਹੈ ਕਿ ਆਪਣੇ ਸੁਆਰਥ ਲਈ ਕਿਸੇ ਰਿਸ਼ਤੇ ਨੂੰ ਦਾਅ ਤੇ ਲਾਉਣ ਤੋਂ ਗੁਰੇਜ਼ ਨਹੀਂ ਕਰਦਾ। ਆਖ਼ਰ ਜਿਹੜਾ ਪੰਜਾਬ ਦੂਜਿਆਂ ਦੇ ਦੁੱਖ ਦਰਦ ਦੂਰ ਕਰਨ ਲਈ ਆਪਣੇ ਆਪ ਨੂੰ ਕੁਰਬਾਨ ਕਰਨ ਲਈ ਤਿਆਰ ਰਹਿੰਦਾ ਸੀ, ਅੱਜ ਉਸ ਪੰਜਾਬ ‘ਚ ਸਿਰਫ਼ ਤੇ ਸਿਰਫ਼ ਨਿੱਜ ਤੇ ਸੁਆਰਥ ਕਿਉਂ ਪ੍ਰਧਾਨ ਹੋ ਗਿਆ ਹੈ? ਸਾਡੇ ਸਮਾਜ ‘ਚ ਆ ਚੁੱਕੀ ਇਸ ਤਬਦੀਲੀ ਨੂੰ ਸ਼ਾਇਦ ਅਸੀਂ ਫਿਲਹਾਲ ਗੰਭੀਰਤਾ ਨਾਲ ਨਹੀਂ ਵੇਖ ਰਹੇ, ਪ੍ਰੰਤੂ ਇਹ ਆਉਣ ਵਾਲੇ ਭਵਿੱਖ ਦੀ ਘਿਨਾਉਣੀ ਤਸਵੀਰ ਹੈ, ਜਿਸਦਾ ਸਾਹਮਣਾ ਸਮੁੱਚੇ ਸਮਾਜ ਨੂੰ ਇਕ ਨਾ ਇਕ ਦਿਨ ਕਰਨਾ ਹੀ ਪੈਣਾ ਹੈ, ਉਦੋਂ ਤੱਕ ਇਸ ਫੋੜੇ ਨੇ ਨਾਸੂਰ ਬਣ ਜਾਣਾ ਹੈ, ਜਿਸਦਾ ਫਿਰ ਇਲਾਜ ਸੰਭਵ ਨਹੀਂ ਰਹਿਣਾ। ਸਮਾਜੀ ਢਾਂਚੇ ‘ਚ ਆਈਆਂ ਤਬਦੀਲੀਆਂ ਨੇ ਸਾਡੇ ਘਰ ਤੋੜੇ, ਸਾਂਝੇ ਚੁੱਲੇ ਖ਼ਤਮ ਕੀਤੇ ਅਤੇ ਸੁਆਰਥ ਤੇ ਪਦਾਰਥ ਨੇ ਸਾਡੇ ‘ਚੋਂ ਮਨੁੱਖਤਾ ਦਾ ਦਰਦ ਹੀ ਭਜਾ ਦਿੱਤਾ, ਜਿਸ ਸਦਕਾ ਹਰ ਮਨੁੱਖ ਸਮਾਜਿਕ ਪ੍ਰਾਣੀ ਦੀ ਥਾਂ ‘ਮੈਂ’ ਤੱਕ ਸੀਮਤ ਹੋ ਗਿਆ।
ਸਾਨੂੰ ਇਸ ਤਬਦੀਲੀ ਦੇ ਕਾਰਣਾਂ ਦੀ ਘੋਖ ਕਰਕੇ, ਜਿਹੜੀਆਂ ਕੜੀਆਂ ਬਚਾਈਆਂ ਜਾ ਸਕਦੀਆਂ ਹਨ, ਉਨਾਂ ਨੂੰ ਬਚਾਉਣ ਦੇ ਉਪਰਾਲੇ ਜ਼ਰੂਰ ਕਰਨੇ ਚਾਹੀਦੇ ਨੇ। ਅੱਜ ਦੇ ਮਸ਼ੀਨੀ ਯੁੱਗ ‘ਚ ਮਨੁੱਖ ਦੀ ਸੋਚ ਵੀ ‘ਮਸ਼ੀਨੀ’ ਹੋ ਗਈ ਹੈ, ਹੁਣ ਮਮਤਾ, ਪਿਆਰ, ਸ਼ਰਧਾ, ਕੁਰਬਾਨੀ, ਸੇਵਾ ਤੇ ਤਿਆਗ ਵਰਗੇ ਸ਼ਬਦ ਤੇ ਭਾਵਨਾਵਾਂ ਗੁੰਮ ਹੋ ਚੁੱਕੀਆਂ ਹਨ। ਸਾਡੇ ਸਮਾਜ ਦੇ ਢਾਂਚੇ ਤੇ ਬਣਤਰ ਵਿੱਚ ਆਈ ਤਬਦੀਲੀ ਨੇ ਸਾਨੂੰ ਚੌਰਾਹੇ ‘ਚ ਲਿਆ ਖੜਾ ਕੀਤਾ ਹੈ, ਇਕ ਪਾਸੇ ਲੱਚਰਤਾ ਦੀ ਹਨੇਰੀ ਹੈ, ਜਿਸਨੇ ਸਾਡੇ ਸਮਾਜ ਦੀਆਂ ਪੁਰਾਤਨ ਕਦਰਾਂ-ਕੀਮਤਾਂ ਤੇ ਮਰਿਆਦਾ ਨੂੰ ਤਹਿਸ-ਨਹਿਸ ਕਰਕੇ ਰੱਖ ਦਿੱਤਾ ਹੈ ਅਤੇ ਦੂਜੇ ਪਾਸੇ ਬਹੁਕੌਮੀ ਕੰਪਨੀਆਂ ਦਾ ਹਮਲਾ ਹੈ, ਜਿਹੜਾ ਸਮਾਜ ਦੀ ਸੋਚ ਨੂੰ ਖੋਖਲਾ ਕਰਕੇ ਪਦਾਰਥਵਾਦ ਦਾ ਗੁਲਾਮ ਬਣਾ ਰਿਹਾ ਹੈ, ਸਮਾਜਿਕ ਵਰਤਾਰੇ ਦਾ ਹੀ ਮਨੁੱਖੀ ਸੋਚ ਤੇ ਪ੍ਰਭਾਵ ਪੈਂਦਾ ਹੈ ਅਤੇ ਉਸਦੇ ਆਲੇ-ਦੁਆਲੇ ਜੋ ਕੁਝ ਵਾਪਰ ਰਿਹਾ ਹੈ, ਉਹ ਉਸ ਦੀ ਰੀਸ ਕਰਨ ਦਾ ਯਤਨ ਵੀ ਕਰਦਾ ਹੈ, ਅੱਜ ਲੋੜ ਹੈ ਕਿ ਸਾਡੇ ਧਾਰਮਿਕ, ਸਿਆਸੀ ਆਗੂ, ਵਿਦਿਆ ਸ਼ਾਸਤਰੀ, ਸਮਾਜ ਸੇਵੀ ਲੋਕ ਅਤੇ ਅਰਥ ਸ਼ਾਸਤਰੀ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਬਾਰੇ ਵਿਚਾਰ-ਵਟਾਂਦਰਾ ਜ਼ਰੂਰ ਕਰਨ ਕਿ ਆਖ਼ਰ ਇਸ ਵਰਤਾਰੇ ਦਾ ਅੰਤ ਕੀ ਹੋਵੇਗਾ? ਮਨੁੱਖ ਨੂੰ ‘ਜਾਨਵਰ’ ਤੋਂ ਸਮਾਜਕ ਪ੍ਰਾਣੀ ਬਣਨ ਲਈ ਕਈ ਸਦੀਆਂ ਲੰਘ ਗਈਆਂ ਹਨ, ਪ੍ਰੰਤੂ ਮਨੁੱਖ ਦੀ ਜੰਗਲੀ ਜਾਨਵਰਾਂ ਵਾਲੀ ਪ੍ਰਵਿਰਤੀ ਉਸ ‘ਚੋਂ ਖ਼ਤਮ ਕਿਉਂ ਨਹੀਂ ਹੋ ਰਹੀ?
ਪੰਜਾਬ ਕਿਉਂਕਿ ਗੁਰੂਆਂ ਦੀ ਧਰਤੀ ਹੈ, ਇਸ ਲਈ ਇਸ ਨੂੰ ‘ਗੁਰਬਾਣੀ’ ਨਾਲ ਜੋੜੀ ਰੱਖਣਾ ਬੇਹੱਦ ਜ਼ਰੂਰੀ ਹੈ। ਆਪਣੇ ਮੂਲ ਤੋਂ ਟੁੱਟਣ ਵਾਲੇ ਆਖ਼ਰ ਖੇਹ ਖਰਾਬ ਹੋ ਕੇ ਮੁੱਕ ਹੀ ਜਾਂਦੇ ਹਨ। ਬੱਚੇ ਨੂੰ ਬਚਪਨ ਤੋਂ ਹੀ ਅਤੇ ਖ਼ਾਸ ਕਰਕੇ ਮੁੱਢਲੀ ਵਿਦਿਆ ਸਮੇਂ ਆਪਣੇ ਵਿਰਸੇ ਨਾਲ ਜੋੜੀ ਰੱਖਣ ਦੇ ਵਿਸ਼ੇਸ਼ ਉਪਰਾਲੇ ਬੇਹੱਦ ਜ਼ਰੂਰੀ ਹਨ। ਇਸ ਲਈ ਧਾਰਮਿਕ ਜਥੇਬੰਦੀਆਂ ਸਿੱਖੀ, ਵਿਰਸੇ ਦੀ ਜਾਗ ਲਾਉਣ ਲਈ ਯਤਨਸ਼ੀਲ ਹੋਣ, ਮਾਵਾਂ ਵੀ ਆਪਣੇ ਫਰਜ਼ ਦੀ ਪੂਰਤੀ ਕਰਨ, ਸਮਾਜਿਕ ਜਥੇਬੰਦੀਆਂ ਸਮਾਜਕ ਕਦਰਾਂ-ਕੀਮਤਾਂ ਦਾ ਪਾਠ ਪੜਾਉਣ ਲਈ ਅੱਗੇ ਆਉਣ, ਸਭਿਆਚਾਰਕ ਜਥੇਬੰਦੀਆਂ, ਸੱਭਿਆਚਾਰ ਦੀ ਆੜ ‘ਚ ਫੈਲਾਈ ਜਾ ਰਹੀ ਅਸ਼ਲੀਲਤਾ ਨੂੰ ਨੱਛ ਪਾਉਣ ਲਈ ਕਮਰਕੱਸੇ ਕਰ ਲੈਣ ਤਾਂ ਇਸ ‘ਐਨਤਿਕਤਾ’ ਦੀ ਵੱਗ ਰਹੀ ਹਨੇਰੀ ਨੂੰ ‘ਤੂਫ਼ਾਨ’ ਬਣਨ ਤੋਂ ਰੋਕਿਆ ਜਾ ਸਕਦਾ ਹੈ। ਨਹੀਂ ਤਾਂ ਗੁੰਮਰਾਹ ਹੋਈ ਨੌਜਵਾਨ ਪੀੜੀ ਜਿਸ ਤਬਾਹੀ ਦੇ ਰਾਹ ਤੁਰ ਪਈ ਹੈ। ਉਸ ਨਾਲ ਅਧਿਆਤਮਕ ਰੋਸ਼ਨੀ ਵਿਖਾਉਣ ਵਾਲੀ ਇਹ ਧਰਤੀ ‘ਅਨੈਤਿਕਤਾ’ ਦੀ ਭੇਂਟ ਚੜ ਜਾਵੇਗੀ। ਚੰਗਾ ਹੋਵੇ ਜੇ ਸਾਰੀਆਂ ਜੁੰਮੇਵਾਰ ਧਿਰਾਂ ਸਮਾਂ ਰਹਿੰਦੇ ਜਾਗ ਪੈਣ।