ਪੀਟੀਆਈ, ਦੁਬਈ : ਮੱਧਕ੍ਰਮ ਦੇ ਹਮਲਾਵਰ ਬੱਲੇਬਾਜ਼ ਸੂਰਿਆਕੁਮਾਰ ਯਾਦਵ ਨੂੰ ਆਈਸੀਸੀ ਦੀ ਸਾਲ ਦੀ ਸਰਬੋਤਮ ਪੁਰਸ਼ ਟੀ-20 ਕੌਮਾਂਤਰੀ ਟੀਮ ਦਾ ਕਪਤਾਨ ਚੁਣਿਆ ਗਿਆ ਹੈ ਜਿਸ ਵਿਚ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ, ਸਪਿੰਨਰ ਰਵੀ ਬਿਸ਼ਨੋਈ ਤੇ ਖੱਬੇ ਹੱਥੇ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੇ ਰੂਪ ਵਿਚ ਤਿੰਨ ਹੋਰ ਭਾਰਤੀਆਂ ਨੂੰ ਜਗ੍ਹਾ ਮਿਲੀ ਹੈ। ਆਈਸੀਸੀ ਦੀ ਸਾਲ ਦੀ ਸਰਬੋਤਮ ਟੀਮ ਵਿਚ 11 ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਸਾਲ ਭਰ ਵਿਚ ਆਪਣੇ ਬੱਲੇ, ਗੇਂਦ ਜਾਂ ਆਲਰਾਊਂਡਰ ਪ੍ਰਦਰਸ਼ਨ ਨਾਲ ਪ੍ਰਭਾਵਿਤ ਕੀਤਾ ਹੈ। ਸੂਰਿਆਕੁਮਾਰ ਨੂੰ ਲਗਾਤਾਰ ਦੂਜੇ ਸਾਲ ਟੀਮ ਵਿਚ ਜਗ੍ਹਾ ਮਿਲੀ ਹੈ। ਉਹ ਆਈਸੀਸੀ ਦੇ ਸਾਲ ਦੇ ਸਰਬੋਤਮ ਟੀ-20 ਕੌਮਾਂਤਰੀ ਪੁਰਸ਼ ਖਿਡਾਰੀ ਦੇ ਪੁਰਸਕਾਰ ਦੀ ਦੌੜ ਵਿਚ ਵੀ ਸ਼ਾਮਲ ਹੈ। ਮੁੰਬਈ ਦੇ ਇਸ ਬੱਲੇਬਾਜ਼ ਨੇ 2023 ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸ੍ਰੀਲੰਕਾ ਦੇ ਵਿਰੁੱਧ ਸੱਤ ਦੌੜਾਂ ਦੇ ਨਾਲ ਸਾਲ ਦੀ ਸ਼ੁਰੂਆਤ ਕਰਨ ਵਾਲੇ ਸੂਰਿਆਕੁਮਾਰ ਨੇ ਅਗਲੇ ਦੋ ਮੈਚਾਂ ਵਿਚ 36 ਗੇਂਦਾਂ ਵਿਚ 51 ਤੇ 51 ਗੇਂਦਾਂ ਵਿਚ ਅਜੇਤੂ 112 ਦੌੜਾਂ ਬਣਾਈਆਂ ਸੀ। ਉਸ ਨੇ ਪ੍ਰੋਵੀਡੈਂਸ ਵਿਚ ਵੈਸਟਇੰਡੀਜ਼ ਦੇ ਵਿਰੁੱਧ 44 ਗੇਂਦਾਂ ਵਿਚ 83 ਦੌੜਾਂ ਦੀ ਪਾਰੀ ਵੀ ਖੇਡੀ ਤੇ ਫਿਰ ਫਲੋਰੀਡਾ ਵਿਚ 45 ਗੇਂਦਾਂ ਵਿਚ 61 ਦੌੜਾਂ ਬਣਾਈਆਂ। ਸਾਲ ਦੇ ਅੰਤ ਵਿਚ ਰੋਹਿਤ ਸ਼ਰਮਾ ਦੇ ਬ੍ਰੇਕ ਲੈਣ ਦੇ ਕਾਰਨ ਸੂਰਿਆਕੁਮਾਰ ਨੂੰ ਭਾਰਤੀ ਟੀਮ ਦੀ ਅਗਵਾਈ ਕਰਨ ਦਾ ਮੌਕਾ ਵੀ ਮਿਲਿਆ। ਉਸ ਨੇ ਆਸਟ੍ਰੇਲੀਆ ਤੇ ਦੱਖਣੀ ਅਫਰੀਕਾ ਦੇ ਵਿਰੁੱਧ ਅਰਧ ਸੈਂਕੜਾ ਜੜੇ। ਉਸ ਨੇ ਸਾਲ ਦੇ ਅੰਤ ਜੋਹਾਨਸਬਰਗ ਵਿਚ ਦੱਖਣੀ ਅਫਰੀਕਾ ਦੇ ਵਿਰੁੱਧ 56 ਗੇਂਦਾਂ ਵਿਚ 100 ਦੌੜਾਂ ਦੀ ਪਾਰੀ ਖੇਡ ਕੇ ਕੀਤਾ। ਭਾਰਤੀ ਚੌਕੜੀ ਦੇ ਇਲਾਵਾ 11 ਮੈਂਬਰੀ ਟੀਮ ਵਿਚ ਇੰਗਲੈਂਡ ਦੇ ਫਿਲ ਸਾਲਟ ਨੂੰ ਜਾਇਸਵਾਲ ਦੇ ਸਲਾਮੀ ਜੋੜੀਦਾਰ ਦੇ ਰੂਪ ਵਿਚ ਚੁਣਿਆ ਗਿਆ ਹੈ। ਵੈਸਟਇੰਡੀਜ਼ ਦੇ ਨਿਕੋਲਸ ਪੂਰਨ ਟੀਮ ਦਾ ਵਿਕਟਕੀਪਰ ਹੋਵੇਗਾ। ਨਿਊਜ਼ੀਲੈਂਡ ਦੇ ਮਾਰਕ ਚੈਪਮੈਨ, ਜ਼ਿੰਬਾਬਵੇ ਦਾ ਸਿਕੰਦਰ ਰਜ਼ਾ, ਯੁਗਾਂਡਾ ਦਾ ਅਲਪੇਸ਼ ਰਾਮਜਾਨੀ, ਆਇਰਲੈਂਡ ਦੇ ਮਾਰਕ ਐਡੇਅਰ ਤੇ ਜ਼ਿੰਬਾਬਵੇ ਦੇ ਰਿਚਰਡ ਨਗਾਰਵਾ ਨੂੰ ਵੀ ਟੀਮ ਵਿਚ ਜਗ੍ਹਾ ਮਿਲੀ ਹੈ। ਔਰਤਾਂ ਵਿਚ ਆਫ ਸਪਿੰਨਰ ਦੀਪਤੀ ਸ਼ਰਮਾ 11 ਮੈਂਬਰੀ ਟੀਮ ਵਿਚ ਜਗ੍ਹਾ ਬਣਾਉਣ ਵਾਲੀ ਇਕੋ ਇਕ ਭਾਰਤੀ ਹੈ। ਟੀਮ ਦੀ ਅਗਵਾਈ ਸ੍ਰੀਲੰਕਾਂ ਦੀ ਚਾਮਰੀ ਅਟਾਪਟੂ ਕਰੇਗੀ।