-: ਡਾ. ਹਰਜਿੰਦਰ ਸਿੰਘ ਦਿਲਗੀਰ
ਦੋਸਤੋ, ਸੱਜਣੋ, ਪਿਆਰਿਓ, ਮੈਂ ਆਪਣਾ ਚਾਰ ਦਹਾਕੇ ਤੋਂ ਵਧ ਸਮਾਂ ਤਵਾਰੀਖ਼ ਦੀ ਖੋਜ ਦੇ ਨਾਂ ਲਾਇਆ ਹੈ। ਮੈਂ ਆਪਣੀ ਕਲਮ ਨਾਲ ਜੋ ਕਰ ਸਕਦਾ ਸੀ ਕਰਨ ਦੀ ਕੋਸ਼ਿਸ਼ ਕੀਤੀ। ਤੁਸੀਂ ਵੀ ਮੈਂ ਰੱਜ ਕੇ ਪਿਆਰ ਦਿੱਤਾ। ਮੈਨੂੰ ਮਾਣ ਹੈ ਕਿ ਮੇਰੇ ਸੱਜਣਾਂ ਅਤੇ ਸੰਜੀਦਾ ਪਾਠਕਾਂ ਨੇ ਮੈਨੂੰ ਉਹ ਕੁਝ ਦਿੱਤਾ, ਜੋ ਕਦੇ ਪਾਠਕਾਂ ਨੇ ਸ਼ਾਇਦ ਗਿਆਨੀ ਦਿੱਤ ਸਿੰਘ ਨੂੰ ਵੀ ਨਹੀਂ ਦਿੱਤਾ ਸੀ। ਮੈਂ ਤੁਹਾਡੇ ਪਿਆਰ ਦਾ ਸ਼ੁਕਰਗੁਜ਼ਾਰ ਅਤੇ ਕਰਜ਼ਦਾਰ ਹਾਂ।
ਮੈਂ 50 ਤੋਂ ਵਧ ਕਿਤਾਬਾਂ, ਸੈਂਕੜੇ ਲੇਖ ਤੇ ਸੈਂਕੜੇ ਵੀਡੀਓ ਤਵਾਰੀਖ਼ ਅਤੇ ਫ਼ਲਸਫ਼ੇ ਦੇ ਖ਼ਜ਼ਾਨੇ ਵਿਚ ਸ਼ਾਮਿਲ ਕੀਤੀਆਂ ਹਨ। ਇਸ ਸਭ ਤੋਂ ਮੈਨੂੰ ਤੱਸੱਲੀ ਹੋ ਰਹੀ ਹੈ ਕਿ ਮੈਂ ਦੁਨੀਆਂ ‘ਤੇ ਐਵੇਂ ਨਹੀਂ ਆਇਆ ਸੀ! ਅੱਜ ਦੁਨੀਆਂ ਭਰ ਵਿਚ ਸਭ ਤੋਂ ਵਧ ਪੜ੍ਹਿਆ ਜਾਣ ਵਾਲਾ ਸਿੱਖ ਲੇਖਕ ਹੋਣ ਦਾ ਮੈਨੂੰ ਸ਼ਰਫ਼ ਹਾਸਿਲ ਹੈ। ਅੱਧੇ ਤੋਂ ਵਧ ਕਥਾਕਾਰ ਮੇਰੀਆਂ ਕਿਤਾਬਾਂ ਵਿਚੋਂ ਪੜ੍ਹ ਕੇ ਕਥਾ ਤੇ ਲੈਕਚਰ ਕਰਦੇ ਹਨ। ਕੁਝ ਮੇਰੇ ਨਾਂ ਦਾ ਹਵਾਲਾ ਦੇ ਦੇਂਦੇ ਹਨ (ਉਨ੍ਹਾਂ ਦਾ ਸ਼ੁਕਰੀਆ) ਤੇ ਕੁਝ ਸਾਹਿਤਕ ਚੋਰਾਂ ਵਾਂਙ ਆਪਣਾ ਨਾਂ ਵਰਤ ਲੈਂਦੇ ਹਨ (ਉਨ੍ਹਾਂ ਦਾ ਵੀ ਸ਼ੁਕਰੀਆ ਕਿ ਉਹ ਮੈਨੂੰ ਕਬੂਲ ਤਾਂ ਕਰਦੇ ਹਨ)।
ਹੁਣ ਮੈਂ ਮਨ ਬਣਾਇਆ ਹੈ ਕਿ ਆਪਣੇ ਜਨਮ ਦਿਨ 22 ਅਕਤੂਬਰ 2017 ਤੋਂ ਬਾਅਦ ਮੈਂ ਇਸ ਕਲਮ ਨੂੰ ਰਿਟਾਇਰਮੈਂਟ ਦੇ ਦੇਵਾਂ। ਮੈਂ ਮਨ ਬਣਾਇਆ ਹੈ ਕਿ ਉਸ ਦਿਨ ਤੋਂ ਮਗਰੋਂ ਕਿਸੇ ਅਖ਼ਬਾਰ, ਰਿਸਾਲੇ ਜਾਂ ਸੋਸ਼ਲ ਮੀਡੀਆ (ਸਣੇ ਫ਼ੇਸਬੁਕ) ਕੋਈ ਲੇਖ ਜਾਂ ਟਿੱਪਣੀ ਨਹੀਂ ਦੇਣੀ; ਕੋਈ ਬਿਆਨ ਨਹੀਂ ਦੇਣਾ। ਹਾਂ ਇਕ ਅੱਧਾ ਸਾਲ ਸ਼ਾਇਦ ਇਕ ਅੱਧ ਸੈਮੀਨਾਰ ਵਿਚ ਜ਼ਰੂਰ ਸ਼ਾਮਿਲ ਹੋਵਾਂਗਾ ਕਿਉਂਕਿ ਉਥੇ ਦੋਸਤਾਂ ਨੂੰ ਮਿਲਣ ਤੇ ਉਨ੍ਹਾਂ ਨੂੰ ਸੁਣਨ ਦਾ ਮੌਕਾ ਮਿਲ ਜਾਂਦਾ ਹੈ।
ਇਕ ਗੱਲ ਸਪਸ਼ਟ ਕਰਨੀ ਚਾਹਵਾਂਗਾ ਕਿ ਮੈਂ ਇਹ ਫ਼ੈਸਲਾ ਕਿਸੇ ਤੋਂ ਡਰ ਕੇ ਨਹੀਂ ਕਰ ਰਿਹਾ। ਮੈਂ ਕਿਸੇ ਸਰਕਾਰ ਜਾਂ ਕਿਸੇ ਗੁੰਡੇ ਜਾਂ ਕਿਸੇ ਹਾਲਾਤ ਤੋਂ ਡਰਦਾ ਨਹੀਂ। ਰਹਿੰਦੀ ਦੁਨੀਆਂ ਤਕ ਮੇਰੀਆਂ ਲਿਖਤਾਂ ਇਸ ਗੱਲ ਦੀ ਗਵਾਹੀ ਦੇਣਗੀਆਂ ਕਿ ਡਾ. ਹਰਜਿੰਦਰ ਸਿੰਘ ਦਿਲਗੀਰ ਦੀ ਕਲਮ ਰੱਬ ਤੋਂ ਸਿਵਾ ਕਿਸੇ ਦਾ ਵੀ ਭਉ ਨਹੀਂ ਰਖਦੀ ਸੀ। ਦਰਅਸਲ ਮੇਰਾ ਮਨ ਕਹਿੰਦਾ ਹੈ ਕਿ ਹੁਣ ਆਰਾਮ ਕਰਨਾ ਚਾਹੀਦਾ ਹੈ। ਮੇਰੀ ਜੀਵਨੀ ਤਿਆਰ ਹੈ ਤੇ ਇਸ ਜ਼ਰੂਰ ਛਾਪਾਂਗਾ।
ਮੈਂ ਆਪਣੀ ਆਖ਼ਰੀ ਖੋਜ ਰਚਨਾ ‘ਮਹਾਨ ਕੋਸ਼’ ਦੀ ਪਹਿਲੀ ਜਿਲਦ (ੳ ਤੋਂ ਸ ਤਕ) ਨਵੰਬਰ 2017 ਤਕ ਰਲੀਜ਼ ਕਰਨੀ ਚਾਹਵਾਂਗਾ। ਮੇਰੀ ਖ਼ਾਹਿਸ਼ ਹੈ ਕਿ ਆਪਣੇ ‘ਮਹਾਨ ਕੋਸ਼’ ਦੇ ਕਾਰਜ ਦੀ ਬਾਕੀ ਸੇਵਾ ਆਪਣੇ ਨਿੱਕੇ ਵੀਰ ਸ. ਹਰਜਿੰਦਰ ਸਿੰਘ ਘਰਸਾਣਾ ਨੂੰ ਸੌਂਪ ਦੇਵਾਂ। ਉਹ ਇਹ ਸੇਵਾ ਕਰਨ ਦੀ ਪੂਰੀ ਸਮਰਥਾ ਰਖਦਾ ਹੈ। ਮੈਨੂੰ ਉਸ ਦੇ ਗਿਆਨ, ਸੂਝ ਅਤੇ ਲਗਨ ‘ਤੇ ਮਾਣ ਹੈ। ਹਾਂ ਅਫ਼ਸੋਸ ਰਹੇਗਾ ਕਿ ਤਵਾਰੀਖ਼ ‘ਤੇ ਕੰਮ ਕਰਨ ਵਾਲਾ ਕੋਈ ਨਹੀਂ ਮਿਲਿਆ। ਮੇਰੀ ਖ਼ਾਹਿਸ਼ ਸੀ ਕਿ ਮੈਂ ਤਵਾਰੀਖ਼ ਦੀ ਖੋਜ ਵਿਚ ਸੇਵਾ ਕਰਨ ਵਾਸਤੇ ਮੈਨੂੰ ਕੋਈ ਜਾਂਨਸ਼ੀਨ ਮਿਲ ਜਾਂਦਾ। ਪਰ, ਜੋ ਭਾਵੇ ਕਰਤਾਰ!ਇਕ ਵਾਰ ਫੇਰ ਤੁਹਾਡੀ ਮੁਹੱਬਤ ਦਾ ਸ਼ੁਕਰੀਆ।