‘ਘਰ ਵਿਚ ਚਾਰ ਪੁੱਤ ਤੇ ਚਾਰ ਨੂੰਹਾਂ ਹੁੰਦੇ ਹੋਏ ਵੀ ਮੇਰੇ ਹੱਥੋਂ ਚੁੱਲ੍ਹੇ ਚੌਂਕੇ ਦਾ ਕੰਮ ਨਾ ਛੁੱਟਿਆ। ਸੋਚਿਆ ਕਰਦੀ ਸੀ ਚਾਰ ਪੁੱਤਾਂ ਦੀ ਮਾਂ ਹਾਂ, ਜਦੋਂ ਨੂੰਹਾਂ ਆ ਗਈਆਂ ਤਾਂ ਪਲੰਘ ‘ਤੇ ਬੈਠੀ ਆਡਰ ਮਾਰਿਆ ਕਰੂੰ ਪਰ ਚੰਦਰੇ ਲੇਖਾਂ ਦਾ ਕੀ ਪਤਾ ਸੀ, ਜਦ ਲੱਤਾਂ ਮੜ੍ਹੀਆਂ ‘ਚ ਹੋਣਗੀਆਂ, ਉਦੋਂ ਵੀ ਹੱਥ ਚੁੱਲ੍ਹੇ ਚੌਂਕੇ ‘ਚ ਫ਼ਸਿਆ ਰਹੂ, ਸੁਣਦੇ ਓਂ, ਭਿੰਦਰ ਦੇ ਬਾਪੂ?’
‘ਹਾਂ-ਹਾਂ, ਸਭ ਸੁਣ ਰਿਹਾਂ’, ਰੋਟੀ ਪਕਾਉਂਦੀ ਬੇਬੇ ਬਿਸ਼ਨੀ ਦੇ ਸਵਾਲ ਦਾ ਜਵਾਬ ਕਰਤਾਰ ਸਿੰਘ ਨੇ ਦਿੱਤਾ।
‘ਫ਼ੇਰ ਹਾਂ-ਹੂੰ ਕਿਉਂ ਨੀ ਕਹਿੰਦੇ’, ਉਹ ਫ਼ੇਰ ਬੋਲੀ।
‘ਕੀ ਕਹਾਂ ਬਿਸ਼ਨੀ, ਮੈਂ ਤਾਂ ਐਨਾ ਕੁ ਜਾਣਦਾਂ ਕਿ ਜੇ ਤੂੰ ਮੇਰੀ ਮਾਂ ਨੂੰ ਪਲੰਘ ‘ਤੇ ਰੋਟੀ ਦੇਣ ਦੀ ਰੀਤ ਤੋਰੀ ਹੁੰਦੀ ਤਾਂ ਅੱਜ ਸ਼ਾਇਦ ਸਾਨੂੰ ਵੀ ਪਲੰਘੀਂ ਬੈਠਿਆਂ ਨੂੰ ਰੋਟੀ ਦਾ ਟੁੱਕ ਮਿਲ ਜਾਇਆ ਕਰਦਾ, ਪਰ ਜੋ ਤੂੰ ਬੀਜਿਆ ਹੁਣ ਵੱਢਣਾ ਤਾਂ ਉਹੀ ਪੈਣਾ’, ਬਾਪੂ ਕਰਤਾਰ ਸਿੰਘ ਦਾ ਜਵਾਬ ਸੁਣ ਕੇ ਬੇਬੇ ਬਿਸ਼ਨੀ ਡੌਰ-ਭੌਰ ਹੋ ਗਈ।
-ਪ੍ਰਵੀਨ ਚੌਧਰੀ