ਲੁਧਿਆਣਾ: ਪੰਜਾਬ ‘ਚ ਬੀਤੇ 10 ਦਿਨਾਂ ਤੋਂ ਨਸ਼ਿਆਂ ਕਰਕੇ ਧੜਾ-ਧੜ ਮੌਤਾਂ ਹੋਣਾ, ਮੋਏ ਮੁੰਡਿਆਂ ਦੀਆਂ ਮਾਵਾਂ ਦੇ ਕੀਰਨਿਆਂ ਦੇ ਦ੍ਰਿਸ਼ਾਂ ਦਾ ਮੱਕੜਜਾਲ ‘ਤੇ ਫੈਲਣਾ, ਇਕ ਮੁਟਿਆਰ ਵਲੋਂ ਇਕ ਡੀ.ਐਸ.ਪੀ ਉਤੇ ਉਹਨੂੰ ਨਸ਼ੇ ਦੀ ਦਲਦਲ ਵਿਚ ਸੁੱਟਣ ਦਾ ਸ਼ਰੇਆਮ ਦੋਸ਼ ਲਾਉਣਾ, ਤੇ ਉਹਤੋਂ ਬਾਅਦ ਮੱਕੜ ਜਾਲ ‘ਤੇ ਲੋਕਾਂ ਦਾ ਕੈਪਟਨ ਅਮਰਿੰਦਰ ਸਿੰਘ ਖਿਲਾਫ ਗੁਸੇ ਦਾ ਤੁਫਾਨ ਖੜਾ ਹੋਣਾ, ਤੇ ਉਹਦੇ ਵਲੋਂ ਗੁਟਕਾ ਸਾਹਿਬ ਦੀ ਸਹੁੰ ਖਾਣ ਬਾਰੇ ਚਰਚਾ ਦਾ ਵਰਤਾਰਾ ਇੰਨੀ ਤੇਜ਼ੀ ਨਾਲ ਵਾਪਰਿਆ ਕਿ ਪਿੰਡਾਂ ਦੇ ਨੌਜੁਆਨਾਂ ਵਲੋਂ ਨਸ਼ਾ ਵੇਚਣ ਵਾਲਿਆਂ ਦਾ ਥਾਂ ਪੁਰ ਥਾਂ, ਪਿੰਡ ਦਰ ਪਿੰਡ ਕੁਟਾਪਾ ਚਾੜਨ ਦੇ ਵਾਕੇ ਸਾਹਮਣੇ ਆਉਣ ਲੱਗੇ।
ਜਦੋਂ ਇਨ੍ਹਾਂ ਘਟਨਾਵਾਂ ਦੇ ਦ੍ਰਿਸ਼ ਮੱਕੜਜਾਲ ‘ਤੇ ਫੈਲੇ ਤਾਂ ਇਨ੍ਹਾਂ ਦੇ ਹੱਲ ਵਿੱਚ ਟਿੱਪਣੀਆਂ ਦਾ ਹੜ੍ਹ ਆ ਗਿਆ। ਨਾਲ ਦੀ ਨਾਲ ਇਕ ਸਮਾਜਿਕ ਕਾਰਕੁਨ ਅਤੇ ਪਤਰਕਾਰ ਨੇ ਮੁਖਮੰਤਰੀ ਨੂੰ ਇਕ ਦਰਦ ਭਰੀ ਚਿਠੀ ਲਿਖੀ ਤੇ ਤਿੰਨ ਚਾਰ ਹੋਰ ਸਮਾਜਿਕ ਕਾਰਕੁਨਾਂ ਨਾਲ ਰਲਕੇ’ਮਰੋ ਜਾਂ ਵਿਰੋਧ ਕਰੋ’ ਦੇ ਨਾਅਰੇ ਹੇਠ ‘ਚਿੱਟੇ ਵਿਰੁੱਧ ਕਾਲੇ ਹਫਤੇ’ਦਾ ਸੱਦਾ ਦੇ ਦਿੱਤਾ। ਜਦੋਂ ਇਹ ਮੁਹਿੰਮ ਦੇ ਪ੍ਰਤੀਕ ਵੱਜੋਂ ਇਕ ਤਸਵੀਰ ਜਾਰੀ ਕੀਤੀ ਗਈ ਤਾਂ ਕੁਝ ਹੀ ਘੰਟਿਆਂ ਵਿਚ ਇਹ ਮੱਕੜਜਾਲ ‘ਤੇ ਹਰ ਪਾਸੇ ਨਜ਼ਰ ਆਉਣ ਲੱਗੀ। ਬਿਨਾਂ ਕਿਸੇ ਜਥੇਬੰਦਕ ਢਾਂਚੇ ਤੋਂ ਲੋਕਾਂ ਨੇ ਥਾਂ ਪੁਰ ਥਾਂ ਆਪ ਮੁਹਾਰੇ ਸੜਕਾਂ ਤੇ ਨਿਕਲ ਕੇ ਇਸ ਰੋਸ ਹਫਤੇ ਨੂੰ ਆਪਣੀ ਹਮਾਇਤ ਦਿੱਤੀ। ਆਖਿਰ ਨੂੰ ਸਰਕਾਰ ਹਿਲਜੁਲ ਕਰਦੀ ਹੈ ਅਤੇ ਪੰਜਾਬ ਵਜਾਰਤ ਦੀ ਹੰਗਾਮੀ ਅਤੇ ਲੰਮੀ ਮੀਟਿੰਗ ਹੁੰਦੀ ਹੈ। ਇਸ ‘ਚ ਬਹੁਤੇ ਵਜੀਰ ਮੁਖ ਮੰਤਰੀ ਦੀ ਨਸ਼ਿਆਂ ਬਾਬਤ ਚੁੱਪ ਨੂੰ ਸਿਧੇ ਅਤੇ ਅਸਿਧੇ ਢੰਗ ਨਾਲ ਕੋਸਦੇ ਨੇ।
ਮੁੱਖ ਮੰਤਰੀ ਇਕ ਡੀ.ਐਸ.ਪੀ ਨੂੰ ਬਰਖਾਸਤ ਅਤੇ ਇਕ ਐਸ. ਐਸ. ਪੀ ਦੀ ਬਦਲੀ ਕਰਕੇ ਗੋਗਲੂਆਂ ਤੋਂ ਮਿਟੀ ਝਾੜਦੇ ਨੇ। ਪਰ ਲੋਕ ਵਿਰੋਧ ਸ਼ਾਂਤ ਨਹੀਂ ਹੁੰਦਾ। ਵਜ਼ਾਰਤੀ ਮੀਟਿੰਗ ਤੋਂ ਅਗਲੇ ਦਿਨ ਮੁਖ ਮੰਤਰੀ ਕਾਲੇ ਹਫਤੇ ਦਾ ਸੱਦਾ ਦੇਣ ਵਾਲੇ 4 ਸਮਾਜਿਕ ਕਾਰਕੁਨਾਂ ਅਤੇ ਆਮ ਆਦਮੀ ਪਾਰਟੀ ਨੂੰ ਨਸ਼ਿਆਂ ਦੇ ਮੁਦੇ ‘ਤੇ ਗੱਲਬਾਤ ਦਾ ਸੱਦਾ ਦਿੰਦੇ ਨੇ ਤੇ ਗੱਲ ਸੁਣਦੇ ਨੇ। ਦੋਵੇਂ ਵਫਦ ਮੁੱਖ ਮੰਤਰੀ ਨੂੰ ਖਰੀਆਂ ਖਰੀਆਂ ਸੁਣਾਉਂਦੇ ਨੇ।
ਆਪ ਦੇ ਵਫਦ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਮੁੱਖ ਮੰਤਰੀ ਵਲੋਂ ਖੁਦ ਬਣਾਈ ਹਰਪ੍ਰੀਤ ਸਿੰਘ ਸਿੱਧੂ ਵਾਲੀ ਟੀਮ ਵਲੋਂ ਦਿੱਤੇ ਲੇਖੇ (ਰਿਪੋਰਟ)’ਤੇ ਕਾਰਵਾਈ ਕੀਤੀ ਜਾਵੇ ਪਰ ਮੁੱਖ ਮੰਤਰੀ ਨੇ ਸਾਫ ਇਨਕਾਰ ਕਰਕੇ ਇਹ ਸਪਸ਼ਟ ਕਰ ਦਿੱਤਾ ਕਿਉਂਕਿ ਇਸ ਮਾਮਲੇ ਵਿਚ ਉਹ ਕਿਸੇ ਹੱਦ ਤੋਂ ਅਗਾਂਹ ਕਦਮ ਨਹੀਂ ਰੱਖਣਾ ਚਾਹੁੰਦੇ।
ਪਰ ਉਸੇ ਰਾਤ ਮੁੱਖ ਮੰਤਰੀ ਆਪ ਦਾ ਸਿਰਫ ਡੇਢ ਮਿੰਟ ਦਾ ਵੀਡੀਓ ਬਿਆਨ ਜਾਰੀ ਕਰਦੇ ਹਨ ਜਿਸ ਵਿਚ ਨਸ਼ਾ ਵੇਚਣ ਵਾਲਿਆਂ ਨੂੰ ਆਖਰੀ ਚਿਤਾਵਨੀ ਦੇ ਕੇ ਪੂਰੀ ਸਖਤੀ ਕਰਨ ਦਾ ਐਲਾਨ ਕਰਦੇ ਹਨ।
ਪਰ ਲੋਕਾਂ ਵਲੋਂ ਮੁੱਖ ਮੰਤਰੀ ਦੀ ਇਸ ਚਿਤਾਵਨੀ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਹਾਂ ਕਾਂਗਰਸੀ ਲੀਡਰਾਂ ਅਤੇ ਵਰਕਰਾਂ ਕੋਲ ਲੋਕਾਂ ਮੂਹਰੇ ਸਰਕਾਰ ਦੀ ਸਫਾਈ ਦੇਣ ਲਈ ਇਕ ਵਕਤੀ ਬਹਾਨਾ ਜਰੂਰ ਥਿਆ ਗਿਆ ਹੈ। ਨਹੀਂ ਤਾਂ ਹੁਣ ਤੱਕ ਕਾਂਗਰਸੀ ਵਿਚਾਰੇ ਨਸ਼ਈ ਨੌਜਵਾਨਾਂ ਦਾ ਨਸ਼ਾ ਛਡਾਉਣ ਦੇ ਸਰਕਾਰ ਵਲੋਂ ਖੋਲੇ ਗਏ ਨਸ਼ਾ ਛਡਾਊ ਕੇਂਦਰਾਂ ਦਾ ਹਵਾਲਾ ਦੇ ਕੇ ਹੀ ਆਪਣਾ ਬਚਾਅ ਕਰ ਰਹੇ ਸਨ।
ਦੂਜੇ ਪਾਸੇ ਪੰਜਾਬ ਦੀ ਪ੍ਰਮੁੱਖ ਸਿਆਸੀ ਧਿਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਇਸ ਮਾਮਲੇ ‘ਤੇ ਚੁੱਪ ਸੀ। ਇਸ ਤੋਂ ਪਹਿਲਾਂ ਰੇਤ ਮਾਫੀਆ ਬਾਬਤ ਸੁਖਪਾਲ ਸਿੰਘ ਖਹਿਰਾ ਤੇ ਸਿਮਰਜੀਤ ਸਿੰਘ ਬੈਂਸ ਨੇ ਜਿਹੜਾ ਮੋਰਚਾ ਖੋਲਿਆ ਸੀ ਉਥੇ ਬਾਦਲ ਦਲ ਦਾ ਚੁਪ ਰਹਿ ਕੇ ਸਰ ਗਿਆ ਪਰ ਨਸ਼ਿਆਂ ਵਿਰੁੱਧ ਆਏ ਲੋਕ ਉਭਾਰ ਮੂਹਰੇ ਚੁਪ ਰਹਿਣਾ ਔਖਾ ਹੋ ਗਿਆ। ਪਰ ਬਾਦਲ ਦਲ ਵਾਸਤੇ ਜਿੰਨਾ ਚੁੱਪ ਰਹਿਣਾ ਔਖਾ ਸੀ ਉਹ ਤੋਂ ਵੱਧ ਬੋਲਣਾ ਔਖਾ ਸੀ, ਜੇ ਬੋਲਣ ਤਾਂ ਕੀ ਬੋਲਣ? ਮਤਲਬ ਇਹ ਕਹਿਣਾ ਵੀ ਔਖਾ ਸੀ ਕਿ ਕੈਪਟਨ ਸਹੁੰ ਖਾਣ ਦੇ ਬਾਵਜੂਦ ਵੀ ਨਸ਼ਾ ਬੰਦ ਕਿਉਂ ਨਹੀ ਕਰਦਾ। ਇਹ ਦੇ ਨਾਲ ਇਹ ਇਕਬਾਲ ਹੁੰਦਾ ਸੀ ਕਿ ਪਹਿਲਾਂ ਨਸ਼ੇ ਸੀਗੇ ਕਿਉਂਕਿ ਬਾਦਲ ਦਲੀਏ ਆਪ ਦੇ ਰਾਜ ਦੌਰਾਨ ਹਮੇਸ਼ਾ ਹੀ ਨਸ਼ਿਆਂ ਦੀ ਗੰਭੀਰਤਾ ਨੂੰ ਨਕਾਰਦਾ ਰਹੇ ਸੀ।
ਇਹਨਾਂ ਦੇ ਪਸੰਦੀਦਾ ਟੀ.ਵੀ.ਚੈਨਲ ਨੇ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਅਤੇ ਇਹਨਾਂ ਖਿਲਾਫ ਰੋਸ ਮੁਜ਼ਾਹਰਿਆਂ ਦੀਆਂ ਖ਼ਬਰਾਂ ਨੂੰ ਪ੍ਰਮੁੱਖ ਸੁਰਖੀਆਂ ਬਣਾ ਕੇ ਉਭਾਰਿਆ। ਇਹਦੇ ਨਾਲ ਇਹ ਅਸਰ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਨਸ਼ਿਆਂ ਦਾ ਵੇਗ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਵਧ ਗਿਆ ਹੈ। ਅਖੀਰ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਹ ਕਹਿੰਦਿਆਂ ਚੁੱਪ ਤੋੜੀ ਕਿ ਨਸ਼ਿਆਂ ਦੇ ਖਿਲਾਫ ਸਾਂਝੇ ਯਤਨਾਂ ਦੀ ਲੋੜ ਹੈ। ਇਹਦਾ ਮਤਲਬ ਇਹ ਹੋਇਆ ਕਿ ਉਹ ਇਸ ਮੁੱਦੇ ‘ਤੇ ਕੈਪਟਨ ਅਮਰਿੰਦਰ ਸਿੰਘ ਦੀ ਅਲੋਚਨਾ ਨਹੀਂ ਕਰਨਾ ਚਾਹੁੰਦੇ। ਇਸ ਤੋਂ ਬਾਅਦ ਬਾਦਲ ਦਲ ਦੇ ਹਲਕਾ ਪੱਧਰ ਦੇ ਮੁਖੀਆਂ ਦੇ ਇਹੋ ਜਹੇ ਬਿਆਨ ਆਉਣੇ ਸ਼ੁਰੂ ਹੋ ਗਏ ਕਿ ਇਸ ਮਾਮਲੇ ਤੇ ਕਿਸੇ ਸਿਆਸੀ ਧਿਰ ਨੂੰ ਦੋਸ਼ੀ ਕਰਾਰ ਨਾ ਦਿੱਤਾ ਜਾਵੇ।
ਬਾਦਲਕਿਆਂ ਵਲੋਂ ਨਸ਼ਿਆਂ ਦੀ ਸਮੱਸਿਆ ਨੂੰ ਸਮਾਜਿਕ ਸਮੱਸਿਆ ਕਰਾਰ ਦੇਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਇਹਨਾਂ ਵੱਲੋਂ ਹਲਕਾ ਪੱਧਰ ‘ਤੇ ਵਿਸ਼ੇਸ਼ ਸਰਗਰਮੀਆਂ ਕਰਕੇ ਲੋਕਾਂ ਨੂੰ ਆਪਦੀ ਰਾਇ ਨਾਲ ਸਹਿਮਤ ਕਰਨ ਦੀਆਂ ਮਸ਼ਕਾਂ ਵੀ ਸ਼ੁਰੂ ਹੋ ਗਈਆਂ ਹਨ ਪਰ ਇਹ ਸਮਾਂ ਹੀ ਦੱਸੇਗਾ ਕਿ ਲੋਕ ਬਾਦਲਕਿਆਂ ਦੀ ਇਸ ਰਾਇ ਨਾਲ ਕਿੰਨਾਂ ਕੁ ਸਹਿਮਤ ਹੁੰਦੇ ਹਨ ਕਿ ਇਸ ਨਸ਼ਿਆਂ ਦੇ ਮਾਮਲੇ ਵਿੱਚ ਕਿਸੇ ਸਿਆਸੀ ਧਿਰ ਨੂੰ ਨਾ ਕੋਸਿਆ ਜਾਵੇ। ਦੂਜੇ ਪਾਸੇ ਕਾਂਗਰਸੀ ਇਹ ਵੀ ਨਹੀਂ ਆਖ ਸਕਦੇ ਕਿ ਕਿਸੇ ਸਿਆਸੀ ਧਿਰ ਨੂੰ ਕਸੂਰਵਾਰ ਨਾ ਆਖਿਆ ਜਾਵੇ ਕਿਉਂਕਿ ਉਨਾਂ ਦਾ ਪ੍ਰਮੁੱਖ ਚੋਣ ਮੁੱਦਾ ਨਸ਼ਿਆਂ ਬਾਬਤ ਬਾਦਲ-ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਕਰਾਰ ਦੇਣ ਹੀ ਸੀ।
ਕਾਂਗਰਸੀਆਂ ਕੋਲ ਹਾਲ ਦੀ ਘੜੀ ਮੁੱਖ ਮੰਤਰੀ ਵੱਲੋਂ ਸਖਤੀ ਕਰਨ ਵਾਲਾ ਬਿਆਨ ਹੱਥ ‘ਚ ਆ ਗਿਆ ਹੈ ਜੀਹਦੇ ਨਾਲ ਉਹ ਕੁਝ ਵਕਤ ਟਪਾ ਲੈਣਗੇ। ਪਰ ਜੇ ਮੁੱਖ ਮੰਤਰੀ ਦਾ ਬਿਆਨ ਹਕੀਕਤ ‘ਚ ਨਾ ਬਦਲਿਆ ਤਾਂ ਕਾਂਗਰਸੀ ਹੋਰ ਕੀ ਆਖਣਗੇ? ਕੁੱਲ੍ਹ ਮਿਲਾਕੇ ਪੰਜਾਬ ਦੀਆਂ ਦੋ ਮੁੱਖ ਸਿਆਸੀ ਧਿਰਾਂ ਕੋਲ ਇਸ ਮੁੱਖ ਮੁੱਦੇ ‘ਤੇ ਬੋਲਣ ਬਾਰੇ ਅਜਿਹਾ ਕੁੱਝ ਵੀ ਨਹੀਂ ਜੀਹਦੇ ਨਾਲ ਲੋਕ ਮਾੜਾ ਮੋਟਾ ਵੀ ਕਾਇਲ ਹੋ ਜਾਣ।
ਜਦੋਂ ਕਿਸੇ ਵੱਡੇ ਮੁੱਦੇ ‘ਤੇ ਲੋਕ ਮੁੱਖ ਸਿਆਸੀ ਧਿਰਾਂ ਤੋਂ ਨਿਰਾਸ਼ ਹੋ ਜਾਣ ਤਾਂ ਅਜਿਹੀ ਸੂਰਤੇ-ਹਾਲ ਨੂੰ ਸਿਆਸੀ ਖਲਾਅ (ਪੁਲੀਟੀਕਲ ਵੈਕਿਉੂਮ) ਦੀ ਹਾਲਤ ਆਖਿਆ ਜਾਂਦਾ ਹੈ। ਹੁਣ ਇਹ ਸਵਾਲ ਭਵਿੱਖ ਕੋਲ ਹੀ ਹੈ ਕਿ ਇਸ ਖਾਲੀ ਥਾਂ ਨੂੰ ਕੋਈ ਨਵੀਂ ਧਿਰ ਭਰਦੀ ਹੈ ਜਾਂ ਪੁਰਾਣੀਆਂ ਧਿਰਾਂ ਹੀ ਫੇਰ ਮੈਦਾਨ ‘ਚ ਹੋਣਗੀਆਂ?