ਸਰਕਾਰ ਲਗਾਤਾਰ ਕਹਿ ਰਹੀ ਹੈ ਕਿ ਜਨਤਾ ਦੇਸ ‘ਤੇ ਮਾਣ ਕਰੇ, ਉਮੀਦ ਹੈ ਕਿ ਇਸੇ ਫਾਰਮੂਲੇ ਤੋਂ ਲੋਕ ਦੇਸ ਚਲਾਉਣ ਵਾਲਿਆਂ ‘ਤੇ ਵੀ ਮਾਣ ਕਰਨ ਲੱਗਣਗੇ, ਕਿਉਂਕਿ ਦੇਸ, ਸਰਕਾਰ, ਭਾਜਪਾ, ਹਿੰਦੂ ਅਤੇ ਮੋਦੀ ਆਦਿ ਇੱਕ ਹੀ ਤਾਂ ਹਨ।
ਪ੍ਰਧਾਨ ਮੰਤਰੀ ਨੇ ਗੁਜਰਾਤੀ ਗੌਰਵ ਦਾ ਬਿਗੁਲ ਵਜਾਉਂਦੇ ਹੋਇਆਂ ਆਪਣੇ ਜੱਦੀ ਸੂਬੇ ਦੀਆਂ ਚੋਣ ਸਭਾਵਾਂ ਵਿੱਚ ਦੱਸਿਆ ਕਿ ਗੁਜਰਾਤ ਦੇ ਪੁੱਤਰ ਨੇ ਪੂਰੀ ਦੁਨੀਆਂ ਵਿੱਚ ਭਾਰਤ ਦਾ ਡੰਕਾ ਵਜਾ ਦਿੱਤਾ ਹੈ।ਇਸ ਲਈ ਦੇਸ ਤੇ ਮੋਦੀ ‘ਤੇ, ਸਰਕਾਰ ਅਤੇ ਭਾਜਪਾ ‘ਤੇ ਮਾਣ ਕਰਨਾ ਚਾਹੀਦਾ ਹੈ ਅਤੇ ਵੋਟ ਦੇਣ ਨਾਲ ਵੱਧ ਇਸ ਮਾਣ ਨੂੰ ਹੋਰ ਕਿਵੇਂ ਦਿਖਾਇਆ ਜਾ ਸਕਦਾ ਹੈ।
ਜੋ ਲੋਕ ਅਸਹਿਮਤ ਹਨ, ਉਨ੍ਹਾਂ ਨੂੰ ਇਹੀ ਕਿਹਾ ਜਾ ਰਿਹਾ ਹੈ—ਤੁਸੀਂ ਸ਼ਰਮ ਕਰੋ, ਕਿਉਂਕਿ ਹਿੰਦੂ-ਵਿਰੋਧੀ, ਦੇਸ਼ ਵਿਰੋਧੀ, ਕਾਂਗਰਸੀ, ਸੈਕੁਲਰ, ਲਿਬਰਲ, ਵਾਮ ਪੰਥੀ, ਬੁੱਧੀਜੀਵੀ, ਪਾਕਿਸਤਾਨ- ਹਮਾਇਤੀ, ਮੁਸਲਮਾਨ, ਅੱਤਵਾਦੀ ਅਤੇ ਦੇਸਦ੍ਰੋਹੀ ਆਦਿ ਇੱਕ ਹੀ ਤਾਂ ਹਨ।ਕੁਝ ਅਜਿਹੇ ਲੋਕ ਅਜਿਹੇ ਢੀਠ ਹਨ ਕਿ ਉਨ੍ਹਾਂ ਨੂੰ ਸ਼ਰਮ ਕਰਨ ਲਈ ਕਿਹਾ ਜਾਂਦਾ ਹੈ ਪਰ ਉਹ ਚਿੰਤਾ ਕਰਨ ਲੱਗਦੇ ਹਨ, ਕਦੇ ਸੰਵਿਧਾਨ ਦੀ, ਕਦੇ ਲੋਕਰਾਜ ਦੀ, ਕਦੇ ਸੰਸਦ ਦੀ, ਕਦੇ ਸੰਸਥਾਨਾਂ ਦੀ, ਕਦੇ ਦਲਿਤਾਂ, ਆਦੀਵਾਸੀਆਂ, ਔਰਤਾਂ ਅਤੇ ਮੁਸਲਮਾਨਾਂ ਦੀ, ਕਦੇ ਕਿਸਾਨਾਂ ਤੇ ਮਜ਼ਦੂਰਾਂ ਦੀ।
ਚਿੰਤਾ ਕਰਨ ਵਾਲਿਆਂ ਦੀ ਚਿੰਤਾ ਨਹੀਂ
ਕੁਝ ਲੋਕਾਂ ਦਾ ਵਾਰ-ਵਾਰ ਚਿੰਤਾ ਕਰਨਾ ਸਰਕਾਰ ਨੂੰ ਕਦੇ-ਕਦੇ, ਥੋੜ੍ਹਾ-ਬਹੁਤ ਚਿੰਤਿਤ ਕਰਦਾ ਹੈ, ਕਿਉਂਕਿ ਚਿੰਤਾ ਕਰਨ ਵਾਲੇ ਮਾਣ ਕਰਨ ਵਾਲਿਆਂ ਨੂੰ ਭਟਕਾਉਂਦੇ ਹਨ ਅਤੇ ਨਕਾਰਾਤਮਕਤਾ ਫੈਲਾ ਦਿੰਦੇ ਹਨ।ਇਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਜਾਏ ਤਾਂ ਜੋ ਪੂਰਾ ਦੇਸ ਬਿਨਾਂ ਰੁਕਾਵਟ ਦੇ ਮਾਣ ਕਰ ਸਕੇ।ਉੰਝ ਤਾਂ ਸਰਕਾਰ ਦੀ ਪ੍ਰਾਥਮਿਕਤਾ ਸਾਫ਼ ਹੈ, ਉਹ ਚਿੰਤਾ ਕਰਨ ਵਲਿਆਂ ਦੀ ਚਿੰਤਾ ਨਹੀਂ ਕਰਦੀ, ਪਰ ਮਾਣ ਕਰਨ ਵਾਲੇ ਜਦੋਂ ਚਿੰਤਾ ਕਰਦੇ ਹਨ ਤਾਂ ਸਰਕਾਰ ਨੂੰ ਤਾਂ ਉਨ੍ਹਾਂ ਤੋਂ ਵੀ ਗਹਿਰੀ ਚਿੰਤਾ ਹੁੰਦੀ ਹੈ।
ਜਿਵੇਂ ਕੀ ਰਾਣੀ ਪਦਮਾਵਤੀ ਦਾ ਸਨਮਾਨ ਬਚਾਉਣ ਦੇ ਲਈ ਚਿੰਤਿਤ ਹੋਏ ਲੋਕਾਂ ਦਾ ਤਲਵਾਰ ਕੱਢਣਾ।ਸਰਕਾਰ ਫੌਰਨ ਹਰਕਤ ਵਿੱਚ ਆਈ ਰਾਣੀ ਪਦਮਾਵਤੀ ਨੂੰ ਭਾਰਤ ਮਾਤਾ ਗੌਮਾਤਾ ਅਤੇ ਗੰਗਾ ਮਾਤਾ ਦੇ ਬਰਾਬਰ ਰਾਸ਼ਟਰ ਮਾਤਾ ਦਾ ਦਰਜਾ ਦਿੱਤਾ ਗਿਆ।
ਫਿਲਮ ਨੂੰ ਰਿਲੀਜ਼ ਹੋਣ ਤੋਂ ਪਹਿਲਾਂ ਹੀ ਬੈਨ ਕਰ ਦਿੱਤਾ ਗਿਆ, ਤਾਂ ਜੋ ਜ਼ਰਾ ਵੀ ਚਿੰਤਾ ਵਿੱਚ ਘਿਰੇ ਲੋਕ ਮਾਣ ਕਰਨ ਦੀ ਸਥਿੱਤੀ ਵਿੱਚ ਪਰਤ ਸਕਣ।
ਚਿੰਤਾਮੁਕਤ ਅਤੇ ਮਾਣ ਮਹਿਸੂਸ ਕਰਨ ਵਾਲੇ ਸਮਾਜ ਦੇ ਸੁਪਨੇ ਸੌਖੇ ਨਹੀਂ ਹਨ, ਲੋਕ ਕਦੇ ਚੌਲ-ਚੌਲ ਦੀ ਰਟ ਲਾਉਂਦੀ ਬੱਚੀ ਦੀ ਮਾਂ ਦਾ ਵੀਡੀਓ ਸ਼ੇਅਰ ਕਰਨ ਲੱਗਦੇ ਹਨ ਤਾਂ ਕਦੇ ਬੇਕਸੂਰ ਦੇ ਕਤਲ ਦਾ, ਜਿਸ ਨਾਲ ਮਾਣ ਕਰਨ ਵਿੱਚ ਰੁਕਾਵਟ ਪੈਦਾ ਹੁੰਦੀ ਹੈ।ਸਰਕਾਰ ਬਿਆਨ ਦੇ ਕੇ ਗੱਲ ਵਧਾਉਣ ਦੀ ਥਾਂ, ਚੁੱਪ ਰਹਿ ਕੇ ਸਬਰ ਨਾਲ ਇੰਤਜ਼ਾਰ ਕਰਦੀ ਹੈ ਕਿ ਲੋਕ ਜਲਦੀ ਹੀ ਮਾਣ ਕਰਨ ਵਾਲੀ ਮਨੋਦਸ਼ਾ ਵੱਲ ਪਰਤ ਸਕਣ।
ਮਾਣ ਕਰਨ ਦੀ ਮਾਤਰਾ ਤੈਅ ਹੋਵੇ
ਅਸਲ ਵਿੱਚ ਚਿੰਤਾ ਕਰਨ ਵਾਲੇ ਲੋਕਾਂ ਦਾ ਨਜ਼ਰੀਆ ਹੀ ਗਲਤ ਹੈ, ਜਿਸ ਝਾਰਖੰਡ ਵਿੱਚ ਬੱਚੀ ਆਧਾਰ ਕਾਰਡ ਨਾ ਹੋਣ ਕਰਕੇ ਭੁੱਖ ਨਾਲ ਮਰ ਗਈ ਉਸੇ ਸੂਬੇ ਵਿੱਚ ਗਾਵਾਂ ਦੇ ਲਈ ਐਂਬੁਲੈਂਸ ਸੇਵਾ ਵੀ ਤਾਂ ਸਹੀ ਤਰੀਕੇ ਨਾਲ ਚੱਲ ਰਹੀ ਹੈ, ਗਾਵਾਂ ਦੇ ਲਈ ਵੀ ਤਾਂ ਆਧਾਰ ਕਾਰਡ ਬਣਵਾ ਰਹੀ ਹੈ ਸਰਕਾਰ, ਉਸ ‘ਤੇ ਮਾਣ ਕਰਨਾ ਚਾਹੀਦਾ ਹੈ ਜਾਂ ਨਹੀਂ?
ਮਾਣ ਅਤੇ ਚਿੰਤਾ, ਇਨ੍ਹਾਂ ਦੋਵਾਂ ਵਿੱਚ ਕੀ ਕਰੀਏ, ਕਿਸ ਗੱਲ ‘ਤੇ ਮਾਣ ਕਰੀਏ, ਕਿਸ ਗੱਲ ‘ਤੇ ਚਿੰਤਾ ਕਰੀਏ ਅਤੇ ਕਿੰਨੇ ਪੱਧਰ ‘ਤੇ ਕਰੀਏ, ਇਹ ਹੁਣ ਵੀ ਸਾਫ਼ ਨਹੀਂ ਹੋ ਸਕਿਆ ਹੈ।ਸਰਕਾਰ ਨੂੰ ਇਸ ‘ਤੇ ਸਪਸ਼ਟ ਨੀਤੀ ਬਣਾਉਣੀ ਚਾਹੀਦੀ ਹੈ, ਤਾਂ ਹੀ ਦੇਸ ਇੱਕਜੁਟ ਹੋ ਕੇ ਮਾਣ ਕਰ ਸਕੇਗਾ। ਦੇਸ ਵਿੱਚ ਚਿੰਤਾ ਦਾ ਨੈਗੇਟਿਵ ਮਾਹੌਲ ਬਣਾਉਣ ਵਾਲਿਆਂ ਤੋਂ ਸਖ਼ਤੀ ਨਾਲ ਨਜਿੱਠਣਾ ਚਾਹੀਦਾ ਹੈ।
ਉੱਤਰੀ ਕੋਰੀਆ ਹੈ ਉਦਾਹਰਣ
ਜਿਵੇਂ ਮਾਣ ਕਰਨ ਵਾਲਾ ਸਮਾਜ ਉੱਤਰ ਕੋਰੀਆ ਦਾ ਹੈ ਉਸ ਤਰੀਕੇ ਦਾ ਸਮਾਜ ਕਿਤੇ ਹੋਰ ਨਹੀਂ ਦੇਖਿਆ ਜਾਂਦਾ, ਉਹ ਜਾਣਦੇ ਹਨ ਕਿ ਮਾਣ ਕਿਵੇਂ ਕੀਤਾ ਜਾਂਦਾ ਹੈ।
ਉੱਥੇ ਚਿੰਤਾ ਕਰਨ ਦੀ ਕੋਈ ਗੁੰਜਾਇਸ਼ ਹੀ ਨਹੀਂ ਹੈ, ਸਰਕਾਰ ਦੀ ਨੀਤੀ ਸਾਫ਼ ਹੈ. ਉੱਥੇ ਚਿੰਤਾ ਕਰਨ ਵਾਲਿਆਂ ਨੂੰ ਹਮੇਸ਼ਾ ਦੇ ਲਈ ਚਿੰਤਾ ਮੁਕਤ ਕਰ ਦਿੱਤਾ ਜਾਂਦਾ ਹੈ।
ਉੱਤਰੀ ਕੋਰੀਆ ਨੂੰ ਗੌਰ ਨਾਲ ਵੇਖੋ ਤਾਂ ਸਮਝ ਵਿੱਚ ਆ ਜਾਂਦਾ ਹੈ ਕਿ ਪੂਰਾ ਮਾਣ ਕਰਨ ਅਤੇ ਚਿੰਤਾ ਨਾ ਕਰਨ ਵਿੱਚ ਲੋਕਤੰਤਰ ਇੱਕ ਰੁਕਾਵਟ ਹੈ।
ਸਰਕਾਰ ਨੂੰ ਇਸ ਬਾਰੇ ਵਿੱਚ ਵਿਚਾਰ ਕਰਨਾ ਚਾਹੀਦਾ ਹੈ ਕਿਉਂਕਿ ਲੋਕਤੰਤਰ ਦੇ ਚੱਕਰ ਵਿੱਚ ਬਹੁਤ ਸਾਰੀਆਂ ਮਾਣ ਕਰਨ ਜੋਗੀਆਂ ਗੱਲਾਂ ‘ਤੇ ਵੀ ਫਿਕਰਮੰਦ ਲੋਕ ਸਵਾਲ ਚੁੱਕ ਦਿੰਦੇ ਹਨ ਜਿਸ ਨਾਲ ਮਾਣ ਕਰਨ ਵਾਲਿਆਂ ਦਾ ਮਜ਼ਾ ਖਰਾਬ ਹੋ ਜਾਂਦਾ ਹੈ।ਲੋਕ ਚਿੰਤਾ ਕਰਨ ਤੋਂ ਬਾਜ਼ ਨਹੀਂ ਆਉਣਗੇ ਇਸ ਲਈ ਸਰਕਾਰ ਨੂੰ ਇੱਕ ਸੂਚੀ ਜਾਰੀ ਕਰਨੀ ਚਾਹੀਦੀ ਹੈ ਕਿ ਚਿੰਤਾ ਕਰਨਾ ਹੋਏ ਤਾਂ ਇੰਨ੍ਹਾਂ ਵਿਸ਼ਿਆਂ ‘ਤੇ ਕਰ ਲੈਣ।
ਜਿਵੇਂ ਗਾਂਧੀ ਦੇ ਪਰਿਵਾਰ ਦਾ ਵੰਸ਼ਵਾਦ, ਕਾਂਗਰਸ, ਲਾਲੂ, ਮੁਲਾਇਮ, ਮਾਇਆਵਤੀ ਦਾ ਭ੍ਰਿਸ਼ਟਾਚਾਰ, ਪਾਕਿਸਤਾਨ, ਅੱਤਵਾਦ, ਮੁਸਲਮਾਨਾਂ ਦੀ ਵੱਧਦੀ ਆਬਾਦੀ ਅਤੇ ਕੱਟਰਵਾਦ, ਲਵ ਜਿਹਾਦ, ਸਕੂਲਾਂ ਵਿੱਚ ਪੜ੍ਹਾਇਆ ਜਾਣ ਵਾਲ ਗਲਤ ਇਤਿਹਾਸ, ਹਿੰਦੂ ਕਿਰਦਾਰਾਂ ਦਾ ਗਲਤ ਚਿੱਤਰਨ ਅਤੇ ਕੇਰਲ-ਬੰਗਾਲ( ਜਦੋਂ ਤੱਕ ਸਰਕਾਰ ਨਹੀਂ ਬਦਲੀ ਜਾਂਦੀ ਉਸੇ ਵਕਤ ਤੱਕ) ਦੇ ਹਾਲਾਤ ਆਦਿ।
ਜੰਮੂ ਕਸ਼ਮੀਰ ਇੱਕ ਅਪਵਾਦ ਹੈ, ਜਿੱਥੇ ਮਾਣ ਕਰਨ ਵਾਲੇ ਸਰਕਾਰ ਵਿੱਚ ਸਾਂਝੇਦਾਰ ਹਨ ਅਤੇ ਚਿੰਤਾ ਕਰਨ ਵਾਲੇ ਮੁਸਲਮਾਨ ਬਹੁ-ਗਿਣਤੀ ਵਿੱਚ ਹਨ।ਇਸਲਈ ਉੱਥੇ ਮਾਣ ਨਾਲ ਪੈਲੇਟ ਗਨ ਚਲਾਈ ਜਾਂਦੀ ਹੈ ਅਤੇ ਉਸ ਤੋਂ ਜ਼ਖ਼ਮੀ ਹੋਏ ਨੌਜਵਾਨਾਂ ਦੇ ਲਈ ਏਮਸ ਤੋਂ ਮਾਹਿਰ ਭੇਜੇ ਜਾਂਦੇ ਹਨ।ਚਿੰਤਾ ਕਰਨ ਵਾਲਿਆਂ ਨੇ ਕਦੇ ਕਸ਼ਮੀਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਮਣੀਸ਼ੰਕਰ ਅੱਈਰ ਨੂੰ ਤਾਂ ਦੇਸ਼ਦ੍ਰੋਹੀ ਦਾ ਤਮਗਾ ਵੀ ਮਿਲਿਆ, ਯਸ਼ਵੰਤ ਸਿਨਹਾ ਨੂੰ ਪੁਰਾਣੇ ਰਿਸ਼ਤਿਆਂ ਨੇ ਬਚਾ ਲਿਆ।
ਮਾਣ ਕਰਨ ਵਾਲਿਆਂ ਨੇ ਹੁਣ ਇੰਟੈਲੀਜੈਂਸ ਬਿਊਰੋ ਦੇ ਸਾਬਕਾ ਮੁਖੀ ਨੂੰ ਆਪਣੀ ਚਿੰਤਾ ਸੌਂਪ ਦਿੱਤੀ ਹੈ।
ਗੋਬਰ ਦੇ ਜ਼ਰੀਏ ਅਰਬ ਦੇਸਾਂ ਨੂੰ ਪਛਾਣਗੇ
ਗਰੀਬੀ, ਬੇਰੁਜ਼ਗਾਰੀ, ਭੁੱਖਮਰੀ, ਕਿਸਾਨਾਂ ਦੇ ਬੁਰੇ ਹਾਲਾਤ ‘ਤੇ ਚਿੰਤਾ ਪ੍ਰਗਟ ਕਰਨ ਵਾਲਿਆਂ ਨੂੰ ਕੌਮੀ ਪੱਧਰ ਦੇ ਪ੍ਰਚਾਰ ਜ਼ਰੀਏ ਦੱਸਣਾ ਚਾਹੀਦਾ ਹੈ ਕਿ ਉਹ ਭਾਰਤ ਦੇ ਅਰਬਪਤੀਆਂ ‘ਤੇ ਮਾਣ ਕਰਨ ਤਾਂ ਜੋ ਉਨ੍ਹਾਂ ਤੋਂ ਪ੍ਰੇਰਣਾ ਲੈ ਸਕਣ ਕਿ ਕਿਵੇਂ ਇਨ੍ਹਾਂ ਲੋਕਾਂ ਨੇ ਆਪਣੀ ਕਰੜੀ ਮਿਹਨਤ ਨਾਲ ਅਮੀਰੀ ਦੇ ਮਾਮਲੇ ਵਿੱਚ ਦੁਨੀਆਂ ਦੇ ਵੱਡੇ-ਵੱਡੇ ਲੋਕਾਂ ਨਾਲ ਬਰਾਬਰੀ ਕੀਤੀ ਹੈ।ਦਲਿਤਾਂ ਦੀ ਗੱਲ ਕਰਨ ਵਾਲੇ ਜਾਤੀਵਾਦੀ ਹਨ ਅਤੇ ਆਦਿਵਾਸੀਆਂ ਦੀ ਗੱਲ ਕਰਨ ਵਾਲੇ ਮਾਓਵਾਦੀ ਇਸ ਲਈ ਉਨ੍ਹਾਂ ‘ਤੇ ਧਿਆਨ ਦੇਣ ਦੀ ਲੋੜ ਨਹੀਂ ਹੈ।
ਮੁਸਲਮਾਨਾਂ ਦੀ ਚਿੰਤਾ ਜਿੰਨ੍ਹਾਂ ਲੋਕਾਂ ਨੂੰ ਹੈ ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਕਿ ਰੋਹਿੰਗਿਆ ਮੁਸਲਮਾਨਾਂ ਤੋਂ ਕਿੰਨੇ ਬੇਹਤਰ ਹਾਲ ਵਿੱਚ ਭਾਰਤ ਦੇ ਮੁਸਲਮਾਨ ਹਨ।
ਵਿਗਿਆਨ ਦੇ ਖੇਤਰ ਵਿੱਚ ਪੁਸ਼ਪਕ ਵਿਮਾਨ ‘ਤੇ ਰਿਸਰਚ ਹੋ ਰਹੀ ਹੈ, ਮੈਡੀਕਲ ਖੇਤਰ ਵਿੱਚ ਗੋਮੂਤਰ ‘ਤੇ ਕਾਫੀ ਸ਼ੋਧ ਜਾਰੀ ਹੈ।ਊਰਜਾ ਦੇ ਖੇਤਰ ਵਿੱਚ ਭਾਰਤ ਗੋਬਰ ਜ਼ਰੀਏ ਅਰਬ ਦੇਸਾਂ ਨੂੰ ਪਿੱਛੇ ਛੱਡ ਦੇਵੇਗਾ. ਉਦਯੋਗ ਦੇ ਮਾਮਲੇ ਵਿੱਚ ਬਾਬਾ ਦੇ ਆਯੁਰਵੇਦਿਕ ਉਤਪਾਦ ਵਿਦੇਸ਼ੀ ਕੰਪਨੀਆਂ ਦੀ ਬੈਂਡ ਬਜਾ ਰਹੇ ਹਨ।ਰੱਖਿਆ ਦੇ ਖੇਤਰ ਵਿੱਚ ਰਫ਼ਾਇਲ ਹਵਾਈ ਜਹਾਜ਼ਾਂ ‘ਤੇ ਪੂਰਾ ਰਿਲਾਈਂਸ ਹੈ, ਸਿੱਖਿਆ ਦੇ ਖੇਤਰ ਵਿੱਚ ਹਰ ਯੂਨੀਵਰਸਿਟੀ ਵਿੱਚ ਰਾਸ਼ਟਰਵਾਦ ‘ਤੇ ਗਹਿਰਾ ਸ਼ੋਧ ਹੋ ਰਿਹਾ ਹੈ, ਵਿਦੇਸ਼ ਨੀਤੀ ਦੇਖੋ ਤਾਂ ਕਿਹੜਾ ਦੇਸ ਹੈ ਜਿਸਦਾ ਪੀਐੱਮ-ਰਾਸ਼ਟਰਪਤੀ ਮੋਦੀ ਜੀ ਦੇ ਗੱਲ ਨਹੀਂ ਲੱਗਦਾ।
ਇਸ ਤਰ੍ਹਾਂ ਤਰਕ ਦੀ ਨਜ਼ਰ ਨਾਲ ਦੇਖੋ ਤਾਂ ਭਾਰਤ ਵਿੱਚ ਸਭ ਕੁਝ ਮਾਣ ਲਾਇਕ ਹੈ ਜੋ ਮਾਣ ਕਰਨ ਲਾਇਕ ਨਹੀਂ ਹੈ ਉਸ ਨੂੰ ਜਿੰਨੀ ਛੇਤੀ ਹੋ ਸਕੇ ਬਦਲਿਆ ਜਾਣਾ ਚਾਹੀਦਾ ਹੈ।ਇਸੇ ਦਿਸ਼ਾ ਵਿੱਚ ਰਾਜਸਥਾਨ ਸਰਕਾਰ ਨੇ ਮਿਸਾਲ ਕਾਇਮ ਕੀਤੀ ਹੈ, ਮਹਾਰਾਣਾ ਪ੍ਰਤਾਪ ‘ਤੇ ਮਾਣ ਕਰੀਏ ਜਿੰਨ੍ਹਾਂ ਨੇ ਕਦੇ ਹਾਰ ਨਹੀਂ ਮੰਨੀ, ਨਹੀਂ ਤਾਂ ਸਰਕਾਰ ‘ਤੇ ਹੀ ਮਾਣ ਕਰ ਲਓ ਜਿੰਨ੍ਹਾਂ ਨੇ ਉੰਨ੍ਹਾਂ ਨੂੰ ਬੈਕਡੇਟ ਵਿੱਚ ਜਿੱਤਾ ਦਿੱਤਾ, ਬੱਸ ਮਾਣ ਕਰੋ।
ਸਵੈਟ ਮਾਰਡੇਨ ਦੀ ਇੱਕ ਸਦਾਬਹਾਰ ਬੈਸਟਸੈਲਰ ਹੈ ਜੋ ਹਰ ਰੇਲਵੇ ਸਟੇਸ਼ਨ ‘ਤੇ ਪਿਛਲੇ ਚਾਲੀ ਸਾਲਾਂ ਤੋਂ ਵਿਕ ਰਹੀ ਹੈ—ਚਿੰਤਾ ਛੱਡੋ, ਸੁੱਖ ਨਾਲ ਜੀਓ—ਉਸਦਾ ਇੱਕ ਰਿਵਾਈਜ਼ਡ ਵਰਜ਼ਨ ਭਾਰਤ ਦੇ ਹਰ ਕੋਰਸ ਵਿੱਚ ਜ਼ਰੂਰੀ ਹੋਣਾ ਚਾਹੀਦਾ ਹੈ—ਚਿੰਤਾ ਛੱਡੋ ਮਾਣ ਕਰੋ।